ਹਰਵਿੰਦਰ ਸਰਨਾ ਵਲੋਂ ਏਐਨਆਈ ਦੇ ਪੱਤਰਕਾਰ ਨਾਲ ਬਦਸਲੂਕੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਤੈਸ਼ ਵਿਚ ਆਏ ਹਰਵਿੰਦਰ ਸਰਨਾ ਨੇ ਪੱਤਰਕਾਰ ਨੂੰ ਕੱਢੀ ਗਾਲ਼

Harwinder Singh Sarna

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਵਲੋਂ ਮੀਡੀਆ ਨਾਲ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਿਊਜ਼ ਏਜੰਸੀ ਏਐਨਆਈ ਦੇ ਪੱਤਰਕਾਰ ਨੇ ਹਰਵਿੰਦਰ ਸਰਨਾ ਤੋਂ ਕੋਈ ਸਵਾਲ ਪੁੱਛਿਆ ਸੀ, ਜਿਸ 'ਤੇ ਉਹ ਤੈਸ਼ ਵਿਚ ਆ ਗਏ। ਇੱਥੋਂ ਤਕ ਕਿ ਉਨ੍ਹਾਂ ਪੱਤਰਕਾਰ ਨੂੰ ਗਾਲ ਵੀ ਕੱਢ ਦਿਤੀ।

 


 

ਇੱਥੇ ਹੀ ਬਸ ਨਹੀਂ ਜਦੋਂ ਪੱਤਰਕਾਰ ਉਨ੍ਹਾਂ ਦੇ ਘਰ ਤੋਂ ਬਾਹਰ ਆ ਗਏ ਤਾਂ ਬਾਹਰ ਆ ਕੇ ਵੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਬੁਰਾ ਭਲਾ ਆਖਿਆ। ਇਹੀ ਨਹੀਂ, ਉਨ੍ਹਾਂ ਦੇ ਸਹਾਇਕ ਨੇ ਵੀ ਪੱਤਰਕਾਰਾਂ ਦਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ। ਏਐਨਆਈ ਦੇ ਟਵੀਟ ਮੁਤਾਬਕ ਪੱਤਰਕਾਰ ਨੇ ਸਰਨਾ ਤੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮਹਿਮੂਦ ਦੀ ਵਿਦਾਇਗੀ ਪਾਰਟੀ ਵਿਚ ਸ਼ਾਮਲ ਹੋਣ ਸਬੰਧੀ ਸਵਾਲ ਪੁੱਛਿਆ ਸੀ, ਜਿਸ ਤੋਂ ਸਰਨਾ ਭੜਕ ਗਏ।

ਇਸ ਦੌਰਾਨ ਹਰਵਿੰਦਰ ਸਰਨਾ ਨੇ ਪੱਤਰਕਾਰਾਂ ਨੂੰ ਬਿਨਾਂ ਇਜਾਜ਼ਤ ਘਰ ਆਉਣ ਦੀ ਗੱਲ ਵੀ ਆਖੀ। ਦਸ ਦਈਏ ਕਿ ਹਰਵਿੰਦਰ ਸਿੰਘ ਸਰਨਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਭਰਾ ਹਨ।