ਗੁਜਰਾਤ 'ਚ ਬੋਲੇ ਮੋਦੀ- ਦਿੱਲੀ ਦੇ ਆਸਪਾਸ ਕਿਸਾਨਾਂ ਨੂੰ ਡਰਾਉਣ ਦੀ ਚੱਲ ਰਹੀ ਹੈ ਸਾਜ਼ਿਸ਼
ਕਿਸਾਨੀ ਸੰਘਰਸ਼ ਦੌਰਾਨ ਪੀਐਮ ਮੋਦੀ ਨੇ ਗੁਜਰਾਤ ਦੇ ਸਿੱਖਾਂ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ: ਗੁਜਰਾਤ ਵਿਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਥਾਨਕ ਵੱਖ-ਵੱਖ ਭਾਈਚਾਰਿਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਨੇ ਸਿੱਖ ਭਾਈਚਾਰੇ ਨਾਲ ਵੀ ਮੁਲਾਕਾਤ ਕੀਤੀ, ਇਹਨਾਂ ਵਿਚ ਕਿਸਾਨ ਵੀ ਸ਼ਾਮਲ ਸਨ। ਇਸ ਦੌਰਾਨ ਕਿਸਾਨਾਂ ਦੇ ਸਥਾਨਕ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਇਕ ਵਾਰ ਫਿਰ ਖੇਤੀ ਕਾਨੂੰਨਾਂ ਬਾਰੇ ਗੱਲ਼ ਕੀਤੀ। ਉਹਨਾਂ ਕਿਹਾ ਕਿ ਦਿੱਲੀ ਦੇ ਆਸਪਾਸ ਅੱਜ ਕੱਲ ਕਿਸਾਨਾਂ ਨੂੰ ਡਰਾਉਣ ਦੀ ਸਾਜ਼ਿਸ਼ ਚੱਲ ਰਹੀ ਹੈ। ਕੀ ਜੇਕਰ ਕੋਈ ਤੁਹਾਡੇ ਨਾਲ ਦੁੱਧ ਲੈਣ ਲਈ ਸਮਝੌਤਾ ਕਰਦਾ ਹੈ, ਤਾਂ ਕੀ ਮੱਝ ਲੈ ਕੇ ਚਲਾ ਜਾਂਦਾ ਹੈ? ਜਿਸ ਤਰ੍ਹਾਂ ਦੀ ਅਜ਼ਾਦੀ ਪਸ਼ੂਪਾਲਕਾਂ ਨੂੰ ਮਿਲ ਰਹੀ ਹੈ, ਉਹੀ ਆਜ਼ਾਦੀ ਅਸੀਂ ਕਿਸਾਨਾਂ ਨੂੰ ਦੇ ਰਹੇ ਹਾਂ।
ਕਈ ਸਾਲਾਂ ਤੋਂ ਕਿਸਾਨ ਜਥੇਬੰਦੀਆਂ ਇਸ ਦੀ ਮੰਗ ਕਰਦੀਆਂ ਸੀ, ਵਿਰੋਧੀ ਅੱਜ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਉਹਨਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਹੈ। ਕਿਸਾਨਾਂ ਦਾ ਹਿੱਤ ਸਰਕਾਰ ਦੀ ਪਹਿਲ ਹੈ। ਅਸੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਫੈਸਲੇ ਲੈ ਰਹੇ ਹਾਂ। ਦੇਸ਼ ਦੇ ਹਰ ਕੋਨੇ ਦੇ ਕਿਸਾਨ ਨਵੇਂ ਕਾਨੂੰਨਾਂ ਦੇ ਨਾਲ ਹਨ।
ਜੋ ਲੋਕ ਅਫ਼ਵਾਹ ਫੈਲਾ ਰਹੇ ਹਨ ਤੇ ਸਿਆਸਤ ਕਰ ਰਹੇ ਹਨ। ਕਿਸਾਨਾਂ ਦੇ ਮੋਢਿਆਂ ‘ਤੇ ਰੱਖ ਕੇ ਬੰਦੂਕਾਂ ਚਲਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੱਛ 'ਚ ਦੁਨੀਆ ਦੇ ਸਭ ਤੋਂ ਵੱਡੇ ਹਾਈਬਰਿੱਡ ਐਨਰਜੀ ਪਾਰਕ ਦੀ ਨੀਂਹ ਰੱਖੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕੱਛ ਦੀ ਸਥਾਨਕ ਭਾਸ਼ਾ 'ਚ ਕੀਤੀ।
ਇਸ ਦੌਰਾਨ ਮੋਦੀ ਨੇ ਕਿਹਾ ਕਿ ਅੱਜ ਸਰਦਾਰ ਪਟੇਲ ਦਾ ਸੁਪਨਾ ਪੂਰਾ ਹੋ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਹੁਣ ਕੱਛ 'ਚ ਦੁਨੀਆ ਦਾ ਸਭ ਤੋਂ ਵੱਡਾ ਹਾਈਬਰਿੱਡ ਐਨਰਜੀ ਪਾਰਕ ਬਣ ਰਿਹਾ ਹੈ, ਜਿੰਨਾ ਵੱਡਾ ਸਿੰਗਾਪੁਰ ਅਤੇ ਬਹਿਰੀਨ 'ਚ ਹੈ, ਓਨਾ ਵੱਡਾ ਇਹ ਪਾਰਕ ਹੈ। ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।