ਭਾਜਪਾ ਦੁਬਾਰਾ ਸੱਤਾ 'ਚ ਆਈ ਤਾਂ 'ਹਿੰਦੂ ਪਾਕਿਸਤਾਨ' ਬਣੇਗਾ : ਸ਼ਸ਼ੀ ਥਰੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਕ ਹੋਰ ਬਿਆਨ ਦੇ ਕੇ ਵਿਵਾਦ ਖੜਾ ਕਰ ਦਿਤਾ ਹੈ...........

Shashi Tharoor

ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਕ ਹੋਰ ਬਿਆਨ ਦੇ ਕੇ ਵਿਵਾਦ ਖੜਾ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਦੁਬਾਰਾ ਸੱਤਾ ਵਿਚ ਆ ਗਈ ਤਾਂ ਪਾਰਟੀ ਸੰਵਿਧਾਨ ਦੁਬਾਰਾ ਲਿਖੇਗੀ ਅਤੇ 'ਹਿੰਦੂ ਪਾਕਿਸਤਾਨ' ਦੇ ਨਿਰਮਾਣ ਦਾ ਰਾਹ ਸਾਫ਼ ਕਰੇਗੀ। ਉਧਰ, ਕਾਂਗਰਸ ਨੇ ਸ਼ਸ਼ੀ ਥਰੂਰ ਦੀ ਇਸ ਟਿਪਣੀ ਤੋਂ ਪਾਸਾ ਵੱਟ ਲਿਆ ਹੈ ਜਦਕਿ ਭਾਜਪਾ ਨੇ ਕਿਹਾ ਹੈ ਕਿ ਇਹ ਬਿਆਨ ਭਾਰਤੀ ਜਮਹੂਰੀਅਤ ਅਤੇ ਹਿੰਦੂਆਂ ਉਤੇ ਹਮਲਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਸ਼ਸ਼ੀ ਦੇ ਇਸ ਬਿਆਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੁਆਫ਼ੀ ਮੰਗਣ।

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਆਗੂਆਂ ਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਸ਼ਸ਼ੀ ਥਰੂਰ ਨੇ ਅਪਣੀ ਟਿਪਣੀ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿਤਾ ਹੈ। ਥਿਰੁਵਨੰਤਪੁਰਮ ਵਿਚ ਕਲ ਕਿਸੇ ਸਮਾਗਮ ਦੌਰਾਨ ਸ਼ਸ਼ੀ ਨੇ ਕਿਹਾ, 'ਜੇ ਉਹ ਹੁਣ ਜਿੰਨੇ ਬਹੁਮਤ ਨਾਲ ਦੁਬਾਰਾ ਸੱਤਾ ਵਿਚ ਆ ਗਏ ਤਾਂ ਸਾਡਾ ਅਪਣਾ ਜਮਹੂਰੀ ਸੰਵਿਧਾਨ ਨਹੀਂ ਬਚੇਗਾ ਕਿਉਂਕਿ ਉਨ੍ਹਾਂ ਕੋਲ ਭਾਰਤ ਦੇ ਸੰਵਿਧਾਨ ਨੂੰ ਪਾੜ ਦੇਣ ਅਤੇ ਨਵਾਂ ਸੰਵਿਧਾਨ ਲਿਖਣ ਲਈ ਸਾਰੇ ਤਿੰਨ ਜ਼ਰੂਰੀ ਤੱਤ ਹੋਣਗੇ। ਉਹ ਹਿੰਦੂ ਰਾਸ਼ਟਰ ਦੇ ਸਿਧਾਂਤ ਦਰਜ ਕਰਨਗੇ, ਘੱਟਗਿਣਤੀਆਂ ਲਈ ਬਰਾਬਰੀ ਖ਼ਤਮ ਕਰ ਦੇਣਗੇ ਅਤੇ ਹਿੰਦੂ ਪਾਕਿਸਤਾਨ ਬਣਾ ਕੇ ਰੱਖ ਦੇਣਗੇ।'

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਥਰੂਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਟਿਪਣੀ ਭਾਰਤੀ ਜਮਹੂਰੀਅਤ ਅਤੇ ਹਿੰਦੂਆਂ ਉਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਥਰੂਰ ਨੇ ਇਕ ਵਾਰ ਫਿਰ ਸੰਵਿਧਾਨ ਅਤੇ ਭਾਰਤੀਆਂ ਦਾ ਮਜ਼ਾਕ ਉਡਾਇਆ ਹੈ। ਥਰੂਰ ਨੇ ਅਪਣੀ ਟਿਪਣੀ ਨੂੰ ਸਹੀ ਦਸਦਿਆਂ ਕਿਹਾ ਕਿ ਭਾਜਪਾ ਅਤੇ ਆਰਐਸਐਸ ਦਾ 'ਹਿੰਦੂ ਰਾਸ਼ਟਰ ਦਾ ਵਿਚਾਰ' ਪਾਕਿਸਤਾਨ ਦਾ ਪਰਛਾਵਾਂ ਹੈ। ਪਾਕਿਸਤਾਨ ਵੀ ਇਸੇ ਤਰ੍ਹਾਂ ਬਣਿਆ ਅਤੇ ਉਥੇ ਵੀ ਘੱਟਗਿਣਤੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ।  

ਸ਼ਸ਼ੀ ਥਰੂਰ ਦੇ ਬਿਆਨ ਬਾਰੇ ਕਾਂਗਰਸ ਨੇ ਇਹ ਵੀ ਕਿਹਾਕਿ ਭਾਰਤ ਦੀ ਜਮਹੂਰੀਅਤ ਏਨੀ ਮਜ਼ਬੂਤ ਹੈ ਕਿ ਇਹ ਦੇਸ਼ ਕਦੇ ਪਾਕਿਸਤਾਨ ਨਹੀਂ ਬਣ ਸਕਦਾ। ਉਧਰ ਸ਼ਸ਼ੀ ਥਰੂਰ ਨੇ ਕਿਹਾ, 'ਮੈਂ ਕਿਉਂ ਮਾਫ਼ੀ ਮੰਗਾਂ ਜਦ ਉਹ ਖ਼ੁਦ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਨੂੰ ਮੰਨਦੇ ਹਨ।' ਕਾਂਗਰਸ ਨੇਤਾ ਜੈਵੀਰ ਸ਼ੇਰਗਿੱਲ ਨੇ ਕਿਹਾ, 'ਭਾਰਤ ਦਾ ਲੋਕਤੰਤਰ ਏਨਾ ਮਜ਼ਬੂਤ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹੀਆਂ ਪਰ ਇਹ ਦੇਸ਼ ਕਦੇ ਪਾਕਿਸਤਾਨ ਨਹੀਂ ਬਣ ਸਕਦਾ।

ਭਾਰਤ ਬਹੁਭਾਸ਼ੀ ਅਤੇ ਬਹੁਧਰਮੀ ਦੇਸ਼ ਹੈ।' ਉਨ੍ਹਾਂ ਕਿਹਾ, 'ਮੈਂ ਇਸ ਮੰਚ ਤੋਂ ਕਾਂਗਰਸ ਦੇ ਹਰ ਨੇਤਾ ਅਤੇ ਕਾਰਕੁਨ ਨੂੰ ਕਹਾਂਗਾ ਕਿ ਇਸ ਗੱਲ ਦਾ ਧਿਆਨ ਰੱਖੋ ਕਿ ਕਿਸ ਤਰ੍ਹਾਂ ਦੇ ਬਿਆਨ ਦੇਣੇ ਹਨ। ਚਾਹੇ ਭਾਜਪਾ ਅਪਣੇ ਆਗੂਆਂ ਦੇ ਪੁੱਠੇ-ਸਿੱਧੇ ਬਿਆਨਾਂ ਬਾਰੇ ਚੁੱਪ ਰਹੇ ਪਰ ਕਾਂਗਰਸੀਆਂ ਨੇ ਬੋਲਦੇ ਸਮੇਂ ਸਾਵਧਾਨੀ ਵਰਤਣੀ ਹੈ।'  (ਏਜੰਸੀ)