ਮੋਦੀ ਅਪਣੇ ਮਿੱਤਰਾਂ ਲਈ ਚਲਾਉਂਦੇ ਹਨ ਸਰਕਾਰ : ਰਾਹੁਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਕਾਂਗਰਸ ਦੀ ਸਰਕਾਰ ਬਣਨ 'ਤੇ ਤਾਮਿਲਨਾਡੂ ਦੇ ਕਪੜਾ ਅਤੇ ਰੇਸ਼ਮ ਕੇਂਦਰ ਤਿਰੂਪੁਰ ਅਤੇ ਕਾਂਚੀਪੁਰਮ ਵਿਚ ਦੁਬਾਰਾ ਜਾਨ ਆ ਜਾਵੇਗੀ

Rahul Gandhi

ਕ੍ਰਿਸ਼ਨਾਗਿਰੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਅਪਣੇ ਦੋਸਤਾਂ ਲਈ ਸਰਕਾਰ ਚਲਾਈ ਹੈ ਅਤੇ ਉਹ ਹੈਰਾਨ ਹਨ ਕਿ ਬੈਂਕ ਦਾ ਭਾਰੀ ਕਰਜ਼ਾ ਮੋੜਨ ਵਿਚ ਨਾਕਾਮ ਰਹੇ ਵਿਜੇ ਮਾਲਿਆ ਜਿਹੇ ਲੋਕ ਹੁਣ ਤਕ ਜੇਲ ਵਿਚ ਨਹੀਂ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨੀਰਵ ਮੋਦੀ ਅਤੇ ਵਿਜੇ ਮਾਲਿਆ ਜਿਹੇ ਲੋਕ ਬੈਂਕਾਂ ਤੋਂ ਕਰਜ਼ਾ ਲੈਣ ਮਗਰੋਂ ਉਸ ਨੂੰ ਮੋੜਨ ਵਿਚ ਨਾਕਾਮ ਰਹੇ ਅਤੇ ਦੇਸ਼ ਛੱਡ ਕੇ ਫ਼ਰਾਰ ਹੋ ਗਏ।

ਉਨ੍ਹਾਂ ਕਿਹਾ ਕਿ ਕੋਈ ਵੀ ਜੇਲ ਨਹੀਂ ਗਿਆ। ਤਾਮਿਲਨਾਡੂ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਕੋਈ ਇਸ ਲਈ ਜੇਲ ਨਹੀਂ ਭੇਜਿਆ ਜਾਵੇਗਾ ਕਿ ਉਸ ਨੇ ਕਰਜ਼ਾ ਨਹੀਂ ਮੋੜਿਆ। ਇਹ ਠੀਕ ਨਹੀਂ ਕਿ ਅਮੀਰ ਲੋਕ ਤਾਂ ਜੇਲ ਨਾ ਜਾਣ ਪਰ ਉਸ ਅਪਰਾਧ ਲਈ ਕਿਸਾਨ ਜੇਲ ਚਲਾ ਜਾਵੇ। ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਨੀਰਵ ਮੋਦੀ ਨੂੰ ਪੰਜ ਹਜ਼ਾਰ ਕਰੋੜ ਰੁਪਏ, ਮੇਹੁਲ ਚੋਕਸੀ ਨੂੰ ਛੇ ਹਜ਼ਾਰ ਕਰੋੜ ਰੁਪਏ ਅਤੇ ਵਿਜੇ ਮਾਲਿਆ ਨੂੰ ਦਸ ਹਜ਼ਾਰ ਕਰੋੜ ਰੁਪਏ ਦਿਤੇ।

ਉਨ੍ਹਾਂ ਕਿਹਾ ਕਿ ਬੀਤੇ ਪੰਜ ਸਾਲਾਂ ਵਿਚ ਮੋਦੀ ਨੇ ਅਪਣੇ ਦੋਸਤਾਂ ਲਈ ਸਰਕਾਰ ਚਲਾਈ ਅਤੇ ਤੁਸੀਂ ਉਨ੍ਹਾਂ ਦੇ ਨਾਮ ਜਾਣਦੇ ਹੋ। ਉਨ੍ਹਾਂ ਕਿਹਾ, 'ਇਹ ਹੈ ਅਨਿਲ ਅੰਬਾਨੀ, ਮੇਹੁਲ ਚੋਕਸੀ, ਨੀਰਵ ਮੋਦੀ ਅਤੇ ਇਹ ਮੋਦੀ ਦੇ ਮਿੱਤਰ ਹਨ।' ਰਾਹੁਲ ਨੇ ਨਿਆਏ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ, 'ਨਿਆਏ ਲੋਕਾਂ ਦੀ ਖ਼ਰੀਦ ਸਮਰੱਥਾ ਵਿਚ ਵਾਧਾ ਕਰੇਗੀ ਅਤੇ ਨਤੀਜਨ ਤਾਮਿਲਨਾਡੂ ਵਿਚ ਕਾਰਖ਼ਾਨੇ ਚਲਣਗੇ ਅਤੇ ਪੂਰੀ ਅਰਥਵਿਵਸਥਾ ਅੱਗੇ ਵਧੇਗੀ।' ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਕਪੜਾ ਅਤੇ ਰੇਸ਼ਮ ਕੇਂਦਰ ਤਿਰੂਪੁਰ ਅਤੇ ਕਾਂਚੀਪੁਰਮ ਵਿਚ ਦੁਬਾਰਾ ਜਾਨ ਆ ਜਾਵੇਗੀ ਅਤੇ ਇਸ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ।