ਗਊ ਹੱਤਿਆ ਦਾ ਵਿਰੋਧ ਕਰਨ 'ਤੇ ਦੋ ਸਾਧੂਆਂ ਦਾ ਕਤਲ, ਭੜਕੇ ਲੋਕਾਂ ਨੇ ਕੀਤੀ ਹਿੰਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਊ ਹੱਤਿਆ ਦੇ ਵਿਰੋਧ ਵਿਚ ਓਰੱਈਆ ਦੇ ਬਿਧੂਨਾ ਕਸਬੇ ਵਿਚ ਦੇਰ ਰਾਤ ਅਣਪਛਾਤੇ ਲੋਕਾਂ ਨੇ ਮੰਦਰ ਕੰਪਲੈਕਸ ਵਿਚ ਸੌਂ ਰਹੇ ਦੋ ਸਾਧੂਆਂ ਦੀ ਗ਼ਲਾ ਵੱਢ ਕੇ ਹੱਤਿਆ ਕਰ ਦਿਤੀ...

Murder

ਕਾਨਪੁਰ : ਗਊ ਹੱਤਿਆ ਦੇ ਵਿਰੋਧ ਵਿਚ ਓਰੱਈਆ ਦੇ ਬਿਧੂਨਾ ਕਸਬੇ ਵਿਚ ਦੇਰ ਰਾਤ ਅਣਪਛਾਤੇ ਲੋਕਾਂ ਨੇ ਮੰਦਰ ਕੰਪਲੈਕਸ ਵਿਚ ਸੌਂ ਰਹੇ ਦੋ ਸਾਧੂਆਂ ਦੀ ਗ਼ਲਾ ਵੱਢ ਕੇ ਹੱਤਿਆ ਕਰ ਦਿਤੀ, ਜਦਕਿ ਇਕ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ। ਗੰਭੀਰ ਜ਼ਖ਼ਮੀ ਨੂੰ ਇਟਾਵਾ ਦੇ ਸੈਫਈ ਮੈਡੀਕਲ ਹਸਪਤਾਲ ਵਿਖੇ ਭੇਜਿਆ ਗਿਆ ਹੈ। ਘਟਨਾ ਤੋਂ ਭੜਕੇ ਲੋਕਾਂ ਨੇ ਬਿਧੂਨਾ-ਇਟਾਵਾ ਮਾਰਗ ਜਾਮ ਕਰ ਦਿਤਾ ਅਤੇ ਮੁੱਖ ਮੰਤਰੀ ਨੂੰ ਬੁਲਾਉਣ ਦੀ ਮੰਗ 'ਤੇ ਅੜ ਗਏ। ਪੁਲਿਸ ਨੇ ਉਨ੍ਹਾਂ ਨੂੰ ਹਟਾਉਣਾ ਚਾਹਿਆ ਤਾਂ ਭੜਕੇ ਹੋਏ ਲੋਕਾਂ ਨੇ ਪੁਲਿਸ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿਤਾ ਅਤੇ ਅਗਜ਼ਨੀ ਕੀਤੀ।

ਇਸ ਵਿਚ ਦੋ ਸਿਪਾਹੀ ਜ਼ਖ਼ਮੀ ਹੋ ਗਏ। ਜਵਾਬ ਵਿਚ ਭੀੜ ਨੂੰ ਖਿੰਡਾਉਣ ਲਈ ਅਤੇ ਉਸ 'ਤੇ ਕਾਬੂ ਕਰਨ ਲਈ ਪੁਲਿਸ ਨੇ ਹਵਾਈ ਫਾਈੰਿਗ ਕੀਤੀ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਭੀੜ ਨੇ ਕਸਬੇ ਦੀਆਂ ਕਈ ਦੁਕਾਨਾਂ ਵਿਚ ਅੱਗ ਲਗਾ ਦਿਤੀ ਅਤੇ ਲੁੱਟ ਖੋਹ ਕੀਤੀ। ਦੇਰ ਸ਼ਾਮ ਮ੍ਰਿਤਕ ਦੇ ਭਰਾ ਰਾਮ ਕਿਸ਼ਨ ਦੀ ਤਹਿਰੀਰ 'ਤੇ ਅਣਪਛਾਤੇ ਲੋਕਾਂ ਦੇ ਵਿਰੁਧ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਐਸਪੀ ਨਾਗੇਸ਼ਵਰ ਸਿੰਘ ਨੇ ਬਿਧੂਨਾ ਥਾਣੇ ਦੇ ਇਕ ਇੰਸਪੈਕਟਰ ਅਖਿਲੇਸ਼ ਮਿਸ਼ਰ ਅਤੇ ਸਿਪਾਹੀ ਮੁਹੰਮਦ ਇਸਲਾਮ ਅਤੇ ਵਿਮਲੇਸ਼ ਯਾਦਵ ਨੂੰ ਮੁਅੱਤਲ ਕਰ ਦਿਤਾ।

ਕੁਦਰਕੋਟ ਵਿਚ ਭਿਆਨਕ ਨਾਥ ਸ਼ਿਵ ਮੰਦਰ ਵਿਚ ਲੱਜਾ ਰਾਮ (65) ਵਾਸੀ ਬਾਂਜਰਹਾਟ ਥਾਣਾ ਏਰਵਾਕਟਰਾ ਓਰਈਆ ਅਤੇ ਹਰੀ ਰਾਮ (50) ਵਾਸੀ ਖਿਤੌਰਾ ਥਾਣਾ ਭਰਥਨਾ ਇਟਾਵਾ ਅਤੇ ਰਾਮ ਸ਼ਰਣ (60) ਨਿਵਾਸੀ ਬੀਬੀਪੁਰ ਬਿਧੂਨਾ ਕੁਦਰਕੋਟ ਮੰਦਰ ਵਿਚ ਰਹਿ ਕੇ ਉਸ ਦੀ ਦੇਖ ਭਾਲ ਕਰਦੇ ਸਨ। ਕਰੀਬ ਡੇਢ ਸਾਲ ਤੋਂ ਰਹਿ ਰਹੇ ਲੱਜਾ ਰਾਮ ਖੇਤਰ ਵਿਚ ਗਊ ਹੱਤਿਆ ਦਾ ਵਿਰੋਧ ਕਰਦੇ ਸਨ। ਕਈ ਵਾਰ ਥਾਣੇ ਵਿਚ ਬਿਆਨ ਵੀ ਦਿਤੇ ਅਤੇ ਦੋਸ਼ੀਆਂ ਨੂੰ ਵੀ ਫੜਵਾਇਆ ਸੀ। 
ਰਾਤ ਨੂੰ ਆਰਤੀ ਤੋਂ ਬਾਅਦ ਉਹ ਤਿੰਨੇ ਮੰਦਰ ਕੰਪਲੈਕਸ ਦੇ ਬਰਾਂਡੇ ਵਿਚ ਸੌਂ ਰਹੇ ਸਨ।

ਜਦੋਂ ਸਵੇਰੇ ਕਰੀਬ 6 ਵਜੇ ਆ ਕੇ ਮੰਦਰ ਦੇ ਪੁਜਾਰੀ ਰਾਮ ਕੁਮਾਰ ਪਹੁੰਚੇ ਤਾਂ ਉਥੇ ਤਿੰਨੇ ਖੂਨ ਨਾਲ ਲਥਪਥ ਪਏ ਸਨ। ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਸਾਰਿਆਂ ਤੋਂ ਪਹਿਲਾਂ ਰਾਮ ਸ਼ਰਣ ਜਿਸ ਵਿਚ ਅਜੇ ਸਾਹ ਚੱਲ ਰਹੇ ਸਨ, ਨੂੰ ਹਸਪਤਾਲ ਭਿਜਵਾਇਆ।ਪਿੰਡ ਵਾਸੀਆਂ ਨੇ ਤੁਰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਮੁੱਖ ਮੰਤਰੀ ਦੇ ਆਉਣ 'ਤੇ ਲਾਸ਼ ਚੁਕਣ ਦੀ ਗੱਲ ਨੂੰ ਲੈ ਕੇ ਭੜਕ ਗਏ। ਲੋਕਾਂ ਦੇ ਗੁੱਸੇ ਨੂੰ ਦੇਖ ਕੇ ਮੌਕੇ 'ਤੇ ਨੇੜੇ ਤੇੜੇ ਦੇ ਥਾਣਿਆਂ ਦੀ ਪੁਲਿਸ ਫੋਰਸ ਵੀ ਬੁਲਾ ਲਈ ਗਈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਪਥਰਾਅ, ਫਾਈਰਿੰਗ ਅਤੇ ਅਗਜ਼ਨੀ ਕਰਕੇ ਦੁਕਾਨਾਂ ਵਿਚ ਲੁੱਟ ਖੋਹ ਕੀਤੀ।

ਹਾਲਾਤ ਵਿਗੜਦੇ ਦੇਖ ਜ਼ਿਲ੍ਹਾ ਅਧਿਕਾਰੀ ਸ੍ਰੀਕਾਂਤ ਮਿਸ਼ਰ ਅਤੇ ਐਸਪੀ ਨਾਗੇਸ਼ਵਰ ਸਿੰਘ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ। ਮੌਕੇ 'ਤੇ ਪੁੱਜੇ ਆਈਜੀ ਅਲੋਕ ਸਿੰਘ ਨੇ ਦਸਿਆ ਕਿ ਹੱਤਿਆ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਲੁੱਟ ਖੋਹ, ਜ਼ਮੀਨੀ ਵਿਵਾਦ ਦੇ ਨਾਲ ਗਊ ਹੱਤਿਆ ਦੇ ਬਿੰਦੂ 'ਤੇ ਜਾਂਚ ਚੱਲ ਰਹੀ ਹੈ।