ਕਰ ਲਵੋ ਤਿਆਰੀ, ਦਸੰਬਰ ਵਿਚ ਮਿਲਣਗੇ ਮੋਬਾਈਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਹਿਲੇ ਪੜਾਅ ਤਹਿਤ ਸਰਕਾਰੀ ਸਕੂਲਾਂ ਦੀਆਂ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ ਮੋਬਾਈਲ ਫ਼ੋਨ

Punjab Cabinet approves modalities for distribution of smart mobile phones

ਡੇਰਾ ਬਾਬਾ ਨਾਨਕ (ਬਟਾਲਾ) : ਮੰਤਰੀ ਮੰਡਲ ਨੇ ਸੂਬੇ ਦੇ ਨੌਜਵਾਨਾਂ ਨੂੰ ਮੋਬਾਈਲ ਫ਼ੋਨ ਵੰਡਣ ਲਈ ਰੂਪਰੇਖਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਇਸ ਸਾਲ ਦਸੰਬਰ ਵਿੱਚ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਇਹ ਫ਼ੈਸਲਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੀ ਅਨਾਜ ਮੰਡੀ ਵਿਖੇ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਨੌਜਵਾਨਾਂ ਨੂੰ ਮੋਬਾਈਲ ਫ਼ੋਨ ਦੇਣ ਦੀ ਯੋਜਨਾ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਅਤੇ ਇਸ ਸਬੰਧੀ ਪੰਜਾਬ ਸੂਚਨਾ ਤਕਨੌਲੋਜੀ ਕਾਰਪੋਰੇਸ਼ਨ ਲਿਮਟਿਡ ਵੱਲੋਂ ਟੈਂਡਰ ਕਾਲ ਕੀਤੇ ਜਾਣਗੇ। 2 ਮਹੀਨਿਆਂ ਦੇ ਅੰਦਰ ਪੂਰੀ ਪ੍ਰੀਕਿ੍ਰਆ ਮੁਕੰਮਲ ਕਰ ਲਈ ਜਾਵੇਗੀ ਅਤੇ ਪਹਿਲੇ ਪੜਾਅ ਤਹਿਤ ਦਸੰਬਰ ਮਹੀਨੇ ਵਿਚ ਨੌਜਵਾਨਾਂ ਨੂੰ ਸਮਾਰਟ ਫ਼ੋਨ ਵੰਡੇ ਜਾਣਗੇ। ਇਸ ਸਬੰਧੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਸਿਆ ਕਿ ਪਹਿਲੇ ਪੜਾਅ ਤਹਿਤ ਮੋਬਾਈਲ ਫ਼ੋਨ ਉਨ੍ਹਾਂ ਵਿਦਿਆਰਥਣਾਂ ਨੂੰ ਵੰਡੇ ਜਾਣਗੇ ਜਿਨ੍ਹਾਂ ਕੋਲ ਆਪਣਾ ਸਮਾਰਟ ਫੋਨ ਨਹੀਂ ਹੈ ਅਤੇ ਉਹ ਚਾਲੂ ਮਾਲੀ ਵਰੇ ਦੌਰਾਨ ਸਰਕਾਰੀ ਸਕੂਲਾਂ ਵਿਚ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਹੋਣ। ਬੁਲਾਰੇ ਨੇ ਦਸਿਆ ਕਿ ਇਹ ਮੋਬਾਈਲ ਫ਼ੋਨ ਟੱਚ ਸਕਰੀਨ ਵਾਲੇ, ਵਧੀਆ ਕੈਮਰੇ, ਸੋਸਲ ਮੀਡੀਆ ਐਪਲੀਕੇਸ਼ਨ ਦੇ ਨਾਲ ਹੋਰ ਕਈ ਸਾਰੇ ਸਮਾਰਟ ਫੀਚਰਾਂ ਵਾਲੇ ਹੋਣਗੇ।

ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ ‘ਨੌਜਵਾਨਾਂ ਨੂੰ ਮੋਬਾਈਲ ਫ਼ੋਨ’ ਸਕੀਮ ਉਨਾਂ ਦਾ ਚੋਣ ਵਾਅਦਾ ਸੀ ਅਤੇ ਸਾਲ 2017-18 ਦੇ ਬਜਟ ਅਤੇ ਸਾਲ 2018-19 ਦੇ ਬਜ਼ਟ ਵਿੱਚ ਇਸ ਲਈ ਫੰਡ ਵੀ ਮਨਜ਼ੂਰ ਕੀਤੇ ਗਏ ਹਨ। ਬੁਲਾਰੇ ਨੇ ਦਸਿਆ ਕਿ ਇਸ ਯੋਜਨਾ ਦਾ ਮਕਸਦ ਨੌਜਵਾਨਾਂ ਨੂੰ ਸੂਚਨਾ ਤਕਨੌਲੋਜੀ ਨਾਲ ਜੋੜਨਾ, ਸਿੱਖਿਆ, ਰੁਜ਼ਗਾਰ ਦੇ ਮੌਕੇ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਮੌਕੇ ਅਤੇ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਜੋ ਕਿ ਆਨ-ਲਾਈਨ ਚਲਦੀਆਂ ਹਨ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ। ਉਨਾਂ ਕਿਹਾ ਕਿ ਇਹ ਯੋਜਨਾ ਸਮਾਜ ਦੇ ਵਿਕਾਸ ਵਿੱਚ ਨੌਜਵਾਨਾਂ ਦੇ ਡਿਜੀਟਲ ਸਸ਼ਕਤੀਕਰਨ ਅਤੇ ਸ਼ਮੂਲੀਅਤ ਨੂੰ ਉਤਸ਼ਾਹਤ ਕਰੇਗੀ।