ਜੇਲ੍ਹਾਂ ਤੋਂ ਬਾਹਰ ਸ਼ਿਫਟ ਹੋਣਗੇ ਚੰਗੇ ਸੁਭਾਅ ਵਾਲੇ ਕੈਦੀ, ਨਾਲ ਰੱਖ ਸਕਣਗੇ ਪਰਿਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋ-ਤਿਹਾਈ ਸਜ਼ਾ ਪੂਰੀ ਕਰ ਚੁੱਕੇ ਚੰਗੇ ਸੁਭਾਅ ਵਾਲੇ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸਰਕਾਰ ਉਨ੍ਹਾਂ ਨੂੰ ਓਪਨ ਏਅਰ...

jails

ਚੰਡੀਗੜ, ਦੋ-ਤਿਹਾਈ ਸਜ਼ਾ ਪੂਰੀ ਕਰ ਚੁੱਕੇ ਚੰਗੇ ਸੁਭਾਅ ਵਾਲੇ ਕੈਦੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ ਲਈ ਸਰਕਾਰ ਉਨ੍ਹਾਂ ਨੂੰ ਓਪਨ ਏਅਰ ਜੇਲ੍ਹ ਵਿਚ ਸ਼ਿਫਟ ਕਰੇਗੀ। ਸਾਰੇ ਜ਼ਿਲਿਆਂ ਵਿਚ ਜੇਲ੍ਹ ਕੰਪਲੈਕਸ ਦੇ ਕੋਲ ਓਪਨ ਏਅਰ ਕੈਂਪ ਬਣਾਏ ਜਾਣਗੇ ਜਿਨ੍ਹਾਂ ਵਿਚ ਬਿਜਲੀ- ਪਾਣੀ ਤੋਂ ਲੈ ਕੇ ਸਾਰੀਆਂ ਸੁਵਿਧਾਵਾਂ ਹੋਣਗੀਆਂ। ਦੱਸ ਦਈਏ ਕਿ  ਕੈਦੀ ਇਨ੍ਹਾਂ ਕੈਂਪਾਂ ਵਿਚ ਅਪਣੇ ਪਰਿਵਾਰ ਨੂੰ ਵੀ ਨਾਲ ਰੱਖ ਸਕਣਗੇ। 

ਗ੍ਰਹਿ ਵਿਭਾਗ ਨੇ ਕੈਦੀਆਂ ਨੂੰ ਸਦਾਚਾਰ ਅਤੇ ਅਨੁਸ਼ਾਸ਼ਨ ਮਈ ਜਿੰਦਗੀ ਜਿਉਣ ਦਾ ਮੌਕਾ ਦੇਣ, ਸਮਾਜਿਕ ਅਤੇ ਆਰਥਕ ਰੂਪ ਤੋਂ ਆਤਮ ਨਿਰਭਰ ਬਣਾਉਣ ਲਈ ਹਰਿਆਣਾ ਓਪਨ ਏਅਰ ਕੈਦ ਕੈਂਪ ਨਿਯਮ ਦੀ ਸੂਚਨਾ ਜਾਰੀ ਕਰ ਦਿੱਤੀ ਹੈ। ਡੀਜੀਪੀ ਜੇਲ੍ਹ ਦੀ ਸਿਫਾਰਿਸ਼ ਉੱਤੇ ਇਹ ਕੈਂਪਾਂ ਦਾ ਨਿਰਮਾਣ ਕੀਤਾ ਜਾਵੇਗਾ। ਕੈਂਪ ਵਿਚ ਭੇਜਿਆ ਜਾਣ ਵਾਲਾ ਕੈਦੀ ਅਪਣੀ ਆਮਦਨੀ ਤੋਂ ਹੀ ਪਰਵਾਰ ਲਈ ਭੋਜਨ, ਕੱਪੜੇ ਅਤੇ ਹੋਰ ਜ਼ਰੂਰੀ ਸਮਾਨ ਦੀ ਪੂਰਤੀ ਕਰੇਗਾ।

ਜੇਕਰ ਜੇਲ੍ਹ ਪ੍ਰਧਾਨ ਕੈਦੀਆਂ ਤੋਂ ਕੋਈ ਕੰਮ ਲੈਂਦੇ ਹਨ ਤਾਂ ਉਨ੍ਹਾਂ ਨੂੰ ਵੱਖਰੀ ਮਜ਼ਦੂਰੀ ਦਿੱਤੀ ਜਾਵੇਗੀ। ਇੰਨਾ ਹੀ ਨਹੀਂ, ਕੈਦੀਆਂ ਨੂੰ 15 ਕਿਲੋਮੀਟਰ ਦੇ ਦਾਇਰੇ ਵਿਚ ਕਿਸੇ ਦੂਜੀ ਜਗ੍ਹਾ ਤੇ ਨੌਕਰੀ ਕਰਨ ਦੀ ਵੀ ਛੁੱਟ ਦਿੱਤੀ ਜਾਵੇਗੀ। ਗੰਭੀਰ ਮਾਮਲਿਆਂ ਵਿਚ ਸਜ਼ਾ ਭੁਗਤ ਰਹੇ ਜਾਂ 30 ਸਾਲ ਤੋਂ ਘੱਟ ਉਮਰ ਦੇ ਕੈਦੀਆਂ ਨੂੰ ਇਨ੍ਹਾਂ ਓਪਨ ਏਅਰ ਕੈਂਪਾਂ ਵਿਚ ਰਹਿਣਾ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਬਿਜਲੀ-ਪਾਣੀ ਸਮੇਤ ਹੋਰ ਸਹੂਲਤਾਂ ਦਾ ਭੁਗਤਾਨ ਵੀ ਕੈਦੀ ਅਪਣੇ ਆਪ ਹੀ ਕਰਨਗੇ। 

ਓਪਨ ਏਅਰ ਜੇਲ੍ਹ ਵਿਚ ਸਿਰਫ਼ ਉਨ੍ਹਾਂ ਕੈਦੀਆਂ ਨੂੰ ਰੱਖਿਆ ਜਾਵੇਗਾ ਕਿ ਜੋ ਕਦੇ ਪੈਰੋਲ ਤੋਂ ਲੇਟ ਨਹੀਂ ਹੋਏ ਹੋਣਗੇ ਅਤੇ ਜੇਲ੍ਹ ਕੰਪਲੈਕਸ ਵਿਚ ਅਨੁਸ਼ਾਸ਼ਨ ਨਾਲ ਰਹੇ ਹੋਣਗੇ। ਕਰਨਾਲ ਵਿਚ ਇੱਕ ਕਮਰੇ ਦੀ ਰਹਿਣ ਵਾਲੀ ਜਗ੍ਹਾ ਦੀ ਉਸਾਰੀ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਛੇਤੀ ਹੀ ਰੋਹਤਕ, ਝੱਜਰ, ਪਲਵਾਨ, ਮੇਵਾਤ, ਪਾਣੀਪਤ ਵਿਚ ਨਵੀਂ ਓਪਨ ਏਅਰ ਜੇਲ੍ਹ ਬਣਕੇ ਤਿਆਰ ਹੋ ਜਾਣਗੇ। 

ਕੈਦੀਆਂ ਲਈ ਨਿਰਮਾਣ ਅਧੀਨ ਪਰਿਵਾਰਕ ਕੈਂਪ ਵਿਚ ਪੰਜ ਮੈਬਰਾਂ ਦੀ ਕੈਦੀ ਪੰਚਾਇਤ ਵੀ ਬਣਾਈ ਜਾਵੇਗੀ। ਚੁਣੇ ਹੋਏ ਮੈਂਬਰ ਅਪਣੇ ਆਪ ਸਰਪੰਚ ਦੀ ਚੋਣ ਕਰਨਗੇ। ਹਰ ਸਾਲ ਅਪ੍ਰੈਲ ਵਿਚ ਪੰਚਾਇਤ ਦਾ ਚੋਣ ਹੋਵੇਗਾ। ਪੰਚਾਇਤ ਨੂੰ ਕੈਦੀਆਂ ਦੇ ਨਾਲ ਹੀ ਉਨ੍ਹਾਂ ਦੇ ਪਰਵਾਰਿਕ ਮੈਬਰਾਂ ਦੀ ਛੋਟੀ ਮੋਟੀ ਗ਼ਲਤੀ ਜਾਂ ਕਿਸੇ ਝਗੜੇ ਦੇ ਮਾਮਲਿਆਂ ਦਾ ਨਬੇੜਾ ਕਰਨ ਦੀ ਪਾਵਰ ਹੋਵੇਗੀ। ਦੱਸ ਦਈਏ ਕਿ ਜੇ ਕਿਸੇ ਕੈਦੀ ਤੋਂ ਕੋਈ ਵੀ ਨਿਯਮ ਟੁੱਟਦਾ ਹੈ ਜਾਂ ਕੋਈ ਮਾੜਾ ਵਰਤਾਰਾ ਕੀਤਾ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਜਾਵੇਗਾ।