ਵਿਰੋਧੀ ਧਿਰਾਂ ਨੇ ਫਿਰ ਚੁੱਕੇ ਵੋਟਿੰਗ ਮਸ਼ੀਨਾਂ 'ਤੇ ਸਵਾਲ, ਫਿਰ ਸੁਪਰੀਮ ਕੋਰਟ ਜਾਣ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਠਕ ਦੌਰਾਨ ਵੋਟਿੰਗ ਮਸ਼ੀਨਾਂ ਵਿਚ ਗੜਬੜ ਬਾਰੇ ਚਰਚਾ ;  50 ਫ਼ੀ ਸਦੀ ਮਤਦਾਨ ਪਰਚੀਆਂ ਦੇ ਮਸ਼ੀਨ ਨਾਲ ਮਿਲਾਣ ਦੀ ਮੰਗ

Opposition leaders question reliability of EVMs

ਨਵੀਂ ਦਿੱਲੀ : ਵਿਰੋਧੀ ਧਿਰਾਂ ਨੇ ਤਾਜ਼ਾ ਚੋਣਾਂ ਦੌਰਾਨ ਵੋਟਿੰਗ ਮਸ਼ੀਨਾਂ ਵਿਚ ਗੜਬੜ ਸਬੰਧੀ ਇਥੇ ਬੈਠਕ ਕੀਤੀ ਅਤੇ ਕਿਹਾ ਕਿ ਘੱਟੋ-ਘੱਟ 50 ਫ਼ੀ ਸਦੀ ਮਤਦਾਨ ਪਰਚੀਆਂ ਦਾ ਮਿਲਾਣ ਈਵੀਐਮ ਨਾਲ ਕਰਾਏ ਜਾਣ ਦੀ ਮੰਗ ਸਬੰਧੀ ਉਹ ਸੁਪਰੀਮ ਕੋਰਟ ਵਿਚ ਜਾਣਗੀਆਂ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦਸਿਆ ਕਿ 21 ਰਾਜਸੀ ਪਾਰਟੀਆਂ 50 ਫ਼ੀ ਸਦੀ ਮਤਦਾਨ ਪਰਚੀਆਂ ਦਾ ਮਿਲਾਣ ਈਵੀਐਮ ਨਾਲ ਕਰਾਏ ਜਾਣ ਦੀ ਮੰਗ ਕਰ ਰਹੀਆਂ ਹਨ।

ਨਾਇਡੂ ਨੇ ਕਲ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨਾਲ ਮੁਲਾਕਾਤ ਕਰ ਕੇ ਈਵੀਐਮ ਗੜਬੜ ਦਾ ਮਾਮਲਾ ਚੁਕਿਆ ਸੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਦਸਿਆ ਕਿ 21 ਰਾਜਸੀ ਪਾਰਟੀਆਂ 50 ਫ਼ੀ ਸਦੀ ਮਤਦਾਨ ਪਰਚੀਆਂ ਦਾ ਮਿਲਾਣ ਈਵੀਐਮ ਨਾਲ ਕਰਾਏ ਜਾਣ ਦੀ ਮੰਗ ਕਰ ਰਹੀਆਂ ਹਨ। ਕਾਂਗਰਸ ਆਗੂ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਵਿਰੋਧੀ ਧਿਰਾਂ ਹਰ ਵਿਧਾਨ ਸਭਾ ਖੇਤਰ ਵਿਚ ਘੱਟੋ-ਘੱਟ 50 ਫ਼ੀ ਸਦੀ ਮਤਦਾਨ ਪਰਚੀਆਂ ਦਾ ਮਿਲਾਣ ਈਵੀਐਮ ਨਾਲ ਕਰਾਏ ਜਾਣ ਦਾ ਹੁਕਮ ਦੇਣ ਦੀ ਮੰਗ ਲਈ ਸੁਪਰੀਮ ਕੋਰਟ ਵਿਚ ਪਹੁੰਚ ਕਰਨਗੀਆਂ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਮਸ਼ੀਨਾਂ ਵਿਚ ਗੜਬੜ ਦੇ ਮੁੱਦੇ 'ਤੇ ਦੇਸ਼ਵਿਆਪੀ ਮੁਹਿੰਮ ਚਲਾਉਣਗੀਆਂ। ਸਿੰਘਵੀ ਨੇ ਦੋਸ਼ ਲਾਇਆ, 'ਸਾਨੂੰ ਨਹੀਂ ਲਗਦਾ ਕਿ ਈਵੀਐਮ ਵਿਚ ਗੜਬੜ ਦੇ ਮੁੱਦੇ ਦੇ ਨਿਪਟਾਰੇ ਲਈ ਚੋਣ ਕਮਿਸ਼ਨ ਲੋੜੀਂਦੇ ਕਦਮ ਚੁੱਕ ਰਿਹਾ ਹੈ।' ਸੁਪਰੀਮ ਕੋਰਟ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਨਿਰਦੇਸ਼ ਦਿਤਾ ਸੀ ਕਿ ਹਰ ਵਿਧਾਨ ਸਭਾ ਖੇਤਰ ਵਿਚ ਪੰਜ ਮਤਦਾਨ ਕੇਂਦਰਾਂ 'ਤੇ ਕਿਸੇ ਵੀ ਮਤਦਾਨ ਪਰਚੀ ਦਾ ਈਵੀਐਮ ਦਾ ਵੱਧ ਤੋਂ ਵੱਧ ਮਿਲਾਣ ਕਰਾਇਆ ਜਾਵੇ।

ਉਸ ਨੇ ਕਿਹਾ ਸੀ ਕਿ ਇਸ ਨਾਲ ਨਾ ਸਿਰਫ਼ ਰਾਜਸੀ ਪਾਰਟੀਆਂ ਸਗੋਂ ਵੋਟਰਾਂ ਨੂੰ ਵੀ ਕਾਫ਼ੀ ਸੰਤੁਸ਼ਟੀ ਮਿਲੇਗੀ।  ਵਿਰੋਧੀ ਪਾਰਟੀਆਂ ਨੇ ਮਸ਼ੀਨਾਂ ਦੀ ਭਰੋਸੇਯੋਗਤਾ 'ਤੇ ਸ਼ੱਕ ਪ੍ਰਗਟ ਕਰਦਿਆਂ ਬੈਲਟ ਪੇਪਰਾਂ ਦੀ ਵਾਪਸੀ ਦੀ ਮੰਗ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈਵੀਐਮ ਅੰਦਰ ਕੋਈ ਖ਼ਾਮੀ ਨਹੀਂ ਹੈ, ਭਾਜਪਾ ਇਸ ਨਾਲ ਛੇੜਖ਼ਾਨੀ ਕਰ ਰਹੀ ਹੈ। (ਏਜੰਸੀ)