ਗਾਂਧੀ ਪ੍ਰਵਾਰ ਤੋਂ ਬਿਨਾਂ ਕਿਸੇ ਹੋਰ ਨੂੰ ਪ੍ਰਧਾਨ ਬਣਾਵੇ ਕਾਂਗਰਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਗਾਂਧੀ ਪ੍ਰਵਾਰ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਘੱਟੋ ਘੱਟ ਪੰਜ ਸਾਲ ਲਈ ਪਾਰਟੀ ਪ੍ਰਧਾਨ ਬਣਾਉਣ ਦੀ ਚੁਨੌਤੀ ਦਿਤੀ....
ਅੰਬੀਕਾਪੁਰ (ਛੱਤੀਸਗੜ੍ਹ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਗਾਂਧੀ ਪ੍ਰਵਾਰ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਘੱਟੋ ਘੱਟ ਪੰਜ ਸਾਲ ਲਈ ਪਾਰਟੀ ਪ੍ਰਧਾਨ ਬਣਾਉਣ ਦੀ ਚੁਨੌਤੀ ਦਿਤੀ। ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ (ਗਾਂਧੀ) ਪ੍ਰਵਾਰ ਤੋਂ ਬਾਹਰ ਕਿਸੇ ਵਿਅਕਤੀ ਨੂੰ ਘੱਟ ਤੋਂ ਘੱਅ ਪੰਜ ਸਾਲਾਂ ਲਈ ਪਾਰਟੀ ਪ੍ਰਧਾਨ ਬਣਾਉਂਦੀ ਹੈ ਤਾਂ ਉਨ੍ਹਾਂ ਨੂੰ ਯਕੀਨ ਹੋ ਜਾਵੇਗਾ ਕਿ ਪੰਡਤ ਜਵਾਹਰਲਾਲ ਨਹਿਰੂ ਨੇ ਸੱਚਮੁਚ ਇਥੇ ਲੋਕਤੰਤਰੀ ਪ੍ਰਣਾਲੀ ਵਿਕਸਤ ਕੀਤੀ ਸੀ। ਛੱਤੀਸਗੜ੍ਹ ਵਿਚ 20 ਨਵੰਬਰ ਨੂੰ ਹੋਦ ਵਾਲੀਆਂ ਦੂਜੇ ਗੇੜ ਦੀਆਂ ਚੋਣਾ ਲਈ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਚਾਰ ਪੀੜੀਆਂ ਤੋਂ ਦੇਸ਼ 'ਤੇ ਰਾਜ ਕਰ ਰਹੀ ਹੈ। ਉਨ੍ਹਾਂ ਨੂੰ ਹਿਸਾਬ ਦੇਣਾ ਚਾਹੀਦੈ ਕਿ ਦੇਸ਼ ਲਈ ਕੀ ਕੀਤਾ ਹੈ। ਮੋਦੀ ਨੇ ਕਿਹਾ ਕਿ ਜਨਤਾ ਨੇ ਇਸ ਗੱਲ ਨੂੰ ਠੁਕਰਾ ਦਿਤਾ ਹੈ ਕਿ ਦਿੱਲੀ ਵਿਚ ਲਾਲ ਕਿਲੇ ਤੋਂ ਬੋਲਣ ਦਾ ਅਧਿਕਾਰ ਸਿਰਫ਼ ਇਕ ਪ੍ਰਵਾਰ ਨੂੰ ਹੈ। ਪਹਿਲੇ ਗੇੜ ਦੀਆਂ ਚੋਣਾ ਵਿਚ ਵੋਟਰਾਂ ਦੀ ਜ਼ਬਰਦਸਤ ਭਾਗੀਦਾਰੀ ਸਬੰਧੀ ਉਨ੍ਹਾਂ ਕਿਹਾ ਕਿ ਵਿਧਾਨਸਭਾ ਚੋਣਾਂ ਦੇ ਪਹਿਲੇ ਗੇੜ ਵਿਚ ਰਿਕਾਰਡ ਮਤਦਾਨ ਜ਼ਰੀਏ ਛੱਤੀਸਗੜ੍ਹ ਦੇ ਬਸਤਰ ਦੀ ਜਨਤਾ ਨੇ ਨਕਸਲੀਆਂ ਨੂੰ ਮੂੰਹਤੋੜ ਜਵਾਬ ਦਿਤਾ ਹੈ।
ਦੂਜੇ ਪਾਸੇ ਭੋਪਾਲ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੋਟਬੰਦੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਇਸ ਜ਼ਰੀਏ ਦਬਿਆ ਹੋਇਆ ਪੈਸਾ ਵਾਪਸ ਬੈਂਕਾਂ 'ਚ ਪੁਜਿਆ ਅਤੇ ਇਸ ਦਾ ਪ੍ਰਯੋਗ ਸਰਕਾਰ ਲੋਕਾਂ ਦੀ ਭਲਾਈ ਲਈ ਕਰ ਰਹੀ ਹੈ। ਉਨ੍ਹਾਂ ਕਿਹਾ, ''ਨੋਟਬੰਦੀ ਵੇਲੇ ਮੈਂ ਜਨਤਕ ਰੂਪ 'ਚ ਕਿਹਾ ਸੀ ਕਿ ਸ਼ੁਰੂਆਤ 'ਚ ਇਸ ਤੋਂ ਲੋਕਾਂ ਨੂੰ ਕੁੱਝ ਪ੍ਰੇਸ਼ਾਨੀ ਹੋਵੇਗੀ।'' ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪ੍ਰਚਾਰ ਲਈ 25 ਰੈਲੀਆਂ ਨੂੰ ਸੰਬੋਧਨ ਕਰਲ ਵਾਲੇ ਹਨ ਜਿਨ੍ਹਾਂ 'ਚ ਜ਼ਿਆਦਾਤਰ ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਹੋਣਗੀਆਂ। (ਪੀਟੀਆਈ)