ਯੋਗੀ ਸਰਕਾਰ ਨੇ ਯੂਪੀ ਦੇ ਕਾਲਜਾਂ-ਯੂਨੀਵਰਸਿਟੀਆਂ 'ਚ ਮੋਬਾਈਲ 'ਤੇ ਲਗਾਈ ਪਾਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਆਪਕਾਂ ਤੇ ਵਿਦਿਆਰਥੀਆਂ ਵਲੋਂ ਮੋਬਾਈਲ 'ਤੇ ਸਮਾਂ ਬਰਬਾਦੀ ਨੂੰ ਰੋਕਣ ਲਈ ਲਿਆ ਫ਼ੈਸਲਾ

Yogi Adityanath bans mobile phone in UP colleges and Universities

ਲਖਨਊ : ਯੋਗੀ ਅਦਿਤਿਆਨਾਥ ਨੇ ਉੱਤਰ ਪ੍ਰਦੇਸ਼ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਸਮਾਰਟਫ਼ੋਨ-ਮੋਬਾਈਲ 'ਤੇ ਪਾਬੰਦੀ ਲਗਾ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਉੱਚ ਸਿਖਿਆ ਵਿਭਾਗ ਨੇ ਕਾਲਜਾਂ 'ਚ ਸਮਾਰਟਫ਼ੋਨ 'ਤੇ ਪਾਬੰਦੀ ਲਗਾਉਣ ਸਬੰਧੀ ਸਰਕੁਲਰ ਜਾਰੀ ਕਰ ਦਿੱਤਾ ਹੈ। ਸਰਕੁਲਰ ਮੁਤਾਬਕ ਸੂਬੇ ਦੀ ਕਿਸੇ ਵੀ ਯੂਨੀਵਰਸਿਟੀ 'ਚ ਵਿਦਿਆਰਥੀ ਤੇ ਅਧਿਆਪਕ ਸਮਾਰਟਫ਼ੋਨ ਲੈ ਕੇ ਦਾਖ਼ਲ ਨਹੀਂ ਹੋਣਗੇ।

ਦੱਸ ਦੇਈਏ ਕਿ ਇਹ ਫ਼ੈਸਲਾ ਕਾਲਜਾਂ ਅਤੇ ਯੂਨੀਵਰਸਿਟੀ ਕੈਂਪਸ 'ਚ ਪੜ੍ਹਾਈ ਦਾ ਮਾਹੌਲ ਵਧਾਉਣ ਲਈ ਕੀਤਾ ਗਿਆ ਹੈ। ਇਹ ਪਾਬੰਦੀ ਸਿਰਫ਼ ਮੋਬਾਈਲ ਫ਼ੋਨ 'ਤੇ ਨਹੀਂ, ਸਗੋਂ ਹਰੇਕ ਤਰ੍ਹਾਂ ਦੇ ਇਲੈਕਟ੍ਰੋਨਿਕ ਗੈਜ਼ੇਟਾਂ 'ਤੇ ਲਗਾਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਅਧਿਆਪਕ ਅਤੇ ਵਿਦਿਆਰਥੀ ਆਪਣਾ ਜ਼ਿਆਦਾਤਰ ਕੀਮਤੀ ਸਮਾਂ ਮੋਬਾਈਲ 'ਤੇ ਬਰਬਾਦ ਕਰਦੇ ਹਨ, ਜਿਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।

ਸਰਕਾਰ ਨੇ ਤੈਅ ਕੀਤਾ ਹੈ ਕਿ ਇਸ ਪਾਬੰਦੀ ਦੇ ਦਾਇਰੇ 'ਚ ਸਾਰੇ ਸਰਕਾਰੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਸੰਸਥਾਨ ਆਉਣਗੇ। ਇਸ ਵਿਸ਼ੇ 'ਚ ਡਾਇਰੈਕਟਰ ਆਫ਼ ਹਾਇਰ ਐਜੁਕੇਸ਼ਨ ਨੇ ਸਰਕੁਲਰ ਜਾਰੀ ਕੀਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਫ਼ੈਸਲੇ ਤੋਂ ਬਾਅਦ ਸਿਖਿਆ ਸੰਸਥਾਨਾਂ 'ਚ ਪੜ੍ਹਾਈ ਦੀ ਗੁਣਵੱਤਾ 'ਚ ਸੁਧਾਰ ਹੋਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੋਗੀ ਅਦਿਤਿਆਨਾਥ ਨੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਅਤੇ ਕੈਬਨਿਟ ਮੀਟਿੰਗ ਦੌਰਾਨ ਮੋਬਾਈਲ ਫ਼ੋਨ ਲਿਆਉਣ 'ਤੇ ਰੋਕ ਲਗਾਈ ਸੀ। ਇਸ ਦੇ ਪਿੱਛੇ ਵਜ੍ਹਾ ਦੱਸੀ ਗਈ ਸੀ ਕਿ ਮੀਟਿੰਗ ਦੌਰਾਨ ਵੀ ਕਈ ਮੰਤਰੀ ਅਤੇ ਅਧਿਕਾਰੀ ਵਟਸਐਪ ਮੈਸੇਜ ਪੜ੍ਹਨ 'ਚ ਮਸ਼ਗੂਲ ਰਹਿੰਦੇ ਹਨ। ਇਸ ਫ਼ੈਸਲੇ ਨਾਲ ਉਨ੍ਹਾਂ ਦਾ ਧਿਆਨ ਸਿਰਫ਼ ਮੀਟਿੰਗ 'ਚ ਰਹੇਗਾ।