10 ਸਾਲ 'ਚ 27 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉੱਪਰ ਆਏ : ਸੰਯੁਕਤ ਰਾਸ਼ਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ 'ਚ ਘੱਟ ਹੋਈ ਗ਼ਰੀਬੀ

India lifted 271 mn people out of poverty between 2006 and 2016: UN

ਸੰਯੁਕਤ ਰਾਸ਼ਟਰ : ਭਾਰਤ 'ਚ ਸਿਹਤ, ਸਕੂਲੀ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ 'ਚ ਹੋਈ ਤਰੱਕੀ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਗ਼ਰੀਬੀ ਦੇ ਦਲਦਲ ਤੋਂ ਬਾਹਰ ਨਿਕਲ ਆਏ ਹਨ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਸਾਲ 2006 ਤੋਂ 2016 ਵਿਚਕਾਰ ਰਿਕਾਰਡ 27.10 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਖਾਣਾ ਪਕਾਉਣ ਦੇ ਈਂਧਨ, ਸਾਫ਼-ਸਫ਼ਾਈ ਅਤੇ ਪੋਸ਼ਣ ਜਿਹੇ ਖੇਤਰਾਂ 'ਚ ਮਜ਼ਬੂਰ ਸੁਧਾਰ ਨਾਲ ਗ਼ਰੀਬੀ ਸੂਚਕਾਂਕ ਮੁੱਲ 'ਚ ਸਭ ਤੋਂ ਵੱਡੀ ਗਿਰਾਵਟ ਆਈ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਸਾਲ 2005-06 'ਚ ਭਾਰਤ ਦੇ ਕਰੀਬ 64 ਕਰੋੜ ਲੋਕ (55.1 ਫ਼ੀ ਸਦੀ) ਗ਼ਰੀਬੀ 'ਚ ਸਨ, ਜੋ ਗਿਣਤੀ ਘੱਟ ਕੇ 2015-16 'ਚ 36.9 ਕਰੋੜ (27.9 ਫ਼ੀ ਸਦੀ) 'ਤੇ ਆ ਗਈ।

ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਅਤੇ ਆਕਸਫ਼ੋਰਡ ਪੋਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ (ਓ.ਪੀ.ਐਚ.ਆਈ.) ਵਲੋਂ ਤਿਆਰ ਗਲੋਬਲ ਮਲਟੀਡਾਈਮੈਨਸ਼ਨਲ ਗ਼ਰੀਬੀ ਸੂਚਕਾਂਕ (ਐਮ.ਪੀ.ਆਈ.) 2019 ਜਾਰੀ ਕੀਤਾ ਗਿਆ। ਰਿਪੋਰਟ 'ਚ 101 ਦੇਸ਼ਾਂ ਵਿਚ 1.3 ਅਰਬ ਲੋਕਾਂ ਦਾ ਅਧਿਐਨ ਕੀਤਾ ਗਿਆ। ਇਸ 'ਚ 31 ਘੱਟੋ-ਘੱਟ ਆਮਦਨ, 68 ਮੱਧਮ ਆਮਦਨ ਅਤੇ 2 ਉੱਚ ਆਮਦਨ ਵਾਲੇ ਦੇਸ਼ ਸਨ। ਇਹ ਲੋਕ ਵੱਖ-ਵੱਖ ਪਹਿਲੂਆਂ ਦੇ ਆਧਾਰ 'ਤੇ ਗ਼ਰੀਬੀ 'ਚ ਫਸੇ ਸਨ। ਯਾਨੀ ਗਰੀਬੀ ਦਾ ਆਕਲਨ ਸਿਰਫ਼ ਆਮਦਨ ਦੇ ਆਧਾਰ 'ਤੇ ਨਹੀਂ ਸਗੋਂ ਸਿਹਤ ਦੀ ਖ਼ਰਾਬ ਸਥਿਤੀ, ਕੰਮਕਾਰ ਦੀ ਖ਼ਰਾਬ ਗੁਣਵੱਤਾ ਅਤੇ ਹਿੰਸਾ ਦਾ ਖਤਰਾ ਵਰਗੇ ਕਈ ਸੰਕੇਤਕਾਂ ਦੇ ਆਧਾਰ 'ਤੇ ਕੀਤਾ ਗਿਆ।

 

ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਗ਼ਰੀਬੀ 'ਚ ਕਮੀ ਨੂੰ ਵੇਖਣ ਲਈ ਸੰਯੁਕਤ ਰੂਪ ਨਾਲ ਲਗਭਗ 2 ਅਰਬ ਆਬਾਦੀ ਨਾਲ 10 ਦੇਸ਼ਾਂ ਨੂੰ ਚੁਣਿਆ ਗਿਆ ਹੈ। ਅੰਕੜਿਆਂ ਦੇ ਆਧਾਰ 'ਤੇ ਇਨ੍ਹਾਂ ਸਾਰਿਆਂ ਨੇ ਲਗਾਤਾਰ ਵਿਕਾਸ ਟੀਚਾ 1 ਪ੍ਰਾਪਤ ਕਰਨ ਲਈ ਸ਼ਾਨਦਾਰ ਤਰੱਕੀ ਕੀਤੀ। ਇਹ 10 ਦੇਸ਼ ਬੰਗਲਾਦੇਸ਼, ਕੰਬੋਡੀਆ, ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ, ਇਥੋਪੀਆ, ਹੈਤੀ, ਭਾਰਤ, ਨਾਈਜ਼ੀਰੀਆ, ਪਾਕਿਸਤਾਨ, ਪੇਰੂ ਅਤੇ ਵਿਯਤਨਾਮ ਹਨ। ਇਨ੍ਹਾਂ ਦੇਸ਼ਾਂ ਵਿਚ ਗ਼ਰੀਬੀ 'ਚ ਸ਼ਾਨਦਾਰ ਕਮੀ ਆਈ ਹੈ।

ਰਿਪੋਰਟ ਅਨੁਸਾਰ, "ਸਭ ਤੋਂ ਵੱਧ ਤਰੱਕੀ ਦੱਖਣ ਏਸ਼ੀਆ 'ਚ ਵੇਖੀ ਗਈ। ਭਾਰਤ 'ਚ 2006 ਤੋਂ 2016 ਵਿਚਕਾਰ 27.10 ਕਰੋੜ ਲੋਕ, ਜਦੋਂ ਕਿ ਬੰਗਲਾਦੇਸ਼ 'ਚ 2004 ਤੋਂ 2014 ਵਿਚਕਾਰ 1.90 ਕਰੋੜ ਲੋਕ ਗਰੀਬੀ 'ਚੋਂ ਬਾਹਰ ਆਏ।" ਇਸ 'ਚ ਕਿਹਾ ਗਿਆ ਹੈ ਕਿ 10 ਚੁਣੇ ਗਏ ਦੇਸ਼ਾਂ 'ਚ ਭਾਰਤ ਅਤੇ ਕੰਬੋਡੀਆ ਵਿਚ ਐਮ.ਪੀ.ਆਈ. ਮੁੱਲ 'ਚ ਤੇਜ਼ੀ ਨਾਲ ਕਮੀ ਆਈ ਅਤੇ ਉਨ੍ਹਾਂ ਨੇ ਜ਼ਿਆਦਾ ਗ਼ਰੀਬ ਲੋਕਾਂ ਨੂੰ ਬਾਹਰ ਕੱਢਣ 'ਚ ਕੋਈ ਕਸਰ ਨਹੀਂ ਛੱਡੀ।

ਭਾਰਤ ਦਾ ਐਮ.ਪੀ.ਆਈ. ਮੁੱਲ 2005-06 'ਚ 0.283 ਸੀ, ਜੋ 2015-16 'ਚ 0.123 'ਤੇ ਆ ਗਿਆ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਵਿਚ ਗ਼ਰੀਬੀ 'ਚ ਕਮੀ ਦੇ ਮਾਮਲੇ 'ਚ ਜ਼ਿਆਦਾਤਰ ਸੁਧਾਰ ਝਾਰਖੰਡ 'ਚ ਵੇਖਿਆ ਗਿਆ। ਉੱਥੇ ਵੱਖ-ਵੱਖ ਪੱਧਰਾਂ 'ਤੇ ਗ਼ਰੀਬੀ 2005-06 'ਚ 74.9 ਫ਼ੀ ਸਦੀ ਤੋਂ ਘੱਟ ਕੇ 2015-16 'ਚ 46.5 ਫ਼ੀ ਸਦੀ 'ਤੇ ਆ ਗਈ। ਇਸ 'ਚ ਕਿਹਾ ਗਿਆ ਹੈ ਕਿ 10 ਸੰਕੇਤਕਾਂ- ਪੋਸ਼ਣ, ਸਵੱਛਤਾ, ਬੱਚਿਆਂ ਦੀ ਸਕੂਲੀ ਸਿੱਖਿਆ, ਬਿਜਲੀ, ਸਕੂਲ 'ਚ ਹਾਜ਼ਰੀ, ਘਰ, ਖਾਣਾ ਪਕਾਉਣ ਲਈ ਈਂਧਨ ਅਤੇ ਜਾਇਦਾਦ ਦੇ ਮਾਮਲੇ 'ਚ ਭਾਰਤ ਤੋਂ ਇਲਾਵਾ ਇਥੋਪੀਆ ਅਤੇ ਪੇਰੂ 'ਚ ਸ਼ਾਨਦਾਰ ਸੁਧਾਰ ਦਰਜ ਕੀਤੇ ਗਏ।