ਉਨਾਉ ਬਲਾਤਕਾਰ ਪੀੜਤਾ ਦੀ ਜਾਨ ਨੂੰ ਗੰਭੀਰ ਖ਼ਤਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਪਰਵਾਰ ਨੂੰ ਸੁਰੱਖਿਆ ਦੇਣ ਲਈ ਅਦਾਲਤ ਨੂੰ ਕੀਤੀ ਅਪੀਲ

Highest threat level to Unnao rape survivor, kin: CBI

ਨਵੀਂ ਦਿੱਲੀ : ਸੀਬੀਆਈ ਨੇ ਦਿੱਲੀ ਅਦਾਲਤ ਨੂੰ ਕਿਹਾ ਹੈ ਕਿ ਉਨਾਉ ਬਲਾਤਕਾਰ ਮਾਮਲੇ ਦੀ ਪੀੜਤਾ ਦੀ ਜਾਨ ਨੂੰ ਗੰਭੀਰ ਖ਼ਤਰਾ ਹੈ। ਸੀਬੀਆਈ ਨੇ ਕਿਹਾ ਕਿ ਪੀੜਤਾ ਅਤੇ ਉਸ ਦੇ ਪਰਵਾਰ ਨੂੰ 'ਏ ਕੈਟਾਗਰੀ' ਦਾ ਖ਼ਤਰਾ ਹੈ। ਪੀੜਤਾ ਅਤੇ ਉਸ ਦੇ ਪਰਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਅਦਾਲਤ ਨੇ ਉੱਤਰ ਪ੍ਰਦੇਸ ਸਰਕਾਰ ਨੂੰ ਏਮਜ਼ 'ਚ ਦਾਖ਼ਲ ਉਨਾਉ ਬਲਾਤਕਾਰ ਪੀੜਤਾ ਅਤੇ ਉਸ ਦੇ ਪਰਵਾਰ ਨੂੰ ਇਥੇ ਕਿਸੇ ਸੁਰੱਖਿਅਤ ਥਾਂ ਜਾਂ ਗੁਆਂਢੀ ਸੂਬੇ ਭੇਜਣ ਦੇ ਸਬੰਧ 'ਚ ਚੁੱਕੇ ਜਾਣ ਵਾਲੇ ਸੰਵਾਭੀ ਕਦਮਾਂ 'ਤੇ ਇਕ ਰਿਪੋਰਟ ਦਾਖ਼ਰ ਕਰਨ ਬਾਰੇ ਕਿਹਾ ਹੈ।

ਜ਼ਿਲ੍ਹਾ ਸੈਸ਼ਨ ਜੱਜ ਧਰਮੇਸ਼ ਸ਼ਰਮਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਨੂੰ ਇਕ ਹਫ਼ਤੇ ਅੰਦਰ ਇਕ ਰਿਪੋਰਟ ਦਾਖ਼ਲ ਕਰ ਕੇ ਬਲਾਤਕਾਰ ਪੀੜਤਾ, ਉਸ ਦੀ ਮਾਂ, ਦੋ ਭੈਣਾਂ ਅਤੇ ਭਰਾ ਨੂੰ ਸੁਰੱਖਿਅਤ ਥਾਂ 'ਤੇ ਭੇਜਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਦੱਸਣ ਨੂੰ ਕਿਹਾ ਹੈ। ਪੀੜਤਾ ਨੇ ਭਾਜਪਾ 'ਚੋਂ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਘਰ 'ਤੇ ਬਲਾਤਕਾਰ ਦੇ ਦੋਸ਼ ਲਗਾਏ ਸਨ। ਪੀੜਤਾ ਨੂੰ ਬੀਤੀ 28 ਜੁਲਾਈ ਨੂੰ ਇਕ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ। ਭੈਣ ਅਤੇ ਭਰਾ ਨਾਲ ਉਸ ਦੀ ਮਾਂ ਇਸ ਸਮੇਂ ਦਿੱਲੀ 'ਚ ਹੀ ਹਨ।

ਸੂਬਾ ਸਰਕਾਰ ਨੂੰ ਅਦਾਲਤ ਨੂੰ ਪੀੜਤਾ ਅਤੇ ਉਸ ਦੇ ਪਰਵਾਰ ਦੀ ਜ਼ਿੰਦਗੀ ਅਤੇ ਆਜ਼ਾਦੀ ਦੀ ਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਜਾਣੂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਦਾਲਤ ਹੁਣ 24 ਸਤੰਬਰ ਨੂੰ ਬਲਾਤਕਾਰ ਮਾਮਲੇ ਦੀ ਸੁਣਵਾਈ ਕਰੇਗੀ। 

ਇਹ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਦਾ ਦੋਸ਼ ਸੀ ਕਿ ਉਸ ਨਾਲ 4 ਜੂਨ 2017 ਨੂੰ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਪੀੜਤਾ ਵਿਧਾਇਕ ਦੇ ਘਰ ਆਪਣੇ ਇਕ ਰਿਸ਼ਤੇਦਾਰ ਨਾਲ ਨੌਕਰੀ ਮੰਗਣ ਗਈ ਸੀ। ਜਦ ਉਸ ਨੇ ਵਿਰੋਧ ਕੀਤਾ ਤਾਂ ਵਿਧਾਇਕ ਨੇ ਪਰਵਾਰ ਵਾਲਿਆਂ ਨੂੰ ਮਾਰਨ ਦੀ ਧਮਕੀ ਦਿਤੀ। ਜਦ ਉਹ ਥਾਣੇ ਗਈ ਤਾਂ ਐਫਆਈਆਰ ਨਹੀਂ ਲਿਖੀ। ਇਸ ਤੋਂ ਬਾਅਦ ਤਹਿਰੀਰ ਬਦਲ ਦਿਤੀ ਗਈ। ਜਦ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਇਨਸਾਫ਼ ਦਾ ਭਰੋਸਾ ਦਿਵਾਇਆ ਸੀ। ਉਸ ਤੋਂ ਬਾਅਦ ਕੁਲਦੀਪ ਸੇਂਗਰ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਬੀਤੀ 28 ਜੁਲਾਈ ਨੂੰ ਰਾਏਬਰੇਲੀ 'ਚ ਇਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿਤੀ ਸੀ, ਜਿਸ 'ਚ ਪੀੜਤਾ ਗੰਭੀਰ ਜ਼ਖ਼ਮੀ ਹੋ ਗਈ ਸੀ। ਇਸ ਹਾਦਸੇ 'ਚ ਉਸ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ।

ਕੁਲਦੀਪ ਸੇਂਗਰ ਪਹਿਲੀ ਵਾਰ ਸਾਲ 2002 'ਚ ਬਸਪਾ ਦੀ ਟਿਕਟ 'ਤੇ ਉਨਾਉ ਸਦਰ ਸੀਟ ਤੋਂ ਵਿਧਾਇਕ ਚੁਣਿਆ ਗਿਆ ਸੀ। ਇਸ ਤੋਂ ਬਾਅਦ 2007 'ਚ ਇਸੇ ਜ਼ਿਲ੍ਹੇ ਦੀ ਬਾਂਗਰਮਊ ਅਤੇ 2012 'ਚ ਭਗਵੰਤਨਗਰ ਸੀਟ ਤੋਂ ਸਪਾ ਦਾ ਵਿਧਾਇਕ ਰਿਹਾ। 2017 'ਚ ਵਿਧਾਨ ਸਭਾ ਚੋਣ ਤੋਂ ਠੀਕ ਪਹਿਲਾਂ ਕੁਲਦੀਪ ਸੇਂਗਰ ਭਾਜਪਾ 'ਚ ਸ਼ਾਮਲ ਹੋ ਗਿਆ ਸੀ। ਬੀਤੇ 17 ਸਾਲਾਂ 'ਚ ਕੁਲਦੀਪ ਨੇ ਇਲਾਕੇ 'ਚ ਚੰਗਾ ਦਬਦਬਾ ਬਣਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਸਾਕਸ਼ੀ ਮਹਾਰਾਜ ਉਸ ਨੂੰ ਜੇਲ 'ਚ ਮਿਲਣ ਗਏ ਸਨ।