ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਰਾਜਨੀਤੀ 'ਚ ਐਂਟਰੀ, ਜੇਡੀਯੂ 'ਚ ਸ਼ਾਮਲ ਹੋਣ ਦੇ ਆਸਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਰਾਜਨੀਤੀ ਵਿਚ ਐਂਟਰੀ ਲੈ ਲਈ ਹੈ ਅਤੇ ਉਹ ਅਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਬਿਹਾਰ ਤੋਂ ਕਰਨ ਜਾ ਰਹੇ ...

Prashant Kishor and Nitish Kumar

ਪਟਨਾ : ਚੋਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਰਾਜਨੀਤੀ ਵਿਚ ਐਂਟਰੀ ਲੈ ਲਈ ਹੈ ਅਤੇ ਉਹ ਅਪਣੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਬਿਹਾਰ ਤੋਂ ਕਰਨ ਜਾ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਪਟਨਾ ਵਿਚ ਜੇਡੀਯੂ ਦੀ ਰਾਜ ਕਾਰਜਕਾਰਨੀ ਦੀ ਮੀਟਿੰਗ ਵਿਚ ਨਿਤੀਸ਼ ਕੁਮਾਰ ਦੀ ਮੌਜੂਦਗੀ ਵਿਚ ਜਨਤਾ ਦਲ ਯੂਨਾਇਟਡ ਵਿਚ ਰਸਮੀ ਤੌਰ 'ਤੇ ਸ਼ਾਮਲ ਹੋਣਗੇ। ਖ਼ੁਦ ਬਿਹਾਰ ਦੇ ਮੁੱਖ ਮੰਤਰੀ ਅਤੇ ਜੇਡੀਯੂ ਦੇ ਮੁਖੀ ਨਿਤੀਸ਼ ਕੁਮਾਰ ਉਨ੍ਹਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਉਣਗੇ। ਖ਼ਾਸ ਗੱਲ ਇਹ ਹੈ ਕਿ ਚੋਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਹਿਲੀ ਵਾਰ ਜਨਤਾ ਦਲ ਯੂਨਾਇਟਡ ਦੀ ਕਾਰਜਕਾਰਨੀ ਦੀ ਮੀਟਿੰਗ ਵਿਚ ਸ਼ਾਮਲ ਹੋਣਗੇ।

ਦਸ ਦਈਏ ਕਿ ਪਿਛਲੇ ਹਫ਼ਤੇ ਖ਼ਬਰ ਆਈ ਸੀ ਕਿ ਪ੍ਰਸ਼ਾਂਤ ਕਿਸ਼ੋਰ ਰਾਜਨੀਤੀ ਵਿਚ ਆ ਸਕਦੇ ਹਨ ਅਤੇ ਹੁਣ ਤੋਂ ਉਹ ਕਿਸੇ ਵੀ ਰਾਜਨੀਤਕ ਦਲ ਦੀ ਰਣਨੀਤਕ ਤੌਰ 'ਤੇ ਮਦਦ ਨਹੀਂ ਕਰਨਗੇ। ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰਕੇ ਖ਼ੁਦ ਇਸ ਗੱਲ ਦੀ ਜਾਣਕਾਰੀ ਦਿਤੀ ਹੈ ਕਿ ਉਹ ਹੁਣ ਪੂਰੀ ਤਰ੍ਹਾਂ ਰਾਜਨੀਤੀ ਵਿਚ ਆ ਗਏ ਹਨ। ਪ੍ਰਸ਼ਾਂਤ ਕਿਸ਼ੋਰ ਨੇ ਐਤਵਾਰ ਨੂੰ ਸਵੇਰੇ ਟਵੀਟ ਕਰਕੇ ਕਿਹਾ ਕਿ ਬਿਹਾਰ ਤੋਂ ਨਵੀਂ ਯਾਤਰਾ ਸ਼ੁਰੂ ਕਰਨ ਲਈ ਕਾਫ਼ੀ ਉਤਸ਼ਾਹਤ ਹਾਂ। ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਅੱਜ ਜਨਤਾ ਦਲ ਯੂਨਾਇਟਡ ਭਾਵ ਜੇਡੀਯੂ ਦੀ ਰਾਜ ਕਾਰਜਕਾਰਨੀ ਦੀ ਮੀਟਿੰਗ ਹੈ।

ਇਸ ਮੀਟਿੰਗ ਵਿਚ ਜੇਡੀਯੂ ਵਲੋਂ ਨੇਤਾ, ਵਿਧਾਇਕ, ਸਾਂਸਦ ਸਾਰੇ ਸ਼ਾਮਲ ਹੋਣਗੇ। ਦਸਿਆ ਜਾ ਰਿਹਾ ਹੈ ਕਿ ਅਗਾਮੀ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਪਾਰਟੀ ਦੀ ਰਣਨੀਤੀ ਕੀ ਹੋਵੇਗੀ, ਇਸ ਤੋਂ ਖ਼ੁਦ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਨਿਤੀਸ਼ ਕੁਮਾਰ ਜਾਣੂ ਕਰਵਾਉਣਗੇ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਜੇਡੀਯੂ ਦੀ ਇਹ ਅਹਿਮ ਮੀਟਿੰਗ ਹੈ। ਦਸ ਦਈਏ ਕਿ ਪ੍ਰਸ਼ਾਂਤ ਕਿਸ਼ੋਰ 2014 ਵਿਚ ਭਾਰਤੀ ਜਨਤਾ ਪਾਰਟੀ, 2015 ਵਿਚ ਰਾਜਦ-ਜੇਡੀਯੂ-ਕਾਂਗਰਸ ਮਹਾਂਗਠਜੋੜ ਅਤੇ 2017 ਵਿਚ ਉਤਰ ਪ੍ਰਦੇਸ਼ ਵਿਧਾਨ ਸਭਾ ਵਿਚ ਕਾਂਗਰਸ ਦੇ ਲਈ ਕੰਮ ਕਰ ਚੁੱਕੇ ਹਨ।

ਇਕ ਸਮੇਂ ਵਿਚ ਚੋਣਾਂ ਵਿਚ ਜਿੱਤ ਦੀ ਗਰੰਟੀ ਬਣ ਚੁੱਕੇ ਪ੍ਰਸ਼ਾਂਤ ਕਿਸ਼ੋਰ ਉਸ ਸਮੇਂ ਚਰਚਾ ਵਿਚ ਆਏ ਸਨ, ਜਦੋਂ 2014 ਦੇ ਚੋਣ ਪ੍ਰਚਾਰ ਵਿਚ ਭਾਜਪਾ ਦੇ ਪ੍ਰਚਾਰ ਨੂੰ ਉਨ੍ਹਾਂ ਨੇ 'ਮੋਦੀ ਲਹਿਰ' ਵਿਚ ਬਦਲ ਦਿਤਾ ਸੀ। ਉਸ ਤੋਂ ਬਾਅਦ ਉਨ੍ਹਾਂ ਦੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮਤਭੇਦ ਦੀਆਂ ਖ਼ਬਰਾਂ ਆਈਆਂ ਅਤੇ ਉਨ੍ਹਾਂ ਨੇ ਸਾਲ 2015 ਵਿਚ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਮਹਾਗਠਜੋੜ ਦੇ ਪ੍ਰਚਾਰ ਦੀ ਕਮਾਨ ਸੰਭਾਲ ਲਈ ਅਤੇ ਇਸ ਚੋਣ ਵਿਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਹਾਲਾਂਕਿ 2015 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਅਜਿਹੀਆਂ ਖ਼ਬਰਾਂ ਆਈਆਂ ਕਿ ਨਿਤੀਸ਼ ਕੁਮਾਰ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਵਿਚਕਾਰ ਕੁੱਝ ਮਤਭੇਦ ਚੱਲ ਰਿਹਾ ਹੈ, ਪਰ ਹੁਣ ਪ੍ਰਸ਼ਾਂਤ ਕਿਸ਼ੋਰ ਦੇ ਜੇਡੀਯੂ ਵਿਚ ਸ਼ਾਮਲ ਹੋਣ ਦੇ ਐਲਾਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਨਿਤੀਸ਼ ਕੁਮਾਰ ਦੇ ਨਾਲ ਉਨ੍ਹਾਂ ਦੇ ਪੁਰਾਣੇ ਮਤਭੇਦ ਖ਼ਤਮ ਹੋ ਗਏ ਹਨ।