ਇਜ਼ਰਾਈਲ ਵਿਚ ਫਸੇ ਭਾਰਤੀਆਂ ਦੀ ਹੋਵੇਗੀ ਸੁਰੱਖਿਅਤ ਵਾਪਸੀ: ਭਾਰਤ ਨੇ ਸ਼ੁਰੂ ਕੀਤਾ ‘ਆਪਰੇਸ਼ਨ ਅਜੈ’

ਏਜੰਸੀ

ਖ਼ਬਰਾਂ, ਰਾਸ਼ਟਰੀ

ਇਜ਼ਰਾਈਲ 'ਚ ਮੌਜੂਦ ਹਨ ਕਰੀਬ 18 ਹਜ਼ਾਰ ਭਾਰਤੀ

India Launches "Operation Ajay" To Repatriate Indians From Israel

 

ਨਵੀਂ ਦਿੱਲੀ: ਭਾਰਤ ਨੇ ਬੁਧਵਾਰ ਨੂੰ ਇਜ਼ਰਾਈਲ ਤੋਂ ਅਪਣੇ ਵਤਨ ਪਰਤਣ ਦੇ ਚਾਹਵਾਨ ਭਾਰਤੀਆਂ ਦੀ ਵਾਪਸੀ ਯਕੀਨੀ ਬਣਾਉਣ ਲਈ 'ਆਪ੍ਰੇਸ਼ਨ ਅਜੈ' ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਹਮਾਸ ਦੇ ਕੱਟੜਪੰਥੀਆਂ ਅਤੇ ਇਜ਼ਰਾਈਲ ਵਿਚਾਲੇ ਫੌਜੀ ਝੜਪਾਂ ਪੰਜਵੇਂ ਦਿਨ ਵੀ ਜਾਰੀ ਹਨ। ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, ''ਅਸੀਂ ਇਜ਼ਰਾਈਲ ਤੋਂ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਅਪਣੇ ਨਾਗਰਿਕਾਂ ਦੀ ਵਾਪਸੀ ਲਈ 'ਆਪ੍ਰੇਸ਼ਨ ਅਜੈ’ ਸ਼ੁਰੂ ਕਰ ਰਹੇ ਹਾਂ।''

ਜੈਸ਼ੰਕਰ ਫਿਲਹਾਲ ਸ਼੍ਰੀਲੰਕਾ ਦੇ ਦੌਰੇ 'ਤੇ ਹਨ। ਉਨ੍ਹਾਂ ਕਿਹਾ, “ਵਿਸ਼ੇਸ਼ ਚਾਰਟਰ ਉਡਾਣਾਂ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਅਸੀਂ ਵਿਦੇਸ਼ਾਂ ਵਿਚ ਅਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।''

ਭਾਰਤੀਆਂ ਦੇ ਪਹਿਲੇ ਜਥੇ ਨੂੰ ਵੀਰਵਾਰ ਨੂੰ ਇਕ ਵਿਸ਼ੇਸ਼ ਉਡਾਣ ਰਾਹੀਂ ਇਜ਼ਰਾਈਲ ਤੋਂ ਵਾਪਸ ਲਿਆਂਦਾ ਜਾਵੇਗਾ। ਜੈਸ਼ੰਕਰ ਦੀ ਘੋਸ਼ਣਾ ਦੇ ਤੁਰੰਤ ਬਾਅਦ ਇਜ਼ਰਾਈਲ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਸ ਨੇ ਵੀਰਵਾਰ ਨੂੰ ਵਿਸ਼ੇਸ਼ ਉਡਾਣ ਲਈ ਰਜਿਸਟਰ ਕਰਨ ਵਾਲੇ ਭਾਰਤੀ ਨਾਗਰਿਕਾਂ ਦੇ ਪਹਿਲੇ ਬੈਚ ਨੂੰ ਇਕ ਈ-ਮੇਲ ਭੇਜਿਆ ਹੈ।

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਉਨ੍ਹਾਂ ਕਿਹਾ, ''ਅਗਲੀ ਉਡਾਣਾਂ ਲਈ ਹੋਰ ਰਜਿਸਟਰਡ ਲੋਕਾਂ ਨੂੰ ਸੰਦੇਸ਼ ਭੇਜੇ ਜਾਣਗੇ।'' ਅੰਦਾਜ਼ੇ ਮੁਤਾਬਕ ਇਸ ਸਮੇਂ ਲਗਭਗ 18,000 ਭਾਰਤੀ ਇਜ਼ਰਾਈਲ 'ਚ ਹਨ।