ਤ੍ਰਿਪੁਰਾ 'ਚ ਭਾਜਪਾ ਨੇ ਗ੍ਰਾਮ ਪੰਚਾਇਤ ਦੀਆਂ 96 ਫ਼ੀਸਦੀ ਸੀਟਾਂ ਬਿਨਾਂ ਵਿਰੋਧ ਜਿੱਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇੱਥੇ ਗ੍ਰਾਮ ਪੰਚਾਇਤ ਅਤੇ ਪੰਚਾਇਤ ਸੰਮਤੀ ਦੀਆਂ 96 ਫ਼ੀਸਦੀ ਸੀਟਾਂ 'ਤੇ ਬਿਨਾ ਵਿਰੋਧ ਜਿੱਤ ਦਰਜ ਕੀਤੀ...

Tripura BJP Won

ਅਗਰਤਲਾ : ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇੱਥੇ ਗ੍ਰਾਮ ਪੰਚਾਇਤ ਅਤੇ ਪੰਚਾਇਤ ਸੰਮਤੀ ਦੀਆਂ 96 ਫ਼ੀਸਦੀ ਸੀਟਾਂ 'ਤੇ ਬਿਨਾ ਵਿਰੋਧ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਪਾਰਟੀ ਨੇ ਰਾਜ ਦੀਆਂ ਸਾਰੀਆਂ 18 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਸੀਟਾਂ 'ਤੇ ਵੀ ਕਬਜ਼ਾ ਕਰ ਲਿਆ। ਰਾਜ ਚੋਣ ਕਮਿਸ਼ਨ (ਐਸਈਸੀ) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। 3386 ਸੀਟਾਂ 'ਤੇ 30 ਸਤੰਬਰ ਨੂੰ ਉਪ ਚੋਣਾਂ ਹੋਣੀਆਂ ਹਨ, ਜਿਸ ਵਿਚ 3207 ਗ੍ਰਾਮ ਪੰਚਾਇਤਾਂ, 161 ਪੰਚਾਇਤ ਸੰਮਤੀਆਂ ਅਤੇ 18 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਸ਼ਾਮਲ ਹਨ। 

ਤ੍ਰਿਪੁਰਾ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਵੱਡੇ ਪੱਧਰ ਖੱਬੇ ਪੱਖੀ ਦਲਾਂ ਦੇ ਨੁਮਾਇੰਦਿਆਂ ਦੇ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟਾਂ ਖਾਲੀ ਹੋਈਆਂ ਸਨ। ਤਿੰਨ ਮੈਂਬਰੀ ਪੰਚਾਇਤ ਦੀਆਂ ਕੁੱਝ ਸੀਟਾਂ ਨੁਮਾਇੰਦਿਆਂ ਦੀ ਮੌਤ ਦੀ ਵਜ੍ਹਾ ਨਾਲ ਵੀ ਖ਼ਾਲੀ ਹੋਈਆਂ ਸਨ। ਐਸਈਸੀ ਅਧਿਕਾਰੀ ਨੇ ਕਿਹਾ ਕਿ ਭਾਜਪਾ ਨਾਲ ਜੁੜੇ ਉਮੀਦਵਾਰ 3075 ਗ੍ਰਾਮ ਪੰਚਾਇਤਾਂ, 154 ਪੰਚਾਇਤ ਸੰਮਤੀਆਂ ਅਤੇ ਸਾਰੇ 18 ਜ਼ਿਲ੍ਹਾ ਪ੍ਰੀਸ਼ਦਾਂ ਵਿਚ ਬਿਨਾਂ ਵਿਰੋਧ ਚੁਣੇ ਗਏ। ਹੁਣ 30 ਸਤੰਬਰ ਨੂੰ ਚੋਣ ਸਿਰਫ਼ 132 ਗ੍ਰਾਮ ਪੰਚਾਇਤ ਅਤੇ ਪੰਚਾਇਤ ਸੰਮਤੀਆਂ ਦੀਆਂ ਸਿਰਫ਼ ਸੱਤ ਸੀਆਂ 'ਤੇ ਵੀ ਹੋਵੇਗਾ। 

ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ ਸ਼ੁਕਰਵਾਰ ਤਕ ਹੈ। ਵਿਰੋਧੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੀ ਅਗਵਾਈ ਵਾਲਾ ਖੱਬਾ ਮੋਰਚਾ, ਕਾਂਗਰਸ ਅਤੇ ਜਨਜਾਤੀ ਅਧਾਰਤ ਪਾਰਟੀ ਆਈਪੀਐਫਟੀ ਨੇ ਐਸਈਸੀ ਨੂੰ ਅਲੱਗ ਤੋਂ ਮੌਜੂਦਾ ਚੋਣ ਪ੍ਰਕਿਰਿਆ ਨੂੰ ਦੁਬਾਰਾ ਕਰਵਾਉਣ ਲਈ ਕਿਹਾ ਹੈ ਕਿਉਂਕਿ ਇਨ੍ਹਾਂ ਪਾਰਟੀਆਂ ਦਾ ਦਾਅਵਾ ਹੈ ਕਿ ਭਾਰੀ ਹਿੰਸਾ ਦੀ ਵਜ੍ਹਾ ਨਾਲ ਉਨ੍ਹਾਂ ਦੇ ਉਮੀਦਵਾਰ ਅਪਣਾ ਨਾਮਜ਼ਦਗੀ ਦਾਖ਼ਲ ਨਹੀਂ ਕਰ ਸਕੇ। ਇਨ੍ਹਾਂ ਪਾਰਟੀਆਂ ਨੇ ਦੋਸ਼ ਲਗਾਇਆ ਕਿ ਭਾਜਪਾ ਵਰਕਰਾਂ ਨੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ 35 ਬਲਾਕਾਂ ਵਿਚ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ। ਭਾਜਪਾ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 

ਪੁਲਿਸ ਦੇ ਅਨੁਸਾਰ ਤ੍ਰਿਪੁਰਾ ਵਿਚ ਸੋਮਵਾਰ ਅਤੇ ਮੰਗਲਵਾਰ ਨੂੰ ਰਾਜਨੀਤਕ ਪਾਰਟੀਆਂ ਦੇ ਮੁਕਾਬਲੇਬਾਜ਼ ਗੁੱਟਾਂ ਦੇ ਵਿਚਕਾਰ ਘੱਟ ਤੋਂ ਘੱਟ 12 ਥਾਵਾਂ 'ਤੇ ਲੜੀਵਾਰ ਝੜਪ ਵਿਚ ਭਾਜਪਾ, ਆਈਪੀਐਫਟੀ ਅਤੇ ਕਾਂਗਰਸ ਦੇ 25 ਵਰਕਰਾਂ ਅਤੇ ਦੋ ਸੀਨੀਅਰ ਅਧਿਕਾਰੀਆਂ ਸਮੇਤ 10 ਪੁਲਿਸ ਕਰਮੀ ਜ਼ਖਮੀ ਹੋ ਗਏ। ਵਿਰੋਧੀਆਂ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਦੇ ਹੋਏ ਭਾਜਪਾ ਰਾਜ ਬੁਲਾਰੇ ਮ੍ਰਿਣਾਲ ਕਾਂਤੀ ਦੇਬ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਮਾਕਪਾ ਗ੍ਰਾਮ ਪੰਚਾਇਤ ਚੋਣਾਂ ਲਈ ਯੋਗ ਉਮੀਦਵਾਰ ਨਹੀਂ ਭਾਲ ਸਕੀ ਅਤੇ ਤ੍ਰਿਪੁਰਾ ਵਿਚ ਜ਼ਿਆਦਾਤਰ ਲੋਕਾਂ ਨੂੰ ਖੱਬਿਆਂ ਅਤੇ ਕਾਂਗਰਸ ਵਲੋਂ ਚੋਣ ਲੜਨ ਵਿਚ ਰੁਚੀ ਨਹੀਂ ਸੀ।

ਉਥੇ ਮਾਕਪਾ ਕੇਂਦਰੀ ਕਮੇਟੀ ਦੇ ਮੈਂਬਰ ਗੌਤਮ ਦਾਸ ਨੇ ਤ੍ਰਿਪੁਰਾ ਦੇ ਚੋਣ ਕਮਿਸ਼ਨਰ ਜੀ ਕਾਮੇਸ਼ਵਰ ਰਾਓ ਦੇ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਤ੍ਰਿਪੁਰਾ ਵਿਚ ਮੁਕਤ ਅਤੇ ਸਾਫ਼ ਸੁਥਰੇ ਚੋਣ ਕਰਵਾਉਣ ਦਾ ਮਾਹੌਲ ਨਹੀਂ ਹੈ। 35 ਬਲਾਕਾਂ ਵਿਚੋਂ 28 ਬਲਾਕਾਂ ਵਿਚ, ਸੱਤਾਧਾਰੀ ਪਾਰਟੀ ਦੇ ਸਮਰਥਕਾਂ ਨੇ ਗ਼ੈਰ ਭਾਜਪਾ ਦਲਾਂ ਨੂੰ ਨਾਮਜ਼ਦਗੀ ਭਰਨ ਨਹੀਂ ਦਿਤੀ।