ਔਰਈਆ ਹਾਦਸੇ 'ਤੇ PM Modi ਨੇ ਜਤਾਇਆ ਦੁੱਖ, ਕਿਹਾ-ਸਰਕਾਰ ਰਾਹਤ ਕਾਰਜ ਵਿਚ ਜੁਟੀ
ਸ਼ਨੀਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ 'ਚ ਇਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ।
ਨਵੀਂ ਦਿੱਲੀ: ਸ਼ਨੀਵਾਰ ਸਵੇਰੇ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ 'ਚ ਇਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ 24 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 35 ਲੋਕ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮਜ਼ਦੂਰ ਫਰੀਦਾਬਾਦ ਤੋਂ ਗੋਰਖਪੁਰ ਜਾ ਰਹੇ ਸਨ।
ਇਸ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। 24 ਮਜ਼ਦੂਰਾਂ ਦੀ ਮੌਤ 'ਤੇ ਟਵੀਟ ਕਰ ਕੇ ਪੀਐਮ ਮੋਦੀ ਨੇ ਲਿਖਿਆ ਕਿ ਉੱਤਰ ਪ੍ਰਦੇਸ਼ ਦੇ ਔਰਈਆ ਵਿਚ ਸੜਕ ਹਾਦਸੇ ਦੀ ਘਟਨਾ ਬੇਹੱਦ ਦੁਖਦਾਈ ਹੈ। ਉਹਨਾਂ ਨੇ ਟਵੀਟ ਕੀਤਾ, 'ਸਰਕਾਰ ਰਾਹਤ ਕਾਰਜਾਂ ਵਿਚ ਜੁਟੀ ਹੋਈ ਹੈ। ਮੈਂ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਨਾਲ ਹੀ ਜ਼ਖਮੀਆਂ ਦੇ ਜਲਦ ਤੋਂ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ'।
ਹਾਦਸੇ ਦੀ ਸੂਚਨਾ ਮਿਲਣ 'ਤੇ ਡੀਐਮ ਅਤੇ ਐਸਪੀ ਸਮੇਤ ਕਈ ਥਾਣਿਆਂ ਦੀ ਫੋਰਸ ਮੌਕੇ 'ਤੇ ਮੌਜੂਦ ਹੋ ਗਈ। ਡੀਐਮ ਅਨੁਸਾਰ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਔਰਈਆ ਦੇ ਸੀਐਮਓ ਨੇ 24 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਡੀਐਮ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਸੈਫਈ ਮੈਡੀਕਲ ਕਾਲਜ ਵਿਚ 15 ਵਿਅਕਤੀਆਂ ਨੂੰ ਦਾਖਲ ਕਰਵਾਇਆ ਗਿਆ ਹੈ।
ਇਹ ਹਾਦਸਾ ਸ਼ਹਿਰ ਦੇ ਕੋਤਵਾਲੀ ਖੇਤਰ ਦੇ ਮਿਹੌਲੀ ਨੈਸ਼ਨਲ ਹਾਈਵੇ ਵਿਖੇ ਵਾਪਰਿਆ। ਘਟਨਾ ਦੀ ਖ਼ਬਰ ਮਿਲਦਿਆਂ ਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਯਾਨਾਥ ਨੇ ਨੋਟਿਸ ਲੈਂਦਿਆਂ, ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਮਿਸ਼ਨਰ ਅਤੇ ਆਈਜੀ ਕਾਨਪੁਰ ਨੂੰ ਘਟਨਾਸਥਲ ਦਾ ਦੌਰਾ ਕਰਨ ਅਤੇ ਕਾਰਨਾਂ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 2-2- ਲੱਖ ਰੁਪਏ ਅਤੇ ਜ਼ਖਮੀਆਂ ਦੇ ਪਰਿਵਾਰ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।