'ਸਿਆਸਤ ਤੋਂ ਉਪਰ ਉਠ ਕੇ ਸ਼ਾਂਤੀ ਕਾਇਮ ਕਰਨ ਦੀ ਲੋੜ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੀੜ ਵਲੋਂ ਕਤਲ ਦੀਆਂ ਘਟਨਾਵਾਂ 'ਤੇ ਬੋਲਦਿਆਂ ਕਿਹਾ ਹੈ ਕਿ ਹਰ ਕਿਸੇ ਨੂੰ ਸਿਆਸਤ ਤੋਂ ਉਪਰ ਉਠ ਕੇ ਸਮਾਜ..................
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੀੜ ਵਲੋਂ ਕਤਲ ਦੀਆਂ ਘਟਨਾਵਾਂ 'ਤੇ ਬੋਲਦਿਆਂ ਕਿਹਾ ਹੈ ਕਿ ਹਰ ਕਿਸੇ ਨੂੰ ਸਿਆਸਤ ਤੋਂ ਉਪਰ ਉਠ ਕੇ ਸਮਾਜ ਵਿਚ ਸ਼ਾਂਤੀ ਅਤੇ ਏਕਤਾ ਬਣਾਉਣ ਦੀ ਲੋੜ ਹੈ। ਅਪਣੀ ਇੰਟਰਵਿਊ 'ਚ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਅੰਦਰ ਦੁਨੀਆਂ 'ਚ ਸੱਭ ਤੋਂ ਜ਼ਿਆਦਾ ਨਿਵੇਸ਼ ਹੋ ਰਿਹਾ ਹੈ ਜਿਸ ਨਾਲ ਨੌਕਰੀਆਂ ਪੈਦਾ ਹੋ ਰਹੀਆਂ ਹਨ। ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਨੂੰ ਦੇਸ਼ ਨੂੰ ਮੂਰਖ ਬਣਾਉਣ ਦਾ ਕੰਮ ਦਸਿਆ ਹੈ।
ਇਕ ਇੰਟਰਵਿਊ 'ਚ ਮੋਦੀ ਨੇ ਭੀੜ ਵਲੋਂ ਕਤਲਾਂ ਨਾਲ ਜੁੜੇ ਸਵਾਲ 'ਤੇ ਕਿਹਾ, ''ਮੇਰੀ ਪਾਰਟੀ ਅਤੇ ਮੈਂ ਖ਼ੁਦ ਇਨ੍ਹਾਂ ਘਟਨਾਵਾਂ ਅਤੇ ਅਜਿਹੀ ਮਾਨਸਿਕਤਾ ਬਾਰੇ ਕਈ ਮੌਕਿਆਂ 'ਤੇ ਸਾਫ਼-ਸਾਫ਼ ਕਹਿ ਚੁੱਕੇ ਹਾਂ। ਇਹ ਸੱਭ ਰੀਕਾਰਡ ਵਿਚ ਹੈ। ਇਸ ਤਰ੍ਹਾਂ ਦੀ ਇਕ ਵੀ ਘਟਨਾ ਬੇਹੱਦ ਮੰਦਭਾਗੀ ਹੈ। ਸਾਡੇ ਸਮਾਜ ਵਿਚ ਸ਼ਾਂਤੀ ਅਤੇ ਏਕਤਾ ਯਕੀਨੀ ਕਰਨ ਲਈ ਹਰ ਕਿਸੇ ਨੂੰ ਰਾਜਨੀਤੀ ਤੋਂ ਉਪਰ ਉਠਣਾ ਚਾਹੀਦਾ ਹੈ।'' ਮੋਦੀ ਨੇ ਭੀੜ ਵਲੋਂ ਕਤਲ ਦੀਆਂ ਘਟਨਾਵਾਂ ਨੂੰ ਅਪਰਾਧ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਮਹਿਜ਼ ਅੰਕੜਿਆਂ ਤਕ ਸੀਮਤ ਰੱਖ ਕੇ ਰਾਜਨੀਤੀ ਕਰਨਾ ਇਕ ਮਜ਼ਾਕ ਹੋਵੇਗਾ।
ਉਨ੍ਹਾਂ ਕਿਹਾ ਕਿ ਇਕ ਹੋ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਿਰੋਧ ਕਰਨ ਦੀ ਬਜਾਏ ਅਪਰਾਧ ਅਤੇ ਹਿੰਸਾ ਵਰਗੀਆਂ ਘਟਨਾਵਾਂ ਦਾ ਸਿਆਸੀ ਫ਼ਾਇਦਾ ਉਠਾਉਣਾ ਇਕ ਅਪਾਹਜ ਮਾਨਸਿਕਤਾ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ, ਰੇਲ ਲਾਈਨਾਂ ਵਿਛਾਉਣ, ਸੋਲਰ ਪਾਰਕ ਬਣਾਉਣ ਅਤੇ ਟਰਾਂਸਮਿਸ਼ਨ ਲਾਈਨ ਦੇ ਵਿਸਤਾਰ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਖਾਣਾ, ਲਾਜਿਸਟਿਕਸ, ਈ-ਕਾਮਰਸ, ਮੋਬਾਈਲ ਸਲਿਊਸ਼ਨ ਅਤੇ ਇਸ ਤਰ੍ਹਾਂ ਦੇ ਕਈ ਖੇਤਰਾਂ 'ਚ ਰੁਜ਼ਗਾਰ ਪੈਦਾ ਹੋ ਰਹੇ ਹਨ।
ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਨੂੰ ਖੋਖਲਾ ਦਸਿਆ ਹੈ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਇਕ ਪਾਸੇ ਉਨ੍ਹਾਂ ਦੀ ਸਰਕਾਰ 'ਚ ਮੰਤਰੀ ਨਿਤਿਨ ਗਡਕਰੀ ਕਹਿ ਰਹੇ ਹਨ ਕਿ ਨੌਕਰੀਆਂ ਨਹੀਂ ਹਨ, ਜਦਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਇਕ ਕਰੋੜ ਲੋਕਾਂ ਨੂੰ ਨੌਕਰੀ ਦਿਤੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ 'ਚ ਸਰਕਾਰੀ ਨੌਕਰੀਆਂ 'ਚ ਰਾਖਵਾਂਕਰਨ ਦੀ ਮੰਗ ਬਾਰੇ ਬੋਲਦਿਆਂ ਗਡਕਰੀ ਨੇ ਕਿਹਾ ਸੀ ਕਿ ਰਾਖਵਾਂਕਰਨ ਰੁਜ਼ਗਾਰ ਦੀ ਗਾਰੰਟੀ ਨਹੀਂ ਦਿੰਦਾ, ਕਿਉਂਕਿ ਹੋਰ ਨੌਕਰੀਆਂ ਨਹੀਂ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਇਸੇ ਦੌਰਾਨ ਰਾਖਵੇਂਕਰਨ ਦੇ ਖ਼ਤਮ ਹੋਣ ਦੀ ਰੀਪੋਰਟ ਨੂੰ ਸਿਰੇ ਤੋਂ ਨਕਾਰਦੇ ਹੋਏ ਸਾਫ਼ ਕੀਤਾ ਕਿ ਰਾਖਵਾਂਕਰਨ ਕਾਇਮ ਰਹੇਗਾ। ਮੋਦੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਵਲੋਂ ਦਿਤੇ ਗਏ ਸੰਵਿਧਾਨ ਦੇ ਸੁਪਨਿਆਂ ਨੂੰ ਉਹ ਪੂਰਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸੰਵਿਧਾਨ ਵਿਚ ਦਿਤੀ ਮਹੱਤਵਪੂਰਨ ਵਿਵਸਥਾ ਰਾਖਵਾਂਕਰਨ ਰਾਹੀਂ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਸਾਫ਼ ਕੀਤਾ ਕਿ ਰਾਖਵਾਂਕਰਨ ਹਰ ਹਾਲ ਵਿਚ ਕਾÎਇਮ ਰਹੇਗਾ, ਇਸ ਵਿਚ ਕਿਸੇ ਵੀ ਤਰ੍ਹਾਂ ਦਾ ਸ਼ੱਕ ਕਿਸੇ ਨੂੰ ਨਹੀਂ ਹੋਣਾ ਚਾਹੀਦਾ।
ਪ੍ਰਧਾਨ ਮੰਤਰੀ ਮੋਦੀ ਨੇ ਰਾਖਵੇਂਕਰਨ 'ਤੇ ਸਵਾਲ ਉਠਾਉਣ ਵਾਲਿਆਂ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਹ ਲੋਕ ਰਾਖਵੇਂਕਰਨ 'ਤੇ ਸਵਾਲ ਉਠਾ ਰਹੇ ਹਨ, ਜਿਨ੍ਹਾਂ ਨੇ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਹਮੇਸ਼ਾ ਕੁਚਲਣ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਚੋਣ ਤੋਂ ਪਹਿਲਾਂ ਕੁੱਝ ਲੋਕ ਜਨਤਾ ਦੇ ਵਿਚਕਾਰ ਇਹ ਭਰਮ ਫੈਲਾਉਣ ਦਾ ਯਤਨ ਕਰ ਰਹੇ ਹਨ ਕਿ ਰਾਖਵੇਂਕਰਨ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਅਜਿਹੇ ਲੋਕ ਗ਼ਰੀਬ ਜਨਤਾ ਦੇ ਵਿਚਕਾਰ ਬੇਭਰੋਸਗੀ ਦੀ ਖਾਈ ਪੈਦਾ ਕਰਨਾ ਚਾਹੁੰਦੇ ਹਨ ਪਰ ਭਾਰਤ ਦੀ ਜਨਤਾ ਸਮਝਦਾਰ ਹੈ, ਉਹ ਇਸ ਤਰ੍ਹਾਂ ਦੇ ਕੁਪ੍ਰਚਾਰ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਅਜਿਹੇ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਭਾਜਪਾ ਦੇ ਜ਼ਿਆਦਾਤਰ ਸੰਸਦ ਮੈਂਬਰ ਅਤੇ ਵਿਧਾਇਕ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਤੋਂ ਆਉਂਦੇ ਹਨ। (ਏਜੰਸੀਆਂ)