ਜੇਕਰ ਪੰਜਾਬ ’ਚ ਆਸ਼ਾ ਕੁਮਾਰੀ ਨੂੰ ਮੇਰੀ ਨਹੀਂ ਲੋੜ ਤਾਂ ਉਨ੍ਹਾਂ ਦਾ ਹੁਕਮ ਸਿਰ ਮੱਥੇ: ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਪੰਜਾਬ ’ਚ ਜਿਤਾਉਣਗੇ 13 ਸੀਟਾਂ ਤੇ ਆਸ਼ਾ ਕੁਮਾਰੀ ਇਥੇ ਸਟਾਰ ਪ੍ਰਚਾਰਕ- ਸਿੱਧੂ

Navjot Singh interview on Spokesman tv

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ‘ਸਪੋਕਸਮੈਨ ਟੀਵੀ’ ਦੇ ਸੀਨੀਅਰ ਪੱਤਰਕਾਰ ਨੀਲ ਭਲਿੰਦਰ ਸਿੰਘ ਨਾਲ ਇਕ ਖ਼ਾਸ ਇੰਟਰਵਿਊ ਦੌਰਾਨ ਪੰਜਾਬ ਦੀ ਸਿਆਸਤ ਅਤੇ ਅਪਣੀ ਪਾਰਟੀ ਸਬੰਧੀ ਕੁਝ ਅਹਿਮ ਤੱਥਾਂ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਪੁੱਛੇ ਗਏ ਅਹਿਮ ਸਵਾਲਾਂ ਦੇ ਜਵਾਬ ਕੁਝ ਇਸ ਤਰ੍ਹਾਂ ਹਨ।

ਸਵਾਲ: ਤੁਸੀਂ ਚੰਡੀਗੜ੍ਹ ਤੋਂ ਅਮੇਠੀ ਆਏ ਸੀ ਤੇ ਹੁਣ ਚੰਡੀਗੜ੍ਹ ਹੀ ਵਾਪਸ ਚੱਲੇ ਹੋ ਤੇ ਪੰਜਾਬ ਕਿਉਂ ਨਹੀਂ ਜਾ ਰਹੇ? ਸੰਨੀ ਦਿਓਲ ਪੰਜਾਬ ਪਹੁੰਚ ਗਏ ਨੇ ਤੇ ਉਨ੍ਹਾਂ ਨੇ ਉੱਥੇ ਹੱਥਾਂ-ਪੈਰਾਂ ਦੀ ਪਾ ਦਿਤੀ ਹੈ?

ਜਵਾਬ: ਦੇਖੋ, ਜਦੋਂ ਕੈਪਟਨ ਸਾਬ੍ਹ ਵਰਗੇ ਸੀਨੀਅਰ, ਤਜ਼ਰਬੇਕਾਰ ਮੁੱਖ ਮੰਤਰੀ, ਜਿੰਨ੍ਹਾਂ ਨੇ ਕਾਂਗਰਸ ਦੇ ਰੀਵਾਈਵਲ ਦੀ ਸ਼ੁਰੂਆਤ ਕੀਤੀ ਹੋਵੇ, ਜਦੋਂ ਉਹ ਇੰਨੇ ਭਰੋਸੇਮੰਦ (Confident) ਹੋਣ ਤੇ ਬਾਕੀ ਸਾਰੀਆਂ ਥਾਵਾਂ ਉਤੇ ਇੰਨੀ ਮੰਗ ਹੋਵੇ ਕਾਂਗਰਸ ਹਾਈਕਮਾਂਡ ਨੂੰ, ਤੇ ਹਾਈਕਮਾਂਡ ਇਹ ਕਹਿ ਰਹੀ ਹੋਵੇ ਕਿ ਇੱਥੇ ਜਾਓ, ਉੱਥੇ ਜਾਓ। ਦੇਖੋ ਇਹ ਬਹੁਤ ਵੱਡਾ ਸਨਮਾਨ ਹੈ। ਇੱਥੇ ਬਾਹਰੋ ਕੋਈ ਕੰਪੇਨਰ ਨਹੀਂ ਆਉਂਦਾ। ਕਦੇ ਸੋਨੀਆ ਜੀ ਕਦੇ ਪ੍ਰਿਅੰਕਾ ਜੀ ਤੇ ਕਦੇ ਰਾਹੁਲ ਜੀ ਕੰਪੇਨ ਕਰਦੇ ਹਨ। 

ਇਸੇ ਤਰ੍ਹਾਂ ਰਾਹੁਲ ਜੀ ਦੇ ਆਫ਼ਿਸ ਤੋਂ, ਅਹਿਮਦ ਪਟੇਲ ਜੀ ਦੇ ਆਫ਼ਿਸ ਤੋਂ ਇਹ ਕੰਪੇਨ ਚੱਲਦੀ ਹੈ ਜਿਸ ਵਿਚ ਪ੍ਰਿਅੰਕਾ ਜੀ ਦੱਸਦੇ ਹਨ ਕਿ ਇਸ ਜਗ੍ਹਾ ’ਤੇ ਜਾਣਾ ਹੈ। ਦੇਖੋ, ਕਾਂਗਰਸ ਹਾਈਕਮਾਂਡ ਦਾ ਹੁਕਮ ਸਿਰ ਮੱਥੇ ਹੈ।

ਜਦੋਂ ਪੰਜਾਬ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਭਰੋਸਾ ਹੈ, ਹਾਲਾਂਕਿ ਸੰਨੀ ਦਿਓਲ ਜੀ ਦੇ ਆਉਣ ਨਾਲ ਵਿਰੋਧੀਆਂ ਦਾ ਇਕ ਮਾਹੌਲ ਬਣਦਾ ਹੈ, ਇਸ ਨੂੰ ਤੁਸੀਂ ਮਨ੍ਹਾ ਨਹੀਂ ਕਰ ਸਕਦੇ, ਭਾਵੇਂ ਤੁਸੀਂ ਜੋ ਮਰਜ਼ੀ ਕਹਿ ਲਵੋ ਪਰ ਮੁੱਖ ਮੰਤਰੀ ਜੀ ਕੋਲ ਕਾਊਂਟਰ ਕਰਨ ਲਈ 100 ਚੀਜ਼ਾਂ ਹਨ ਤੇ ਉਪਰੋਂ ਆਸ਼ਾ ਕੁਮਾਰੀ ਜੀ ਨੇ ਵੀ ਕਿਹਾ ਹੈ ਕਿ ਉਨ੍ਹਾਂ ਦੀ ਪੰਜਾਬ ਵਿਚ ਬਹੁਤ ਡਿਮਾਂਡ ਹੈ।

ਸਵਾਲ: ਪਤਾ ਲੱਗਿਆ ਹੈ ਕਿ ਆਸ਼ਾ ਕੁਮਾਰੀ ਜੀ ਨੇ ਇਹ ਵੀ ਕਿਹਾ ਹੈ ਕਿ ਨਵਜੋਤ ਸਿੱਧੂ ਦੀ ਪੰਜਾਬ ਵਿਚ ਲੋੜ ਨਹੀਂ ਹੈ?

ਜਵਾਬ: ਚਲੋ, ਚੰਗੀ ਗੱਲ ਹੈ ਇਹ ਤਾਂ। ਉਹ ਸੈਕਟਰੀ ਸਾਬ੍ਹ ਨੇ ਅਸੀਂ ਤਾਂ ਉਨ੍ਹਾਂ ਦੀ ਗੱਲ ਨੂੰ ਮੰਨਣਾ ਹੈ। ਜੇ ਉਨ੍ਹਾਂ ਨੂੰ ਨਹੀਂ ਲੋੜ ਤਾਂ ਉਹ ਵੀ ਸਿਰ ਮੱਥੇ ਹੈ।

ਸਵਾਲ: ਭਾਜਪਾ ਨੇ ਤੁਹਾਡੇ ਵਿਰੁਧ ਸ਼ਿਕਾਇਤ ਕੀਤੀ ਸੀ ਮੁਸਲਮਾਨ ਵੋਟਰਾਂ ਨੂੰ ਭਰਮਾਉਣ ਨੂੰ ਲੈ ਕੇ ਤੇ ਅੱਜ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੇ ਹਵਾਲੇ ਨਾਲ ਉਨ੍ਹਾਂ ਨੂੰ ਝੂਠਾ ਕਿਹਾ ਹੈ?

ਜਵਾਬ: ਇਹ ਕਿੱਡੀ ਕੁ ਵੱਡੀ ਗੱਲ ਹੈ। ਸਾਰਾ ਦੇਸ਼ ਝੂਠਾ ਕਹਿ ਰਿਹਾ ਹੈ, ਹੋਰ ਮੈਂ ਕੀ ਕਹਾਂਗਾ ਕਿ ਰਾਜਾ ਹਰੀਸ਼ ਚੰਦਰ ਹਨ ਉਹ। 365 ਵਾਅਦੇ ਕੀਤੇ ਉਹ ਝੂਠ, 15 ਲੱਖ ਜੇਬ੍ਹ ’ਚ ਪਾਉਂਗਾ ਉਹ ਝੂਠ, ਕਾਲ ਧਨ 90 ਲੱਖ ਕਰੋੜ ਵਿਦੇਸ਼ਾਂ ’ਚੋਂ ਲਿਆਉਂਗਾ ਉਹ ਝੂਠ। ਅੱਜ ਇੱਕੋ ਦਮ ਮੁਕਰ ਕੇ ਕਹਿਣ ਕਿ ਇਹ ਜੁਮਲਾ ਸੀ, ਇਹ ਤਾਂ ਫਿਰ ਵਾਅਦਿਆਂ ਤੋਂ ਮੁਕਰਨਾ ਹੋਇਆ।

ਜੇ ਲੋਕਤੰਤਰ ਵਿਚ ਸਾਨੂੰ ਇਹ ਹੱਕ ਨਹੀਂ ਪ੍ਰਧਾਨ ਮੰਤਰੀ ਨੂੰ ਕਹਿਣ ਦਾ ਕਿ ਤੂੰ ਝੂਠਾ ਹੈ ਤਾਂ ਫਿਰ ਕੀ ਕਰੀਏ, ਮੂੰਹ ਨੂੰ ਟੇਪ ਲਗਾ ਲਈਏ। ਜਿਹੜਾ ਇਨ੍ਹਾਂ ਦੇ ਵਿਰੁਧ ਬੋਲੇ ਉਹ ਦੇਸ਼ ਵਿਰੋਧੀ ਹੈ, ਇੰਨ੍ਹਾਂ ਲੋਕਤੰਤਰ ਨੂੰ ਡੰਡਾਤੰਤਰ ਬਣਾ ਕੇ ਅਪਣੇ ਪਾਵੇ ਨਾਲ ਬੰਨ ਲਿਆ ਹੈ। ਮੋਦੀ ਆਇਆ ਹੈ ਤਾਂ ਦੇਸ਼ ਦਾ ਕਿਸਾਨ ਖ਼ਤਮ, ਮਜ਼ਦੂਰ ਖ਼ਤਮ, ਦੇਸ਼ ਦਾ ਨੌਜਵਾਨ ਖ਼ਤਮ, ਮੀਡੀਆ ਖ਼ਤਮ, ਵਪਾਰ ਖ਼ਤਮ, ਰੁਜ਼ਗਾਰ ਖ਼ਤਮ, ਆਮ ਆਦਮੀ ਤਾਂ ਬਿਲਕੁਲ ਹੀ ਖ਼ਤਮ, ਇਸ ਲਈ ਹੁਣ ਜੇਕਰ ਮੋਦੀ ਆਇਆ ਤਾਂ ਹਿੰਦੁਸਤਾਨ ਖ਼ਤਮ। ਇਸ ਲਈ ਮੈਂ ਭਾਜਪਾ ਦੀ ਅਲੋਚਨਾ ਕਰਦਾ ਹਾਂ ਤਾਂ ਜੋ ਆਉਣ ਵਾਲੀਆਂ ਪੀੜੀਆਂ ਇਹ ਨਾ ਕਹਿਣ ਕਿ ਜਦੋਂ ਦੇਸ਼ ਬਰਬਾਦ ਹੋ ਰਿਹਾ ਸੀ ਤਾਂ ਸਿੱਧੂ ਤਮਾਸ਼ਾ ਦੇਖ ਰਿਹਾ ਸੀ।

ਸਵਾਲ: ਤੁਹਾਡੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲੀ ਤੇ ਤੁਸੀਂ ਪਵਨ ਬਾਂਸਲ ਲਈ ਪ੍ਰਚਾਰ ਕਰ ਰਹੇ ਹੋ ਇਹ ਕਿਸ ਤਰ੍ਹਾਂ ਦੀ ਰਾਜਨੀਤੀ ਹੈ? ਤੁਸੀਂ ਕਾਂਗਰਸ ਹਾਈਕਮਾਂਡ ਦੇ ਇੰਨਾ ਨੇੜੇ ਹੋ ਫਿਰ ਵੀ ਤੁਸੀਂ ਅਪਣੀ ਪਤਨੀ ਲਈ ਟਿਕਟ ਨਹੀਂ ਲੈ ਸਕੇ?

ਜਵਾਬ: ਸਿੱਧੂ ਨੇ ਟਿਕਟ ਮੰਗੀ ਹੀ ਨਹੀਂ। ਸਿੱਧੂ ਨੇ ਤਾਂ ਕਦੇ ਵੋਟ ਨਹੀਂ ਮੰਗੀ। ਮੈਂ ਸਿਰਫ਼ ਕੋਸ਼ਿਸ਼ ਕਰਨ ਆਇਆ ਹਾਂ। ਮੈਂ ਕੋਈ ਸੌਦੇਬਾਜ਼ ਨਹੀਂ ਹਾਂ ਮੈਂ ਸਿਰਫ਼ ਇੰਨਾ ਕਹਿੰਦਾ ਹਾਂ ਕਿ ਮੈਨੂੰ ਅਪਣਾ ਬਣਾ ਲਓ। ਜਦੋਂ ਤੁਸੀਂ ਸੌਦੇਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਨੂੰ ਆਤਮਾ ਦੀ ਆਵਾਜ਼ ਦੱਸਦੇ ਹੋ ਤਾਂ ਫਿਰ ਲੋਕ ਜੁੜਦੇ ਹਨ। ਤੇ ਇੱਥੇ ਅਪਣਾ ਹੀ ਨਹੀਂ ਬਣਾਇਆ ਸਗੋਂ ਪਰਵਾਰ ਦਾ ਮੈਂਬਰ ਬਣਾ ਕੇ 5 ਵਾਰ ਚੋਣਾਂ ਜਿਤਾਈਆਂ, ਚਾਰ ਵਾਰ ਐਮ.ਪੀ. ਇਕ ਵਾਰ ਮੰਤਰੀ।   

ਸਵਾਲ: ਸਿੱਧੂ ਦਾ ਪੰਜਾਬ ਕਾਂਗਰਸ ਵਿਚ ਕੀ ਭਵਿੱਖ ਹੈ?

ਜਵਾਬ: ਮੇਰੇ ਮਾਂ-ਪਿਓ ਨਹੀਂ ਹਨ ਤੇ ਮੈਂ ਜਦੋਂ ਪੰਜਾਬ ਆਉਂਦਾ ਹਾਂ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਮੈਂ ਅਪਣੀ ਮਾਂ ਦੀ ਹਿੱਕ ਨਾਲ ਲੱਗ ਗਿਆ। ਫਿਰ ਇਹੋ ਜਿਹੀ ਥਾਂ ਬਦਲੇ ਕੁਝ ਮੰਗਿਆ ਨਹੀਂ ਜਾਂਦਾ, ਸਿਰਫ਼ ਇਹ ਸੋਚਦਾ ਹਾਂ ਕਿ ਪੰਜਾਬ ਲਈ ਕਰ ਕੀ ਸਕਦਾ ਹਾਂ। ਲੋਕ ਅੱਜ ਬਹੁਤ ਮਾਯੂਸ ਹਨ। ਲੋਕ ਇਹ ਸੋਚਦੇ ਹਨ ਕਿ ਨੌਜਵਾਨ ਪੰਜਾਬ ਛੱਡ ਕੇ ਬਾਹਰ ਕਿਉਂ ਜਾ ਰਿਹਾ ਹੈ, ਅੱਜ ਪੰਜਾਬ ਇੰਨਾ ਖ਼ੁਸ਼ਹਾਲ ਕਿਉਂ ਨਹੀਂ ਰਹਿ ਗਿਆ, ਅੱਜ ਪੰਜਾਬ ਦੇ ਸਿਰ ’ਤੇ ਕਈ ਲੱਖ ਕਰੋੜਾਂ ਦਾ ਕਰਜ਼ਾ ਹੈ, ਪੰਜਾਬ ਵਿਚ ਉਦਯੋਗ ਇੰਨਾ ਵੱਡਾ ਕਿਉਂ ਨਹੀਂ। ਇਹ ਸਵਾਲ ਹਨ। ਕਦੋਂ ਪੰਜਾਬ ਇਸ ਸਥਿਤੀ ਵਿਚੋਂ ਉੱਠੇਗਾ ਤੇ ਕਦੋਂ ਪੰਜਾਬ ਉਹ ਪੰਜਾਬ ਬਣੇਗਾ ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਸੀ। ਉਹ ਅਣਖੀਲਾ ਪੰਜਾਬ ਜਗਾਉਣਾ ਬਹੁਤ ਜ਼ਰੂਰੀ ਹੈ ਤੇ ਉਹ ਪੰਜਾਬ ਜਗਾਉਣ ਲਈ ਨਵਜੋਤ ਸਿੰਘ ਸਿੱਧੂ ਅੱਡੀ-ਚੋਟੀ ਦਾ ਜ਼ੋਰ ਨਹੀਂ ਲਾਉਂਗਾ ਤਾਂ ਇਹ ਸਮਝ ਲੈਣਾ ਕਿ ਮੈਂ ਪੰਜਾਬ ਦਾ, ਇਸ ਮਿੱਟੀ ਦਾ ਰਿਣ ਨਹੀਂ ਲਾਹਿਆ।

ਸਵਾਲ: ਪੰਜਾਬ ਬਚਾਉਣ ਲਈ ਤੁਹਾਨੂੰ ਅਪਣੀ ਪੰਜਾਬ ਕਾਂਗਰਸ ਪਾਰਟੀ ਬਚਾਉਣੀ ਪਵੇਗੀ। ਕੁਝ ਕੁ ਪੰਜਾਬ ਕਾਂਗਰਸ ਆਗੂਆਂ ਨਾਲ ਵਖਰੇਵੇਂ ਹੋਣ ਕਰਕੇ ਇਕ ਦੂਜੇ ਵੱਲ ਪਿੱਠ ਕਰਕੇ ਬੈਠੇ ਰਹੋਗੇ ਤਾਂ ਪੰਜਾਬ ਕਿਵੇਂ ਬਚੇਗਾ?

ਜਵਾਬ: ਜਦੋਂ ਤੋਂ ਮੈਂ ਕਾਂਗਰਸ ਵਿਚ ਆਇਆ ਤਾਂ ਮੈਂ ਕਦੇ ਕਿਸੇ ਬਾਰੇ ਵਿਅੰਗ ਨਹੀਂ ਕੀਤਾ। ਮੇਰੀ ਦੁਸ਼ਣਬਾਜੀ ਹਮੇਸ਼ਾ ਵਿਰੋਧੀ ਪਾਰਟੀਆਂ ਨਾਲ ਹੈ, ਅਪਣੀ ਪਾਰਟੀ ਨਾਲ ਕਦੇ ਨਹੀਂ। ਪਾਰਟੀ ਜਿੱਤੇਗੀ ਤਾਂ ਸਾਰੇ ਜਿੱਤਣਗੇ ਪਰ ਜੇ ਪਾਰਟੀ ਹਾਰੇਗੀ ਤਾਂ ਸਾਰੇ ਹਾਰਣਗੇ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਸਾਡੀ ਪਾਰਟੀ।

ਸਵਾਰੀ ਅਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਵੱਡਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਹੁਣ ਜਦੋਂ ਆਸ਼ਾ ਕੁਮਾਰੀ ਵਰਗੇ ਵੱਡੇ ਨੇਤਾ ਇੰਨਾ ਭਰੋਸਾ ਰੱਖਦੇ ਹਨ ਤੇ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਸਾਂਭ ਲਵਾਂਗੇ, ਸਿੱਧੂ ਦੀ ਲੋੜ ਨਹੀਂ ਤਾਂ ਫਿਰ ਕੀ ਹੋਇਆ, ਮੈਂ ਵੀ ਉਨ੍ਹਾਂ ’ਤੇ ਭਰੋਸਾ ਰੱਖਦਾ ਹਾਂ ਕਿ ਜਿਤਾ ਦੇਣਗੇ ਤੇ 13 ਦੀਆਂ 13 ਸੀਟਾਂ ਜਿੱਤ ਲੈਣਗੇ। ਉਹ ਪਾਰਟੀ ਦੇ ਲੀਡਰ ਹਨ ਤੇ ਹੁਣ ਜਦੋਂ ਉਨ੍ਹਾਂ ਨੇ ਤੈਅ ਕਰ ਲਿਆ ਹੈ ਤਾਂ ਫਿਰ ਮੈਂ ਰੰਗ ਵਿਚ ਭੰਗ ਕਿਉਂ ਪਾਵਾਂ।

ਸਵਾਲ: ਜੇਕਰ ਪੰਜਾਬ ਕਾਂਗਰਸ ਨਹੀਂ 13 ਸੀਟਾਂ ਜਿੱਤਦਾ ਤਾਂ ਫਿਰ 23 ਤਰੀਕ ਤੋਂ ਬਾਅਦ ਪੰਜਾਬ ਲਈ ਕੀ ਸੋਚਿਆ ਹੈ?

ਜਵਾਬ: ਦੇਖੋ, ਜਿਹੜੀ ਸਿਆਸਤ ਹੈ ਉਹ ਸ਼ਤਰੰਜ ਦੀ ਖੇਡ ਹੈ। ਹੁਣ ਜਦੋਂ ਸ਼ਤਰੰਜ ਦੀ ਖੇਡ ਵਿਸ਼ਾਈ ਗਈ ਹੋਵੇ ਤੇ ਪਿਆਦਾ ਅਪਣੀ ਔਕਾਤ ਭੁੱਲ ਜਾਵੇ ਤਾਂ ਫਿਰ ਕੁਚਲਿਆ ਹੀ ਜਾਵੇਗਾ। ਇਹ ਫ਼ੈਸਲੇ ਵੱਡਿਆਂ ਨੇ ਲੈਣੇ ਹਨ ਤੇ ਆਸ਼ਾ ਕੁਮਾਰੀ ਜੀ ਨੇ ਫ਼ੈਸਲਾ ਲੈ ਲਿਆ ਹੈ, ਮੁੱਖ ਮੰਤਰੀ ਸਾਬ੍ਹ ਨੇ ਫਾਈਨਲ ਕਰ ਦਿਤਾ ਤੇ ਮੈਂ ਕਿੱਥੇ, ਨਾ ਤਿੰਨਾਂ ’ਚ ਨਾ ਤੇਰ੍ਹਾਂ ’ਚ।

Related Stories