14 ਸਾਲ ਜੇਲ੍ਹ ‘ਚ ਰਹਿਣ ‘ਤੇ ਵੀ ਨਾ ਮੰਨੀ ਹਾਰ, ਡਾਕਟਰ ਬਣ ਕੇ ਪੈਦਾ ਕੀਤੀ ਮਿਸਾਲ
ਕਰਨਾਟਕ ਦੇ ਕਲਬੁਰਗੀ ਸਥਿਤ ਅਫ਼ਜ਼ਲਪੁਰਾ ਦੇ ਰਹਿਣ ਵਾਲੇ ਸੁਭਾਸ਼ ਪਾਟਿਲ ਨਾਂਅ ਦੇ ਵਿਅਕਤੀ ਨੇ ਹੌਸਲਿਆਂ ਨੂੰ ਮਜ਼ਬੂਤ ਬਣਾਉਣ ਦੀ ਅਨੌਖੀ ਮਿਸਾਲ ਪੇਸ਼ ਕੀਤੀ ਹੈ।
ਕੁਲਬਰਗੀ: ਕਰਨਾਟਕ ਦੇ ਕਲਬੁਰਗੀ ਸਥਿਤ ਅਫ਼ਜ਼ਲਪੁਰਾ ਦੇ ਰਹਿਣ ਵਾਲੇ ਸੁਭਾਸ਼ ਪਾਟਿਲ ਨਾਂਅ ਦੇ ਵਿਅਕਤੀ ਨੇ ਹੌਸਲਿਆਂ ਨੂੰ ਮਜ਼ਬੂਤ ਬਣਾਉਣ ਦੀ ਅਨੌਖੀ ਮਿਸਾਲ ਪੇਸ਼ ਕੀਤੀ ਹੈ। ਹੱਤਿਆ ਦੇ ਇਕ ਮਾਮਲੇ ਵਿਚ ਸੁਭਾਸ਼ ਨੂੰ ਜੇਲ੍ਹ ਜਾਣਾ ਪਿਆ। ਉਹ 14 ਸਾਲ ਜੇਲ੍ਹ ਵਿਚ ਰਹੇ। ਜੇਲ੍ਹ ਵਿਚ 14 ਸਾਲ ਰਹਿਣ ਦੇ ਬਾਵਜੂਦ ਸੁਭਾਸ਼ ਨੇ ਹਿੰਮਤ ਨਹੀਂ ਹਾਰੀ।
ਬਚਪਨ ਵਿਚ ਉਸ ਦਾ ਸੁਪਨਾ ਸੀ ਕਿ ਉਹ ਡਾਕਟਰ ਬਣੇ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੁਭਾਸ਼ ਨੇ ਅਪਣਾ ਸੁਪਨਾ ਪੂਰਾ ਕੀਤਾ ਅਤੇ ਇਸ ਮਹੀਨੇ ਉਹਨਾਂ ਨੇ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕੀਤੀ। ਸੁਭਾਸ਼ ਪਾਟਿਲ ‘ਤੇ ਸਾਲ 1997 ਵਿਚ ਹੱਤਿਆ ਦਾ ਇਲਜ਼ਾਮ ਲੱਗਿਆ ਸੀ। ਜਦੋਂ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਹ ਐਮਬੀਬੀਐਸ ਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਸੀ।
ਅਦਾਲਤ ਨੇ ਸਾਲ 2006 ਵਿਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹਨਾਂ ਨੇ ਇਸ ਬਾਰੇ ਦੱਸਿਆ, ‘ਮੈਂ 1997 ਵਿਚ ਐਮਬੀਬੀਐਸ ਵਿਚ ਦਾਖਲਾ ਲਿਆ ਸੀ। ਮੈਨੂੰ 2002 ਵਿਚ ਕਤਲ ਦੇ ਮਾਮਲੇ ‘ਚ ਜੇਲ੍ਹ ਜਾਣਾ ਪਿਆ। ਮੈਂ ਜੇਲ੍ਹ ਵਿਚ ਓਪੀਡੀ ‘ਚ ਵੀ ਕੰਮ ਕੀਤਾ। ਮੇਰੇ ਚੰਗੇ ਵਰਤਾਅ ਨੂੰ ਦੇਖਦੇ ਹੋਏ ਮੈਨੂੰ 2016 ਵਿਚ ਰਿਹਾਅ ਕਰ ਦਿੱਤਾ ਗਿਆ। ਮੈਂ 2019 ਵਿਚ ਅਪਣੀ ਐਮਬੀਬੀਐਸ ਪੂਰੀ ਕੀਤੀ ਸੀ’।
ਐਮਬੀਬੀਐਸ ਦੀ ਡਿਗਰੀ ਹਾਸਲ ਕਰਨ ਲਈ ਇਕ ਸਾਲ ਦੀ ਇੰਟਰਨਸ਼ਿਪ ਕਰਨੀ ਪੈਂਦੀ ਹੈ। ਸੁਭਾਸ਼ ਨੇ ਇਸੇ ਮਹੀਨੇ ਅਪਣੀ ਇੰਟਰਨਸ਼ਿਪ ਪੂਰੀ ਕੀਤੀ ਹੈ। ਜੇਲ੍ਹ ਵਿਚ ਰਹਿਣ ਦੌਰਾਨ ਸੁਭਾਸ਼ ਪਾਟਿਲ ਦਾ ਵਰਤਾਅ ਚੰਗਾ ਰਿਹਾ। ਉਹ ਓਪੀਡੀ ‘ਚ ਰਹਿੰਦੇ ਸੀ ਅਤੇ ਮਰੀਜਾਂ ਦਾ ਇਲਾਜ ਕਰਦੇ ਸੀ। ਉਹਨਾਂ ਦੇ ਇਸ ਵਰਤਾਅ ਦੇ ਚਲਦਿਆਂ ਉਹਨਾਂ ਨੂੰ 2016 ਵਿਚ ਸੁਤੰਤਰਤਾ ਦਿਵਸ ‘ਤੇ ਰਿਹਾਅ ਕਰ ਦਿੱਤਾ ਗਿਆ। ਅਪਣੇ ਬਚਪਨ ਦਾ ਸੁਪਨਾ ਪੂਰਾ ਕਰ ਕੇ ਸੁਭਾਸ਼ ਕਾਫੀ ਖੁਸ਼ ਹਨ।