ਛੇ ਸਾਲਾਂ ਦੇ ਸੱਭ ਤੋਂ ਉਪਰਲੇ ਪੱਧਰ 'ਤੇ ਪਹੁੰਚੀ ਮਹਿੰਗਾਈ ਦਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਜਨਵਰੀ ਮਹੀਨੇ 'ਚ ਵੱਧ ਕੇ 7.59 ਫ਼ੀ ਸਦੀ 'ਤੇ ਪੁੱਜੀ

file photo

ਨਵੀਂ ਦਿੱਲੀ : ਸਬਜ਼ੀਆਂ, ਦਾਲਾਂ ਅਤੇ ਮਾਸ, ਮੱਛੀ ਵਰਗੇ ਖਾਣ-ਪੀਣ ਦਾ ਸਮਾਨ ਮਹਿੰਗਾ ਹੋਣ ਨਾਲ ਜਨਵਰੀ 'ਚ ਪ੍ਰਚੂਨ ਮਹਿੰਗਾਈ ਦਰ ਵੱਧ ਕੇ 7.59 ਫ਼ੀ ਸਦੀ 'ਤੇ ਪੁੱਜ ਗਈ। ਸਰਕਾਰੀ ਅੰਕੜਿਆਂ ਅਨੁਸਾਰ ਗ੍ਰਾਹਕ ਮੁੱਖ ਸੂਚਕ ਅੰਕ ਅਧਾਰਤ ਪ੍ਰਚੂਨ ਮਹਿੰਗਾਈ ਦਰ ਦਸੰਬਰ 2019 'ਚ 7.35 ਫ਼ੀ ਸਦੀ ਰਹੀ ਸੀ। ਜਦਕਿ ਪਿਛਲੇ ਸਾਲ ਜਨਵਰੀ ਮਹੀਨੇ 'ਚ ਇਹ 1.97 ਫ਼ੀ ਸਦੀ ਰਹੀ ਸੀ।

ਇਸ ਤੋਂ ਪਹਿਲਾਂ ਮਈ 2014 'ਚ ਇਹ 8.33 ਫ਼ੀ ਸਦੀ ਸੀ। ਪ੍ਰਚੂਨ ਮਹਿੰਗਾਈ ਦਰ 'ਚ ਜੇਕਰ ਭੋਜਨ ਪਦਾਰਥਾਂ ਦੀ ਮਹਿੰਗਾਈ ਦੀ ਗੱਲ ਕੀਤੀ ਜਾਵੇ ਤਾਂ ਜਨਵਰੀ 2020 'ਚ ਇਹ 13.63 ਫ਼ੀ ਸਦੀ ਰਹੀ ਜਦਕਿ ਇਕ ਸਾਲ ਪਹਿਲਾਂ ਜਨਵਰੀ 2019 'ਚ ਇਸ 'ਚ 2.24 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ ਸੀ। ਹਾਲਾਂਕਿ, ਇਹ ਦਸੰਬਰ 2019 ਦੇ 14.19 ਫ਼ੀ ਸਦੀ ਦੇ ਮੁਕਾਬਲੇ ਘੱਟ ਹੋਈ ਹੈ।

ਸਬਜ਼ੀਆਂ ਦੇ ਮਾਮਲੇ 'ਚ ਮਹਿੰਗਾਈ ਦਰ ਸਾਲਾਨਾ ਆਧਾਰ 'ਤੇ ਇਸ ਸਾਲ ਜਨਵਰੀ 'ਚ ਉਛਲ ਕੇ 50.19 ਫ਼ੀ ਸਦੀ ਹੋ ਗਈ ਜਦਕਿ ਦਾਲਾਂ ਅਤੇ ਉਸ ਤੋਂ ਬਣੇ ਉਤਪਾਦਾਂ ਦੀ ਮਹਿੰਗਾਈ ਦਰ ਵੱਧ ਕੇ 16.71 ਫ਼ੀ ਸਦੀ ਰਹੀ। ਮਾਸ ਅਤੇ ਮੱਛੀ ਵਰਗੇ ਵੱਧ ਪ੍ਰੋਟੀਨ ਵਾਲੇ ਪਦਾਰਥਾਂ ਦੀ ਮਹਿੰਗਾਈ ਦਰ ਇਸ ਮਹੀਨੇ 'ਚ ਵੱਧ ਕੇ 10.50 ਫ਼ੀ ਸਦੀ ਰਹੀ ਜਦਕਿ ਅੰਡੇ ਦੇ ਮੁੱਲ 'ਚ 10.41 ਫ਼ੀ ਸਦੀ ਦਾ ਉਛਾਲ ਆਇਆ।

ਅੰਕੜਿਆਂ ਅਨੁਸਾਰ ਖਾਣਯੋਗ ਅਤੇ ਪੀਣਯੋਗ ਪਦਾਰਥਾਂ ਦੀ ਸ਼੍ਰੇਣੀ 'ਚ ਮਹਿੰਗਾਈ ਦਰ 11.79 ਫ਼ੀ ਸਦੀ ਰਹੀ।  ਮਕਾਨ ਜਨਵਰੀ 2020 'ਚ 4.20 ਫ਼ੀ ਸਦੀ ਮਹਿੰਗੇ ਹੋਏ ਜਦਕਿ ਬਾਲਣ ਅਤੇ ਪ੍ਰਕਾਸ਼ ਸ਼੍ਰੇਣੀ 'ਚ ਮਹਿੰਗਾਈ ਦਰ 3.66 ਫ਼ੀ ਸਦੀ ਰਹੀ।

ਇਕਰਾ ਦੀ ਮੁੱਖ ਅਰਥਸ਼ਾਸਤਰੀ ਆਦਿਤਿ ਨਾਇਰ ਨੇ ਕਿਹਾ ਕਿ ਵੱਖੋ-ਵੱਖ ਸ੍ਰੇਣੀਆਂ ਦੀਆਂ ਕੀਮਤਾਂ 'ਚ ਵਾਧੇ ਨੂੰ ਵੇਖਦਿਆਂ ਭੋਜਨ ਮਹਿੰਗਾਈ ਦਰ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦਰ 'ਚ ਵਾਧੇ ਦੇ ਬਾਵਜੂਦ ਰਿਜ਼ਰਵ ਬੈਂਕ ਦਾ ਮੁਦਰਾ ਨੀਤੀ ਨੂੰ ਲੈ ਕੇ ਰੁਖ ਨਰਮ ਰਹਿਣ ਦੀ ਉਮੀਦ ਹੈ।  ਰਿਜ਼ਰਵ ਬੈਂਕ ਨੇ ਇਸ ਮਹੀਨੇ ਮੁਦਰਾ ਨੀਤੀ ਸਮੀਖਿਆ 'ਚ ਉੱਚੀ ਮਹਿੰਗਾਈ ਦਾ ਹਵਾਲਾ ਦਿੰਦਿਆਂ ਪ੍ਰਮੁੱਖ ਨੀਤੀਗਤ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਸੀ।