ਬੰਗਲਾਦੇਸ਼ ਨੇ ਰੋਹਿੰਗਿਆ ਕੈਂਪਾਂ ਵਿਚ ਮੋਬਾਈਲ ਸੇਵਾਵਾਂ ’ਤੇ ਪਾਬੰਦੀ ਲਗਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੈਲਫੋਨ ਦੀ ਵਰਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਹੈ : ਜਾਕਿਰ ਹੁਸੈਨ ਖ਼ਾਨ

Bangladesh bans mobile phone access in Rohingya camps

ਢਾਕਾ : ਬੰਗਲਾਦੇਸ਼ ਦੀ ਦੂਰਸੰਚਾਰ ਰੈਗੂਲੇਟਰੀ ਬਾਡੀ ਨੇ ਅਪਰੇਟਰਾਂ ਨੂੰ ਸੁਰੱਖਿਆ ਖ਼ਤਰੇ ਅਤੇ ਫੋਨ ਦੀ ਨਾਜਾਇਜ਼ ਵਰਤੋਂ ਦਾ ਹਵਾਲਾ ਦਿੰਦੇ ਹੋਏ ਦੇਸ ਦੇ ਦਖਣ-ਪੂਰਬ ਵਿਚ ਬੇਤਰਤੀਬੇ ਫੈਲਣ ਵਾਲੇ ਕੈਂਪਾਂ ਵਿਚ ਮੋਬਾਈਲ ਸੇਵਾਵਾਂ ਬੰਦ ਕਰਨ ਲਈ ਕਿਹਾ ਹੈ। ਮਿਆਂਮਾਰ ਤੋਂ ਭੱਜੇ ਹੋਏ ਹਜ਼ਾਰਾਂ ਰੋਹਿੰਗਿਆ ਸਰਨਾਰਥੀ ਇਨ੍ਹਾਂ ਕੈਂਪਾਂ ਵਿਚ ਰਹਿ ਰਹੇ ਹਨ। 

ਬੰਗਲਾਦੇਸ਼ ਟੈਲੀਕਾਮ ਰੈਗੂਲੇਟਰੀ ਕਮਿਸਨ ਦੇ ਬੁਲਾਰੇ ਜਾਕਿਰ ਹੁਸੈਨ ਖ਼ਾਨ ਨੇ ਕਿਹਾ ਕਿ ਉਸਨੇ ਅਪਰੇਟਰਾਂ ਨੂੰ ਸੱਤ ਦਿਨਾਂ ਦੇ ਅੰਦਰ ਅੰਦਰ ਆਦੇਸ ਦਾ ਜਵਾਬ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਫੋਨ ’ਤੇ ਕਿਹਾ,“ ਇਹ ਫ਼ੈਸਲਾ ਰਾਸਟਰੀ ਸੁਰੱਖਿਆ ਦੇ ਕਾਰਨਾਂ ਕਰ ਕੇ ਲਿਆ ਗਿਆ ਹੈ।” ਉਨ੍ਹਾਂ ਨੇ ਕਿਹਾ,“ਅਸੀਂ ਇਹ ਵੇਖ ਕੇ ਹੈਰਾਨ ਹਾਂ ਕਿ ਰੋਹਿੰਗਿਆ ਸਰਨਾਰਥੀ ਗ਼ੈਰ ਕਾਨੂੰਨੀ ਤਰੀਕੇ ਨਾਲ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ ਅਤੇ ਅਸੀਂ ਸਥਿਤੀ ਬਾਰੇ ਸਪੱਸਟ ਨਹੀਂ ਹਾਂ।’’

ਇਹ ਪੁੱਛਣ ’ਤੇ ਕਿ ਦੇਸ ਨੂੰ ਕਿਸ ਤਰ੍ਹਾਂ ਦੇ ਸੁਰੱਖਿਆ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ’ਤੇ ਖ਼ਾਨ ਨੇ ਕਿਹਾ ਕਿ ਕੈਂਪਾਂ ਵਿਚ ਹੋਏ ਇਕ ਤਾਜਾ ਸਰਵੇ ਤੋਂ ਪਤਾ ਚੱਲਿਆ ਹੈ ਕਿ ਉਥੇ ਸੈਲਫੋਨ ਦੀ ਵਰਤੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਖਬਰਾਂ ਹਨ ਕਿ ਅਜਿਹੇ ਲੋਕ ਵੀ ਹਨ ਜੋ ਰਾਸਟਰੀ ਸੁਰੱਖਿਆ ਲਈ ਖਤਰਾ ਹਨ। ਹਾਲਾਂਕਿ, ਉਸਨੇ ਵਿਸਥਾਰ ਨਾਲ ਜਾਣਕਾਰੀ ਨਹੀਂ ਦਿਤੀ।