ਜੰਮੂ-ਕਸ਼ਮੀਰ 'ਚ ਹਾਈਵੇਅ 'ਤੇ ਚੱਲਣ ਲਈ ਹੱਥ 'ਤੇ ਲਗਾਈ ਮੋਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਦੇ ਕਾਫ਼ਲੇ ਦੀ ਸੁਰੱਖਿਅਤ ਆਵਾਜਾਈ ਲਈ ਰਾਸ਼ਟਰੀ ਰਾਜਮਾਰਗ 'ਤੇ ਯਾਤਰਾ ਕਰਨ ਲਈ ਲੋਕਾਂ ਨੂੰ ਅਪਣੇ ਹੱਥ 'ਤੇ ਮੋਹਰ ਲਗਵਾਉਣੀ ਪੈ ਰਹੀ ਹੈ।

Stamp on hand

ਸ੍ਰੀਨਗਰ: ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਦੇ ਕਾਫ਼ਲੇ ਦੀ ਸੁਰੱਖਿਅਤ ਆਵਾਜਾਈ ਲਈ ਰਾਸ਼ਟਰੀ ਰਾਜਮਾਰਗ 'ਤੇ ਯਾਤਰਾ ਕਰਨ ਲਈ ਲੋਕਾਂ ਨੂੰ ਅਪਣੇ ਹੱਥ 'ਤੇ ਮੋਹਰ ਲਗਵਾਉਣੀ ਪੈ ਰਹੀ ਹੈ। ਬੀਤੇ ਦਿਨ ਹਾਈਵੇਅ 'ਤੇ ਆਮ ਵਾਹਨਾਂ ਦੀ ਪਾਬੰਦੀ ਦੇ ਵਿਚਕਾਰ ਇਕ ਨਾਗਰਿਕ ਨੂੰ ਯਾਤਰਾ ਦੀ ਇਜਾਜ਼ਤ ਲਈ ਅਪਣੀ ਹਥੇਲੀ 'ਤੇ ਹਾਈਵੇਅ ਮੈਜਿਸਟ੍ਰੇਟ ਤੋਂ ਮੋਹਰ ਲਗਵਾਉਣੀ ਪਈ, ਹਥੇਲੀ 'ਤੇ ਲੱਗੀ ਮੋਹਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ ਜ਼ਿਲ੍ਹਾ ਆਨੰਤਨਾਗ ਦੇ ਇਕ ਵਿਅਕਤੀ ਨੇ ਕਿਸੇ ਕੰਮ ਦੇ ਸਿਲਸਿਲੇ ਵਿਚ ਹਾਈਵੇਅ ਤੋਂ ਲੰਘਣਾ ਸੀ। ਜਿਸ ਦੇ ਲਈ ਉਹ ਹਾਈਵੇਅ ਮੈਜਿਸਟ੍ਰੇਟ ਤੋਂ ਇਜਾਜ਼ਤ ਲੈਣ ਲਈ ਗਿਆ, ਪਰ ਮੈਜਿਸਟ੍ਰੇਟ ਨੇ ਉਸ ਦੀ ਹਥੇਲੀ 'ਤੇ ਹੀ ਮੋਹਰ ਲਗਾ ਦਿਤੀ। ਨਾਲ ਹੀ ਦਸਤਖ਼ਤ ਵੀ ਕਰ ਦਿਤੇ। ਇਸ ਤੋਂ ਬਾਅਦ ਉਹ ਵਿਅਕਤੀ ਰਸਤੇ ਵਿਚ ਰੋਕੇ ਜਾਣ 'ਤੇ ਸੁਰੱਖਿਆ ਬਲਾਂ ਨੂੰ ਹਥੇਲੀ ਦਿਖਾ ਕੇ ਅੱਗੇ ਵਧਦਾ ਰਿਹਾ।

ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਇਸ ਘਟਨਾ 'ਤੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਟਵਿੱਟਰ 'ਤੇ ਇਸ ਘਟਨਾ ਨੂੰ ਅਸਭਿਅਕ ਅਤੇ ਅਣਮਨੁੱਖੀ ਕਰਾਰ ਦਿਤਾ ਹੈ। ਉਨ੍ਹਾਂ ਪ੍ਰਸ਼ਾਸਨ 'ਤੇ ਤੰਜ ਕਸਦੇ ਹੋਏ ਇਹ ਵੀ ਲਿਖਿਆ ਕਿ ਕਿਤੇ ਇਹ ਕਾਗਜ਼ ਬਚਾਉਣ ਦਾ ਯਤਨ ਤਾਂ ਨਹੀਂ। ਉਨ੍ਹਾਂ ਇਸ ਘਟਨਾ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਹਾਂ?

 


 

ਦਸ ਦਈਏ ਕਿ ਬੀਤੀ 14 ਫਰਵਰੀ ਨੂੰ ਰਾਸ਼ਟਰੀ ਰਾਜਮਾਰਗ 'ਤੇ ਪੁਲਵਾਮਾ ਨੇੜੇ ਸੀਆਰਪੀਐਫ ਦੇ ਕਾਫ਼ਲੇ 'ਤੇ ਅਤਿਵਾਦੀ ਹਮਲਾ ਹੋ ਗਿਆ ਸੀ, ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਉਸ ਤੋਂ ਬਾਅਦ ਫਿਰ ਪੁਲਵਾਮਾ ਵਰਗੀ ਇਕ ਹੋਰ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੀ, ਪਰ ਉਸ ਮਗਰੋਂ ਰਾਸ਼ਟਰੀ ਰਾਜ ਮਾਰਗ 'ਤੇ ਆਵਾਜਾਈ ਲਈ ਨਿਯਮ ਕਾਫ਼ੀ ਸਖ਼ਤ ਕਰ ਦਿਤੇ ਗਏ ਹਨ। ਭਾਵੇਂ ਕਿ ਇਹ ਕਦਮ ਸੁਰੱਖਿਆ ਦੇ ਮੱਦੇਨਜ਼ਰ ਉਠਾਏ ਗਏ ਹਨ, ਪਰ ਇਸ ਨਾਲ ਰਾਸ਼ਟਰੀ ਰਾਜਮਾਰਗ 'ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।