ਸੱਜਣ ਕੁਮਾਰ ਨੂੰ ਉਮਰ ਕੈਦ ਹੋਣ ਨਾਲ ਦਿੱਲੀ ਕਤਲੇਆਮ ਵਿਚ ਹਾਕਮਾਂ ਤੇ ਪੁਲਿਸ ਦੀ ਮਿਲੀਭੁਗਤ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੱਜਣ ਕੁਮਾਰ ਨੂੰ ਉਮਰ ਕੈਦ ਹੋਣ ਨਾਲ ਦਿੱਲੀ ਕਤਲੇਆਮ ਵਿਚ ਹਾਕਮਾਂ ਤੇ ਪੁਲਿਸ ਦੀ ਮਿਲੀਭੁਗਤ ਉਤੇ ਕਾਨੂੰਨ ਦੀ ਮੋਹਰ ਲੱਗੀ........

old picture during Patiala House court acquitted Sajjan Kumar's In 2002

ਨਵੀਂ ਦਿੱਲੀ : 1984 ਦੇ ਸਿੱਖ ਕਤਲੇਆਮ ਵਿਚ ਦਿੱਲੀ ਹਾਈ ਕੋਰਟ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 73 ਸਾਲਾ ਸੱਜਣ ਕੁਮਾਰ ਨੂੰ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਅਤੇ 31 ਦਸੰਬਰ ਤਕ ਆਤਮ-ਸਮਰਪਣ ਕਰਨ ਲਈ ਕਿਹਾ ਹੈ। ਜੱਜ ਐਸ ਮੁਰਲੀਧਰ ਅਤੇ ਜੱਜ ਵਿਨੋਦ ਗੋਇਲ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਸੱਚ ਹਮੇਸ਼ਾ ਜਿੱਤੇਗਾ ਅਤੇ ਨਿਆਂ ਕਾਇਮ ਰਹੇਗਾ। ਨਿਰਦੇਸ਼ ਦਿੰਦਿਆਂ ਅਦਾਲਤ ਨੇ ਹੇਠਲੀ ਅਦਾਲਤ ਦੁਆਰਾ ਬਰੀ ਕੀਤੇ ਗਏ ਕੁਮਾਰ ਵਿਰੁਧ ਕੇਂਦਰੀ ਜਾਂਚ ਬਿਊਰੋ ਦੀ ਅਪੀਲ ਨੂੰ ਪ੍ਰਵਾਨਗੀ ਦੇ ਦਿਤੀ। 

ਹਾਈ ਕੋਰਟ ਨੇ ਹੇਠਲੀ ਅਦਾਲਤ ਨੇ ਫ਼ੈਸਲੇ ਨੂੰ ਪਲਟਦਿਆਂ ਸੱਜਣ ਕੁਮਾਰ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ, ਸੇਵਾਮੁਕਤ ਹਵਾਈ ਫ਼ੌਜ ਅਧਿਕਾਰੀ ਭਾਗਮਲ, ਗਿਰਘਾਰੀ ਲਾਲ, ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕ੍ਰਿਸ਼ਨ ਖੋਖਰ ਨੂੰ ਦੋਸ਼ੀ ਠਹਿਰਾਏ ਜਾਣ ਦਾ ਫ਼ੈਸਲਾ ਬਰਕਰਾਰ ਰਖਿਆ ਅਤੇ ਵੱਖ ਵੱਖ ਸਜ਼ਾਵਾਂ ਸੁਣਾਈਆਂ। ਬਲਵਾਨ ਖੋਖਰ, ਕੈਪਟਨ ਭਾਗਮਲ ਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਦੋਸ਼ੀਆਂ ਨੂੰ ਇਕ-ਇਕ ਲੱਖ ਦਾ ਜੁਰਮਾਨਾ ਭਰਨ ਦਾ ਹੁਕਮ ਵੀ ਦਿਤਾ ਗਿਆ ਹੈ।

ਅਦਾਲਤ ਨੇ ਕਿਹਾ ਕਿ ਉਮਰ ਕੈਦ ਦੀ ਸਜ਼ਾ ਤਾਉਮਰ ਚੱਲੇਗੀ ਅਤੇ ਦੋਸ਼ੀ 31 ਦਸੰਬਰ ਤਕ ਆਤਮ-ਸਮਰਪਣ ਕਰਨ। ਨਾਲ ਹੀ ਅਦਾਲਤ ਨੇ ਕੁਮਾਰ ਨੂੰ ਦਿੱਲੀ ਨਾ ਛੱਡਣ ਲਈ ਕਿਹਾ ਹੈ। ਜੱਜਾਂ ਨੇ ਕੁਮਾਰ ਨੂੰ ਅਪਰਾਧਕ ਸਾਜ਼ਸ਼ ਰਚਣ, ਨਫ਼ਰਤ ਨੂੰ ਹੱਲਾਸ਼ੇਰੀ ਦੇਣ, ਫ਼ਿਰਕੂ ਸਾਂਝੀਵਾਲਤਾ ਵਿਰੁਧ ਕੰਮ ਕਰਨ ਦਾ ਦੋਸ਼ੀ ਕਰਾਰ ਦਿਤਾ। ਅਦਾਲਤ ਨੇ ਇਨ੍ਹਾਂ ਨੂੰ ਕਤਲੇਆਮ ਸਮੇਂ ਸਿੱਖਾਂ ਦੇ ਘਰਾਂ ਅਤੇ ਗੁਰਦਵਾਰੇ ਵਿਚ ਅੱਗ ਲਾਉਣ ਦੀ ਸਾਜ਼ਸ਼ ਰਚਣ ਦਾ ਦੋਸ਼ੀ ਵੀ ਕਰਾਰ ਦਿਤਾ। ਇਹ ਮਾਮਲਾ ਪੰਜ ਸਿੱਖਾਂ ਦੀ ਹਤਿਆ ਨਾਲ ਜੁੜਿਆ ਹੈ।

ਭੀੜ ਦੇ ਹਮਲੇ ਵਿਚ ਇਕ ਪਰਵਾਰ ਦੇ ਤਿੰਨ ਭਰਾਵਾਂ ਨਰਿਦਰ ਪਾਲ ਸਿੰਘ, ਕੁਲਦੀਪ ਸਿੰਘ ਅਤੇ ਰਾਘਵੇਂਦਰ ਸਿੰਘ ਦੀ ਹਤਿਆ ਕਰ ਦਿਤੀ ਗਈ ਸੀ ਜਦਕਿ ਦੂਜੇ ਪਰਵਾਰ ਦੇ ਗੁਰਪ੍ਰੀਤ ਸਿੰਘ ਅਤੇ ਉਸ ਦੇ ਬੇਟੇ ਕੇਹਰ ਸਿੰਘ ਦੀ ਮੌਤ ਹੋ ਗਈ ਸੀ। ਹੇਠਲੀ ਅਦਾਲਤ ਨੇ ਇਸ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰ ਦਿਤਾ ਸੀ। ਇਸੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਗਈ ਸੀ।

30 ਅਪ੍ਰੈਲ 2013 ਨੂੰ ਜੱਜ ਜੇ. ਆਰ. ਆਇਰਨ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿਤਾ ਸੀ। ਇਸ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਨੌਤੀ ਦਿਤੀ ਗਈ ਸੀ ਅਤੇ ਹਾਈ ਕੋਰਟ ਨੇ 27 ਅਕਤੂਬਰ, 2018 ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਹੇਠਲੀ ਅਦਾਲਤ ਦਾ ਫ਼ੈਸਲਾ ਪਲਟਦਿਆਂ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।