ਵਾਈਬਰੈਂਟ ਗੁਜਰਾਤ ਕਾਨਫਰੰਸ 'ਚ ਪੁੱਜਣਗੇ 5 ਦੇਸ਼ਾਂ ਦੇ ਰਾਸ਼ਟਰਮੁਖੀ
ਕਾਨਫਰੰਸ ਦਾ ਉਦਘਾਟਨ 18 ਜਨਵਰੀ ਨੂੰ ਮਹਾਤਮਾ ਮੰਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਗਾਂਧੀਨਗਰ : ਇਸ ਵਾਰ ਵਾਈਬਰੈਂਟ ਗੁਜਰਾਤ ਗਲੋਬਲ ਕਾਨਫਰੰਸ ਵਿਚ 5 ਦੇਸ਼ਾਂ ਦੇ ਰਾਸ਼ਟਰਮੁਖੀ, 115 ਵਿਦੇਸ਼ੀ ਨੁਮਾਇੰਦਿਆਂ ਦਾ ਵਫਦ, 20 ਹਜ਼ਾਰ ਤੋਂ ਵੱਧ ਸਵਦੇਸ਼ੀ ਨੁਮਾਇੰਦਿਆਂ ਅਤੇ 26,380 ਕੰਪਨੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਗੁਜਰਾਤ ਸਰਕਾਰ ਨੇ ਨਿਵੇਸ਼ਕਾਂ ਦੇ ਰੁਝਾਨ ਨੂੰ ਵਧਾਉਣ ਲਈ 18 ਤੋਂ 20 ਜਨਵਰੀ ਤੱਕ ਹੋਣ ਜਾ ਰਹੀ ਕਾਨਫਰੰਸ ਦੇ 9ਵੇਂ ਆਯੋਜਨ ਦੀਆਂ ਸ਼ਾਨਦਾਰ ਤਿਆਰੀਆਂ ਕੀਤੀਆਂ ਹਨ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਹੋਣ ਦੀ ਮਿਆਦ ਦੌਰਾਨ ਸਾਲ 2003 ਵਿਚ ਇਸ ਆਯੋਜਨ ਦੀ ਸ਼ੁਰੂਆਤ ਕੀਤੀ ਗਈ ਸੀ। ਰਾਜ ਦੇ ਮੁੱਖ ਸਕੱਤਰ ਜੇਐਨ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਉਜਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯਯੇਵ, ਰਵਾਂਡਾ ਦੇ ਰਾਸ਼ਟਰਪਤੀ ਪੌਲ ਕਾਗੇਮ, ਡੈਨਮਾਰਕ ਦੇ ਪ੍ਰਧਾਨ ਮੰਤਰੀ ਲਾਰਸ ਲੌਕੇ ਰਾਸਮੂਸੇਨ, ਚੇਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਆਂਦਰੇਜ਼ ਬਾਬਿਸ ਅਤੇ ਮਾਲਟਾ ਦੇ ਪ੍ਰਧਾਨ ਮੰਤਰੀ ਜੋਸਫ ਮਸਕੈਟ ਵਾਈਬਰੈਂਟ ਗੁਜਰਾਤ ਵਿਚ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ 21 ਵੱਖ-ਵੱਖ ਦੇਸ਼ਾਂ ਦੇ ਮੰਤਰੀ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਆ ਰਹੇ ਹਨ। ਹਾਲਾਂਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਅਮਰੀਕਾ ਅਤੇ ਬ੍ਰਿਟੇਨ ਨੇ ਪ੍ਰੋਗਰਾਮ ਦੇ ਨਾਲ ਖ਼ੁਦ ਨੂੰ ਸਾਂਝੀਦਾਰ ਦੇਸ਼ ਦੇ ਤੌਰ 'ਤੇ ਨਹੀਂ ਜੋੜਿਆ ਹੈ। ਪਰ ਜਪਾਨ, ਆਸਟਰੇਲੀਆ, ਕਨਾਡਾ ਅਤੇ ਫਰਾਂਸ ਸਮੇਤ ਲਗਭਗ 15 ਦੇਸ਼ ਸਾਂਝੀਦਾਰ ਬਣੇ ਹਨ। ਕਾਨਫਰੰਸ ਦਾ ਉਦਘਾਟਨ 18 ਜਨਵਰੀ ਨੂੰ ਮਹਾਤਮਾ ਮੰਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਅਤੇ ਇਸ ਤੋਂ ਇਲਾਵਾ ਸਾਰੇ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਦੇ ਨਾਲ ਦੁਵਲੀ ਗੱਲਬਾਤ ਵਿਚ ਵੀ ਹਿੱਸਾ ਲੈਣਗੇ।