ਮੋਦੀ ਨੇ ਦਿਤੀ ਵਿਰੋਧੀ ਧਿਰਾਂ ਨੂੰ ਚੁਨੌਤੀ : ਮੇਰੀ ਕੋਈ ਬੇਨਾਮੀ ਜਾਇਦਾਦ ਸਾਬਤ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਨੂੰ ਜਿਤਾ ਕੇ ਜਨਤਾ ਦੇਵੇਗੀ ਵਿਰੋਧੀਆਂ ਦੀਆਂ ਗਾਲ਼ਾਂ ਦਾ ਜਵਾਬ

"Prove I Have Undeclared Assets": PM Modi Challenges Opposition

ਬਲੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਨੂੰ ਚੁਨੌਤੀ ਦਿੰਦਿਆਂ ਕਿਹਾ ਹੈ ਕਿ ਇਹ ਮਹਾਮਿਲਾਵਟੀ ਲੋਕ ਇਹ ਸਾਬਤ ਕਰਨ ਕਿ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਪਣੇ ਕਾਰਜਕਾਲ ਵਿਚ ਕੋਈ ਬੇਨਾਮੀ ਜਾਇਦਾਦ ਜਮ੍ਹਾਂ ਕੀਤੀ ਹੈ। ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਹ ਲਗਭਗ ਦੋ ਦਹਾਕਿਆਂ ਤੋਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਮਹਾਮਿਲਾਵਟੀ ਲੋਕ ਇਹ ਸਾਬਤ ਕਰਨ ਕਿ ਉਨ੍ਹਾਂ ਨੇ ਕੋਈ ਬੇਨਾਮੀ ਜਾਇਦਾਦ ਇਕੱਠੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਭੂਆ ਤੇ ਬਬੂਆ ਮਿਲ ਕੇ ਜਿੰਨੇ ਸਾਲ ਮੁੱਖ ਮੰਤਰੀ ਨਹੀਂ ਰਹੇ, ਉਸ ਤੋਂ ਕਿਤੇ ਜ਼ਿਆਦਾ ਸਮੇਂ ਤਕ ਉਹ ਗੁਜਰਾਤ ਦੇ ਮੁੱਖ ਮੰਤਰੀ ਰਹੇ ਹਨ। ਵਿਰੋਧੀ ਧਿਰ ਇਹ ਦਸੇ ਕਿ ਕੀ ਉਨ੍ਹਾਂ ਨੇ ਕੋਈ ਫ਼ਾਰਮਹਾਉਸ ਦੇ ਕੋਈ ਸ਼ਾਪਿੰਗ ਕੰਪਲੈਕਸ ਬਣਵਾਇਆ ਹੈ। ਜਾਂ ਵਿਦੇਸ਼ ਵਿਚ ਪੈਸੇ ਜਮ੍ਹਾਂ ਕੀਤੇ ਹਨ। ਕੀ ਲੱਖਾਂ ਰੁਪਏ ਦੀਆਂ ਗੱਡੀਆਂ ਖ਼ਰੀਦੀਆਂ ਜਾਂ ਕਰੋੜਾਂ ਰੁਪਏ ਦੇ ਬੰਗਲੇ ਬਣਵਾਏ ਹਨ। ਉਨ੍ਹਾਂ ਗ਼ਰੀਬਾਂ ਦੇ ਪੈਸੇ ਲੁੱਟਣ ਦਾ ਕੋਈ ਪਾਪ ਨਹੀਂ ਕੀਤਾ। ਗ਼ਰੀਬ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੀ ਰਖਿਆ ਕਰਨਾ ਸੱਭ ਤੋਂ ਉਪਰ ਹੈ।

ਖ਼ੁਦ 'ਤੇ ਹਮਲਾਵਰ ਹੋਈ ਬਸਪਾ ਮੁਖੀ ਮਾਇਆਵਤੀ 'ਤੇ ਟਿਪਣੀ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਦੀਆਂ ਗਾਲ਼ਾਂ ਨੂੰ ਤੋਹਫ਼ਾ ਮੰਨਦੇ ਹਨ ਅਤੇ ਮੋਦੀ ਨਹੀਂ ਬਲਕਿ ਦੇਸ਼ ਦੀ ਜਨਤਾ ਭਾਜਪਾ ਨੂੰ ਜਿਤਾ ਕੇ ਇਨ੍ਹਾਂ ਗਾਲ਼ਾਂ ਦਾ ਜਵਾਬ ਦੇਵੇਗੀ। ਮਹਾਮਿਲਾਵਟੀ ਲੋਕ ਨਿਰਾਸ਼ਾ ਵਿਚ ਆ ਕੇ ਮੋਦੀ ਦੀ ਜਾਤ ਪੁੱਛ ਰਹੇ ਹਨ। ਉਨ੍ਹਾਂ ਕਈ ਚੋਣਾਂ ਲੜੀਆਂ ਅਤੇ ਲੜਵਾਈਆਂ ਹਨ ਪਰ ਕਦੇ ਵੀ ਅਪਣੀ ਜਾਤ ਦਾ ਸਹਾਰਾ ਨਹੀਂ ਲਿਆ। ਉਹ ਭਾਵੇਂ ਪਿਛੜੀ ਜਾਤੀ ਵਿਚ ਪੈਦਾ ਹੋਏ ਹਨ ਪਰ ਉਨ੍ਹਾਂ ਦਾ ਮਕਸਦ ਭਾਰਤ ਨੂੰ ਦੁਨੀਆਂ ਵਿਚ ਅੱਗੇ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਤੋਂ ਅਪਣੇ ਲਈ ਨਹੀਂ ਬਲਕਿ ਦੇਸ਼ ਲਈ ਵੋਟਾਂ ਮੰਗ ਰਹੇ ਹਨ।

ਉਨ੍ਹਾਂ ਗ਼ਰੀਬੀ ਅਤੇ ਪਿਛੜੇਪਨ ਦਾ ਦਰਦ ਭੁਗਤਿਆ ਹੈ। ਉਨ੍ਹਾਂ ਦੀ ਇਕ ਹੀ ਜਾਤ ਹੈ ਤੇ ਉਹ ਹੀ ਗ਼ਰੀਬੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਚਪਨ ਵਿਚ ਉਨ੍ਹਾਂ ਨੇ ਅਪਣੀ ਮਾਂ ਨੂੰ ਰਸੋਈ ਦੇ ਧੂਏਂ ਨਾਲ ਸੰਘਰਸ਼ ਕਰਦੇ ਵੇਖਿਆ ਹੈ। ਇਲਾਜ ਦੀ ਘਾਟ ਵਿਚ ਗ਼ਰੀਬ ਨੂੰ ਮਰਦੇ ਹੋਏ ਵੇਖਿਆ ਹੈ। ਅਜਿਹੇ ਕਈ ਤਜਰਬੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਗ਼ਰੀਬੀ ਵਿਰੁਧ ਬਗ਼ਾਵਤ ਕਰਨ ਲਈ ਪ੍ਰੇਰਿਤ ਕੀਤਾ।