ਵਾਜਪਾਈ ਦੇ ਨਾਮ 'ਤੇ 100 ਰੁਪਏ ਦਾ ਸਿੱਕਾ ਜਾਰੀ ਕਰੇਗੀ ਮੋਦੀ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਜਲਦ ਹੀ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੇ ਨਾਮ 'ਤੇ ਇਕ ਸਿੱਕਾ ਜਾਰੀ ਕਰੇਗੀ। ਇਹ ਸਿੱਕਾ 100 ਰੁਪਏ ਦਾ ਹੋਵੇਗਾ। ਇਸ ਸਿੱਕੇ ਦਾ ...

Atal Bihari Vajpayee

ਨਵੀਂ ਦਿੱਲੀ (ਪੀਟੀਆਈ) :- ਕੇਂਦਰ ਸਰਕਾਰ ਜਲਦ ਹੀ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਦੇ ਨਾਮ 'ਤੇ ਇਕ ਸਿੱਕਾ ਜਾਰੀ ਕਰੇਗੀ। ਇਹ ਸਿੱਕਾ 100 ਰੁਪਏ ਦਾ ਹੋਵੇਗਾ। ਇਸ ਸਿੱਕੇ ਦਾ ਭਾਰ 35 ਗਰਾਮ ਹੋਵੇਗਾ। ਸਰਕਾਰ ਇਸ ਸਿੱਕੇ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਜਾਰੀ ਕਰ ਸਕਦੀ ਹੈ। ਸਰਕਾਰ ਦੇ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਦੇ ਮੁਤਾਬਕ ਸਿੱਕੇ 'ਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਸਵੀਰ ਹੋਵੇਗੀ ਅਤੇ ਉਨ੍ਹਾਂ ਦਾ ਨਾਮ ਦੇਵਨਾਗਰੀ ਲਿਪੀ ਵਿਚ ਲਿਖਿਆ ਹੋਵੇਗਾ।

ਤਸਵੀਰ ਦੇ ਹੇਠਾਂ ਉਨ੍ਹਾਂ ਦੀ ਜਨਮ ਤਾਰੀਖ 1928 ਤੋਂ ਲੈ ਕੇ ਮੌਤ ਸਾਲ 2018 ਵੀ ਅੰਕਿਤ ਹੋਵੇਗੀ। ਨੋਟੀਫਿਕੇਸ਼ਨ ਦੇ ਮੁਤਾਬਕ ਸਿੱਕੇ ਦੇ ਉੱਲਟੇ ਹਿੱਸੇ 'ਤੇ ਅਸ਼ੋਕ ਸਤੰਭ ਹੋਵੇਗਾ ਅਤੇ ਵਿਚਕਾਰ ਵਿਚ ਦੇਵਨਾਗਰੀ ਲਿਪੀ ਵਿਚ ਸਤਿਅਮੇਵ ਜੈਯਤੇ ਲਿਖਿਆ ਹੋਵੇਗਾ। ਇਸ ਤੋਂ ਇਲਾਵਾ ਸਿੱਕੇ ਦੇ ਇਕ ਪਾਸੇ ਦੇਵਨਾਗਰੀ ਵਿਚ ਭਾਰਤ ਅਤੇ ਦੂਜੇ ਪਾਸੇ ਅੰਗਰੇਜ਼ੀ ਵਿਚ ਇੰਡੀਆ ਲਿਖਿਆ ਹੋਵੇਗਾ। ਅਸ਼ੋਕ ਸਤੰਭ ਦੇ ਹੇਠਾਂ ਰੁਪਏ ਦਾ ਸਿੰਬਲ ਅਤੇ 100 ਰੁਪਏ ਲਿਖਿਆ ਹੋਵੇਗਾ।

ਇਸ ਸਿੱਕੇ ਦਾ ਭਾਰ 35 ਗਰਾਮ ਹੋਵੇਗਾ ਅਤੇ ਇਸ ਵਿਚ ਚਾਂਦੀ ਮਿਲੀ ਹੋਵੇਗੀ, ਜਿਸ ਦੀ ਮਾਤਰਾ 1000 ਵਿਚ 498 ਤੋਂ 502 ਹੋਵੇਗੀ। ਭਾਜਪਾ ਸੂਤਰਾਂ ਦੇ ਮੁਤਾਬਕ ਸਰਕਾਰ ਉਨ੍ਹਾਂ  ਦੇ 94 ਜਨਮ ਦਿਵਸ ਨੂੰ ਧੂਮਧਾਮ ਨਾਲ ਮਨਾਵੇਗੀ, ਜਿਸ ਵਿਚ ਉਨ੍ਹਾਂ ਦੇ ਨਾਮ 'ਤੇ ਸਿੱਕਾ ਜਾਰੀ ਕਰਨ ਦਾ ਐਲਾਨ ਕਰੇਗੀ। ਜ਼ਿਕਰਯੋਗ ਹੈ ਕਿ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ, 1928 ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਮੌਤ 93 ਸਾਲ ਦੀ ਉਮਰ ਵਿਚ 16 ਅਗਸਤ 2018 ਨੂੰ ਹੋਈ ਸੀ।

ਵਾਜਪਾਈ 1996 ਵਿਚ 13 ਦਿਨ, 1998 ਵਿਚ 13 ਮਹੀਨੇ ਅਤੇ 1999 ਵਿਚ ਪੰਜ ਸਾਲ ਲਈ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਵਾਜਪਾਈ ਦੇ ਨਾਮ 'ਤੇ ਹਿਮਾਲਾ ਦੀ ਚਾਰ ਚੋਟੀਆ ਦਾ ਨਾਮ ਰੱਖਿਆ ਜਾ ਚੁੱਕਿਆ ਹੈ, ਉਥੇ ਹੀ ਛੱਤੀਸਗੜ੍ਹ ਦੇ ਨਵਾਂ ਰਾਏਪੁਰ ਦਾ ਨਾਮ ਅਟਲ ਨਗਰ ਰੱਖਿਆ ਜਾ ਚੁੱਕਿਆ ਹੈ। ਉਤਰਾਖੰਡ ਸਰਕਾਰ ਨੇ ਵੀ ਦੇਹਰਾਦੂਨ ਏਅਰਪੋਰਟ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖ ਦਿਤਾ ਹੈ। ਇਸ ਤੋਂ ਇਲਾਵਾ ਲਖਨਊ ਦੇ ਪ੍ਰਸਿੱਧ ਹਜ਼ਰਤਗੰਜ ਚੁਰਾਹੇ ਦਾ ਨਾਮ ਬਦਲ ਕੇ ਅਟਲ ਚੌਕ ਕੀਤਾ ਜਾ ਚੁੱਕਿਆ ਹੈ।