ਗੰਭੀਰ ਹੋ ਰਹੀ ਬੇਰੁਜ਼ਗਾਰੀ ਦੀ ਸਮੱਸਿਆ! ਚਪੜਾਸੀ ਦੀ ਇੰਟਰਵਿਊ ਦੇਣ ਪਹੁੰਚੇ ਇੰਜੀਨੀਅਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਕ ਪੋਸਟ ਲਈ ਕਰੀਬ 300 ਨੌਜਵਾਨਾਂ ਨੇ ਕੀਤੀ ਪਹੁੰਚ 

Representational Image

ਚੰਡੀਗੜ੍ਹ : ਦੇਸ਼ ਵਿਚ ਬੇਰੁਜ਼ਗਾਰੀ ਇੰਨੀ ਵੱਧ ਗਈ ਹੈ ਕਿ ਆਪਣੀ ਯੋਗਤਾ ਤੋਂ ਕੀਤੇ ਘੱਟ ਵਾਲੀਆਂ ਨੌਕਰੀਆਂ ਲਈ ਅਪਲਾਈ ਕਰਨ ਵਾਸਤੇ ਨੌਜਵਾਨ ਮਜਬੂਰ ਹੋ ਰਹੇ ਹਨ। ਅਜਿਹਾ ਹੀ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਚਪੜਾਸੀ (ਚੌਥਾ ਦਰਜ ਕਰਮਚਾਰੀ) ਦੀ ਨੌਕਰੀ ਲਈ ਪੜ੍ਹੇ-ਲਿਖੇ ਨੌਜਵਾਨ ਅਪਲਾਈ ਕਰ ਰਹੇ ਹਨ। 

ਦੱਸ ਦੇਈਏ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਲੋਂ ਚਪੜਾਸੀ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ ਜਿਸ ਲਈ ਵਿਦਿਅਕ ਯੋਗਤਾ 8ਵੀਂ ਪਾਸ ਹੈ। ਹੈਰਾਨੀ ਦੀ ਗੱਲ ਹੈ ਕਿ ਇੰਜਨੀਅਰਿੰਗ ਅਤੇ ਮਾਸਟਰ ਡਿਗਰੀ ਕਰ ਚੁੱਕੇ ਨੌਜਵਾਨਾਂ ਨੇ ਇਸ ਨੌਕਰੀ ਲਈ ਅਪਲਾਈ ਕੀਤਾ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹਾ ਅਦਾਲਤ ਵਿੱਚ ਚਪੜਾਸੀ ਦੀ ਇੱਕ ਪੋਸਟ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇਸ ਲਈ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕਰੀਬ 300 ਨੌਜਵਾਨਾਂ ਨੇ ਅਪਲਾਈ ਕੀਤਾ ਹੈ। ਦਰਜਾ ਚਾਰ ਇਸ ਨੌਕਰੀ ਮਹਿਜ਼ ਇੱਕ ਪੋਸਟ ਲਈ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਇੰਟਰਵਿਊ ਹੋ ਰਹੀ ਹੈ।

ਇਹ ਵੀ ਪੜ੍ਹੋ:  ਚੰਬਲ ਨਦੀ 'ਚ ਡੁੱਬੇ ਥਾਰਮਿਕ ਸਥਾਨ 'ਤੇ ਦਰਸ਼ਨ ਲਈ ਜਾ ਰਹੇ 8 ਸ਼ਰਧਾਲੂ

ਪਹਿਲੇ ਦਿਨ ਸ਼ੁੱਕਰਵਾਰ ਨੂੰ ਏ ਤੋਂ ਐੱਨ ਤੱਕ ਦੇ ਉਮੀਦਵਾਰਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਇੰਟਰਵਿਊ ਲਈ ਬੁਲਾਇਆ ਗਿਆ। ਇਸ ਅਹੁਦੇ ਲਈ ਚੋਣ ਪ੍ਰਕਿਰਿਆ ਇੰਟਰਵਿਊ ਦੇ ਆਧਾਰ 'ਤੇ ਹੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਚਪੜਾਸੀ ਦੀ ਇਕ ਪੋਸਟ 'ਤੇ ਰੈਗੂਲਰ ਭਰਤੀ ਕੀਤੀ ਜਾ ਰਹੀ ਹੈ, ਜਿਸ ਲਈ ਗ੍ਰੈਜੂਏਟ, ਬੀ.ਐੱਸ.ਈ., ਬੀ.ਸੀ.ਏ., ਬੀ.ਟੈਕ ਅਤੇ ਐੱਮ.ਕਾਮ ਪਾਸ ਨੌਜਵਾਨ ਵੀ ਇੰਟਰਵਿਊ ਲਈ ਪਹੁੰਚ ਚੁੱਕੇ ਹਨ।

ਜ਼ਿਲ੍ਹਾ ਅਦਾਲਤ ਦੇ ਪ੍ਰਸ਼ਾਸਕੀ ਦਫ਼ਤਰ ਵਿੱਚ ਚੌਥੀ ਸ਼੍ਰੇਣੀ ਦੀ ਇੱਕ ਪੋਸਟ ਲਈ ਕੁੱਲ 272 ਲੋਕਾਂ ਨੇ ਅਰਜ਼ੀ ਦਿੱਤੀ ਸੀ। ਇਨ੍ਹਾਂ ਵਿੱਚੋਂ 70 ਬਿਨੈਕਾਰਾਂ ਦੇ ਫਾਰਮ ਊਣਤਾਈਆਂ ਕਾਰਨ ਰੱਦ ਕਰ ਦਿੱਤੇ ਗਏ। ਬਿਨੈਕਾਰ ਇੰਟਰਵਿਊ ਲਈ ਸਵੇਰੇ 11 ਵਜੇ ਜ਼ਿਲ੍ਹਾ ਅਦਾਲਤ ਵਿੱਚ ਪੁੱਜੇ ਸਨ। ਦੁਪਹਿਰ ਤੱਕ ਅਦਾਲਤ ਦੀ ਗਰਾਊਂਡ ਫਲੋਰ 'ਤੇ ਬਿਨੈਕਾਰਾਂ ਦੀ ਕਤਾਰ ਲੱਗੀ ਰਹੀ। ਅਜਿਹੀ ਸਥਿਤੀ ਦੇਖ ਕੇ ਨੌਕਰੀ ਦੀ ਭਾਲ ਕਰਨ ਵਾਲੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਦੇ ਹਾਲਾਤ ਬਾਰੇ ਬਾਖੂਬੀ ਕਿਆਸ ਲਗਾਇਆ ਜਾ ਸਕਦਾ ਹੈ।

ਪ੍ਰਸ਼ਾਸਨਿਕ ਦਫ਼ਤਰ ਤੋਂ ਮਿਲੇ ਵੇਰਵਿਆਂ ਅਨੁਸਾਰ 164 ਵਿਅਕਤੀਆਂ ਨੇ ਜ਼ਿਲ੍ਹਾ ਅਦਾਲਤ ਵਿੱਚ ਦਰਜਾ ਚਾਰ ਦੀ ਪੋਸਟ ਲਈ ਸਿੱਧੇ ਦਫ਼ਤਰ ਵਿੱਚ ਫਾਰਮ ਭਰ ਕੇ ਅਪਲਾਈ ਕੀਤਾ ਸੀ ਜਦੋਂ ਕਿ ਰੁਜ਼ਗਾਰ ਦਫ਼ਤਰ ਰਾਹੀਂ 74 ਅਰਜ਼ੀਆਂ ਆਈਆਂ ਸਨ। ਪੜ੍ਹੇ-ਲਿਖੇ ਲੋਕਾਂ ਨੂੰ ਕਤਾਰਾਂ ਵਿਚ ਖੜ੍ਹੇ ਦੇਖ ਕੇ ਸਪੱਸ਼ਟ ਹੋ ਗਿਆ ਹੈ ਕਿ ਬੇਰੁਜ਼ਗਾਰੀ ਆਪਣੇ ਸਿਖਰ 'ਤੇ ਹੈ।