ਕੌਮੀ ਘੱਟ-ਗਿਣਤੀ ਕਮਿਸ਼ਨ ਨੇ ਮੇਘਾਲਿਆ ਸਰਕਾਰ ਨੂੰ ਸਿੱਖਾਂ ਦਾ ਉਜਾੜਾ ਨਾ ਕਰਨ ਦੇ ਦਿਤੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੌਮੀ ਘੱਟ ਗਿਣਤੀ ਕਮਿਸ਼ਨ ਨੇ ਮੇਘਾਲਿਆ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਸ਼ਿਲਾਂਗ ਦੀ ਪੰਜਾਬੀ ਬਸਤੀ ਨੂੰ ਕਿਸੇ ਵੀ ਹਾਲਤ 'ਚ ਨਾ ਉਜਾੜਿਆ ਜਾਵੇ...........

Advocate Manjit Singh Rai

ਨਵੀਂ ਦਿੱਲੀ : ਕੌਮੀ ਘੱਟ ਗਿਣਤੀ ਕਮਿਸ਼ਨ ਨੇ ਮੇਘਾਲਿਆ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਸ਼ਿਲਾਂਗ ਦੀ ਪੰਜਾਬੀ ਬਸਤੀ ਨੂੰ ਕਿਸੇ ਵੀ ਹਾਲਤ 'ਚ ਨਾ ਉਜਾੜਿਆ ਜਾਵੇ ਤੇ ਸਿੱਖਾਂ ਅਤੇ ਪੰਜਾਬੀਆਂ 'ਚੋਂ ਡਰ ਦਾ ਮਾਹੌਲ ਖ਼ਤਮ ਕਰਨ ਲਈ ਸੂਬਾ ਸਰਕਾਰ ਲੋੜੀਂਦੇ ਕਦਮ ਪੁੱਟੇ। ਅੱਜ ਇਥੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਦਫ਼ਤਰ ਸੀਜੀਓ ਕੰਪਲੈਕਸ ਲੋਧੀ ਰੋਡ ਵਿਖੇ ਸ਼ਾਮ 4 ਤੋਂ 6:15 ਤਕ ਚੱਲੀ ਹੰਗਾਮੇਦਾਰ ਮੀਟਿੰਗ 'ਚ ਮੇਘਾਲਿਆ ਸਰਕਾਰ ਦੇ ਚੀਫ ਸਕੱਤਰ, ਐਡਵੋਕੇਟ ਜਨਰਲ ਅਤੇ ਡੀ.ਆਈ.ਜੀ. ਪੇਸ਼ ਹੋਏ ਜਦਕਿ ਪੀੜਤ ਧਿਰ ਵਲੋਂ ਗੁਰਦਵਾਰਾ ਗੁਰੂ ਨਾਨਕ ਦਰਬਾਰ, ਸਿਟੀ, ਪੰਜਾਬੀ ਬਸਤੀ, ਸ਼ਿਲਾਂਗ ਦੇ ਪ੍ਰਧਾਨ ਸਰਦਾਰ ਗੁਰਜੀਤ ਸਿੰਘ

ਆਪਣੇ ਵਕੀਲਾਂ ਸ. ਪੁਨੀਤ ਸਿੰਘ ਨਾਲ ਪੇਸ਼ ਹੋਏ। ਅੱਜ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਸਈਅਦ ਗ਼ੈਰ-ਉਲ ਹਸਨ ਰਿਜ਼ਵੀ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਕਮਿਸ਼ਨ ਦੇ ਸਿੱਖ ਮੈਂਬਰ ਐਡਵੋਕੇਟ ਮਨਜੀਤ ਸਿੰਘ ਰਾਏ ਤੇ ਹੋਰ ਮੈਂਬਰ ਸ਼ਾਮਲ ਹੋਏ। ਮੀਟਿੰਗ ਪਿਛੋਂ ਕਮਿਸ਼ਨ 'ਚ ਹੀ 'ਸਪੋਕਸਮੈਨ'  ਨਾਲ ਖ਼ਾਸ ਮੁਲਾਕਾਤ ਕਰਦਿਆਂ ਕਮਿਸ਼ਨ ਦੇ ਮੈਂਬਰ ਐਡਵੋਕੇਟ ਮਨਜੀਤ ਸਿੰਘ ਰਾਏ ਨੇ ਦਸਿਆ ਕਿ ਕਮਿਸ਼ਨ ਨੇ ਚੀਫ ਸਕੱਤਰ ਤੇ ਹੋਰਨਾਂ ਸਰਕਾਰੀ ਨੁਮਾਇੰਦਿਆਂ ਨੂੰ ਹੁਕਮ ਦਿਤੇ ਹਨ ਕਮਿਸ਼ਨ ਵਲੋਂ ਪਹਿਲਾਂ ਦਿਤੇ ਗਏ ਹੁਕਮ ਮੁਤਾਬਕ ਪੰਜਾਬੀ ਬਸਤੀ ਚੋਂ ਸਿੱਖਾਂ ਤੇ ਪੰਜਾਬੀਆਂ ਨੂੰ ਹੋਰ ਕਿਸੇ ਥਾਂ ਵਸਾਉਣ ਦੀ ਸਕੀਮ ਤੇ ਸਰਕਾਰ ਕੋਈ

ਅਮਲ ਨਾ ਕਰੇ, ਸਗੋਂ ਮੇਘਾਲਿਆ ਹਾਈਕੋਰਟ 'ਚ ਸੂਬਾ ਸਰਕਾਰ ਵਲੋਂ ਦਿਤੇ ਗਏ ਜਵਾਬ ਕਿ ਕੌਮੀ ਘੱਟਗਿਣਤੀ ਕਮਿਸ਼ਨ ਨੇ ਪੰਜਾਬੀ ਬਸਤੀ ਬਾਰੇ ਹਾਲਾਤ ਜਿਓਂ ਦੇ ਤਿਓਂ ਬਣਾਉਣ ਦੇ ਹੁਕਮ ਦਿਤੇ ਹਨ, ਉਸੇ ਨੂੰ ਕਾਇਮ ਰਖਿਆ ਜਾਵੇ। ਉਨ੍ਹਾਂ ਦਸਿਆ ਕਿ ਮੋਰੀ ਸਰਕਾਰ ਘੱਟ ਗਿਣਤੀਆਂ ਨਾਲ ਕੋਈ ਧੱਕਾ ਨਹੀਂ ਹੋਣ ਦੇਵੇਗੀ। ਕਮਿਸ਼ਨ ਇਸ ਮਾਮਲੇ ਦੀ ਮੁੜ 9 ਅਗਸਤ ਨੂੰ ਸੁਣਵਾਈ ਕਰੇਗਾ। ਐਡਵੋਕੇਟ  ਮਨਜੀਤ ਸਿੰਘ ਰਾਏ ਨੇ ਇਹ ਵੀ ਦਸਿਆ ਕਿ ਕਮਿਸ਼ਨ ਨੇ ਚੀਫ਼ ਸਕੱਤਰ ਤੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਨੂੰ ਪੁਛਿਆ ਕਿ ਆਖਰਕਾਰ ਜਦੋਂ 19 ਜੁਲਾਈ 2017 ਨੂੰ ਮੇਘਾਲਿਆ ਦੇ ਸ਼ਹਿਰੀ ਮਹਿਕਮੇ ਦੇ ਸਕੱਤਰ ਪੱਧਰ ਦੇ ਅਫ਼ਸਰ ਨੇ ਘੱਟ-

ਗਿਣਤੀ ਕਮਿਸ਼ਨ ਨੂੰ ਭੇਜੇ ਜਵਾਬ ਵਿਚ ਸਪਸ਼ਟ ਕੀਤਾ ਸੀ ਕਿ ਪੰਜਾਬੀ ਬਸਤੀ ਦੇ ਵਸਨੀਕਾਂ ਨੂੰ ਹੋਰ ਕਿਥੇ ਵਸਾਉਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਤਾਂ ਫਿਰ ਹੁਣ ਕਿਉਂ ਐਨੀ ਕਾਹਲ ਵਿਖਾਈ ਜਾ ਰਹੀ ਹੈ? ਇਸ ਵਿਚਕਾਰ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਸ਼ਿਲਾਂਗ ਦੇ ਗੁਰਦਵਾਰਾ ਗੁਰੂ ਨਾਨਕ ਦਰਬਾਰ, ਸਿਟੀ, ਪੰਜਾਬੀ ਬਸਤੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਦਸਿਆ ਕਿ ਅੱਜੇ ਸ਼ਿਲਾਂਗ ਵਿਚ ਰਾਤ ਨੂੰ ਕਰਫ਼ਿਊ ਲਾ ਦਿਤਾ ਜਾਂਦਾ ਹੈ। ਸਿੱਖਾਂ ਵਿਚ ਡਰ ਦਾ ਮਾਹੌਲ ਹੈ। ਉਨਾਂ੍ਹ ਕਿਹਾ, “ਆਖ਼ਰ ਦੋ ਸੋ ਸਾਲ ਤੋਂ ਵੱਸ ਰਹੇ ਸਿੱਖਾਂ ਨੂੰ  ਕਿਉਂ ਉਜਾੜਿਆ ਜਾ ਰਿਹਾ ਹੈ?”