JNU : ਸੰਸਦ ਵੱਲ ਮਾਰਚ ਕਰਦੇ ਵਿਦਿਆਰਥੀਆਂ 'ਤੇ ਲਾਠੀਚਾਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਸਟਲ ਫੀਸ ਵਧਾਏ ਜਾਣ ਦੇ ਵਿਰੋਧ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੋਮਵਾਰ ਨੂੰ JNU ਦੇ

JNU

ਨਵੀਂ ਦਿੱਲੀ : ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਸਟਲ ਫੀਸ ਵਧਾਏ ਜਾਣ ਦੇ ਵਿਰੋਧ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੋਮਵਾਰ ਨੂੰ JNU ਦੇ ਹਜ਼ਾਰਾਂ ਵਿਦਿਆਰਥੀ ਆਪਣੇ ਕੈਂਪਸ ਤੋਂ ਸੰਸਦ ਤੱਕ ਮਾਰਚ ਕਰਨ ਦੀ ਕੋਸ਼ਿਸ਼ ਵਿੱਚ ਇਕੱਠਾ ਹੋਏ ਪਰ ਪੁਲਿਸ ਨੇ ਉਨ੍ਹਾਂ ਨੂੰ ਮੁੱਖ ਗੇਟ ਦੇ ਨੇੜੇ ਹੀ ਰੋਕ ਦਿੱਤਾ। ਸੋਮਵਾਰ ਨੂੰ ਤੋਂ ਹੀ ਸੰਸਦ ਦਾ ਵਿੰਟਰ ਸੈਸ਼ਨ ਸ਼ੁਰੂ ਹੋਇਆ ਹੈ। ਪੁਲਿਸ ਨੇ ਵਿਦਿਆਰਥੀਆਂ ਨੂੰ ਮਾਰਚ ਤੋਂ ਰੋਕਣ ਲਈ ਐਤਵਾਰ ਦੇਰ ਰਾਤ ਤੋਂ ਹੀ ਮੁੱਖ ਗੇਟ ਦੇ ਦੋਵੇਂ ਪਾਸੇ ਭਾਰੀ ਬੈਰੀਕੇਡਿੰਗ ਕੀਤੀ ਹੋਈ ਸੀ ਅਤੇ ਇਲਾਕੇ ਵਿੱਚ ਧਾਰਾ 144 ਲਗਾ ਦਿੱਤੀ ਸੀ।

ਸੋਮਵਾਰ ਨੂੰ ਜਦੋਂ ਵਿਦਿਆਰਥੀ ਨਿਕਲੇ ਤਾਂ ਉਹ ਕੈਂਪਸ ਦੇ ਮੇਨ ਗੇਟ ਤੋਂ ਕਰੀਬ 100 ਮੀਟਰ ਹੀ ਅੱਗੇ ਵਧ ਸਕੇ ਕਿਉਂਕਿ ਭਾਰੀ ਸੰਖਿਆ ਵਿੱਚ ਪੁਲਿਸ ਬਲ ਤਾਇਨਾਤ ਸੀ। ਪੁਲਿਸ ਨੇ JNU ਵਿਦਿਆਰਥੀ ਸੰਘ ਦੀ ਪ੍ਰਧਾਨ ਏਸ਼ੀ ਘੋਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ।ਜਾਣਕਾਰੀ ਮੁਤਾਬਕ ਕਈ ਵਿਦਿਆਰਥੀ ਉੱਥੋਂ ਅੱਗੇ ਵਧਣ ਵਿੱਚ ਕਾਮਯਾਬ ਹੋ ਗਏ ਅਤੇ ਭਾਰੀ ਪੁਲਿਸ ਫੋਰਸ ਵਿਚਾਲੇ ਕਈ ਵਿਦਿਆਰਥੀ ਸੰਸਦ ਵੱਲ ਵਧ ਰਹੇ ਹਨ।

ਵਿਦਿਆਰਥੀਆਂ ਦੇ ਮਾਰਚ ਨੂੰ ਦੇਖਦੇ ਹੋਏ ਉਦਯੋਗ ਭਵਨ, ਪਟੇਲ ਚੌਕ ਅਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ। ਮੈਟਰੋ ਦੇ ਅਧਿਕਾਰੀਆਂ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਪੁਲਿਸ ਦੀ ਸਲਾਹ 'ਤੇ ਇਨ੍ਹਾਂ ਤਿੰਨ ਸਟੇਸ਼ਨਾਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ JNU ਪ੍ਰਸ਼ਾਸਨ ਨੇ ਵਧੀ ਹੋਈ ਫੀਸ ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਸੀ। ਪਰ ਵਿਦਿਆਰਥੀਆਂ ਦੀ ਮੰਗ ਹੈ ਕਿ ਪੁਰਾਣੀ ਫੀਸ ਹੀ ਲਾਗੂ ਕੀਤੀ ਜਾਵੇ, ਉਨ੍ਹਾਂ ਨੂੰ ਫੀਸ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਮਨਜ਼ੂਰ ਨਹੀਂ ਹੈ।

ਮਾਰਚ ਵਿੱਚ ਸ਼ਾਮਲ ਇੱਕ ਵਿਦਿਆਰਥਣ ਨੇ ਕਿਹਾ, ''ਸਾਡੀ ਫੀਸ ਵੱਧ ਗਈ ਹੈ। ਸਾਡੇ ਵੀਸੀ ਨੂੰ ਆਏ ਹੋਏ ਤਿੰਨ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਅਸੀਂ ਰੋਜ਼ ਏਡੀ ਬਲਾਕ 'ਤੇ ਬੈਠਦੇ ਹਾਂ। ਵੀਸੀ ਨੂੰ ਸ਼ਰਮ ਨਹੀਂ ਆ ਰਹੀ ਕਿ ਉਹ ਇੱਕ ਵਾਰ ਆ ਕੇ ਵੇਖੇ ਕਿ ਉਨ੍ਹਾਂ ਦੇ ਬੱਚੇ ਮਰ ਰਹੇ ਹਨ।'' ਇੱਕ ਹੋਰ ਵਿਦਿਆਰਥੀ ਨੇ ਕਿਹਾ, ''ਹੁਣ ਤੱਕ ਅਸੀਂ ਹਰ ਮਹੀਨੇ 2500 ਰੁਪਏ ਮੈਸ ਬਿੱਲ ਦਿੰਦੇ ਸੀ ਪਰ ਉਸ ਨੂੰ ਵਧਾ ਕੇ 6500 ਰੁਪਏ ਕਰ ਦਿੱਤਾ ਗਿਆ ਹੈ। ਇਸ ਵਾਧੇ ਲਈ ਸਹੀ ਨਿਯਮ ਦਾ ਪਾਲਣ ਨਹੀਂ ਕੀਤਾ ਗਿਆ। ਨਾ ਹੋਸਟਲ ਪ੍ਰੈਸੀਡੈਂਟ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਨਾ ਹੀ ਸਟੂਡੈਂਟ ਆਰਗਨਾਈਜ਼ੇਸ਼ਨ ਤੋਂ ਉਨ੍ਹਾਂ ਦੀ ਰਾਇ ਲਈ ਗਈ।''

ਇੱਕ ਵਿਦਿਆਰਥਣ ਨੇ ਕਿਹਾ ਕਿ ਪੁਲਿਸ ਨੇ ਵਿਦਿਆਰਥੀਆਂ 'ਤੇ ਲਾਠੀਚਾਰਜ ਕੀਤਾ ਹੈ ਅਤੇ ਕਈ ਵਿਦਿਆਰਥੀ ਜ਼ਖ਼ਮੀ ਹੋਏ ਹਨ ਪਰ ਪੁਲਿਸ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਸੈਂਟਰਲ ਜ਼ਿਲ੍ਹਾ ਦੇ ਡੀਸੀਪੀ ਐਸ ਐਸ ਰੰਧਾਵਾ ਨੇ ਕਿਸੇ ਨਿਜੀ ਚੈਨਲ ਨਾਲ ਗੱਲਬਾਤ ਵਿੱਚ ਕਿਹਾ, ''ਦਿੱਲੀ ਪੁਲਿਸ ਨੇ ਬਹੁਤ ਸ਼ਾਂਤ ਤਰੀਕੇ ਨਾਲ ਕੰਮ ਕੀਤਾ ਹੈ। ਕਿਤੇ ਵੀ ਲਾਠੀਚਾਰਜ ਨਹੀਂ ਹੋਇਆ। ਵਿਦਿਆਰਥੀਆਂ ਨੇ ਬੈਰੀਕੇਡ ਤੋੜਿਆ ਹੈ। ਇਸ ਲਈ ਹੋ ਸਕਦਾ ਹੈ ਉਸ ਦੌਰਾਨ ਉਨ੍ਹਾਂ ਨੂੰ ਸੱਟ ਲੱਗੀ ਹੋਵੇ।''

ਸੰਸਦ ਤੱਕ ਮਾਰਚ ਦੀ ਅਗਵਾਈ ਕਰਦੇ ਹੋਏ JNU ਵਿਦਿਆਰਥੀ ਸੰਘ ਨੇ ਹੋਰਾਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ ਪਰ JNU ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸੰਸਦ ਮਾਰਚ ਦੀ ਇਜਾਜ਼ਤ ਨਹੀਂ ਦਿੱਤੀ ਸੀ। ਐਤਵਾਰ ਨੂੰ JNU ਦੇ ਵੀਸੀ ਜਗਦੀਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਮਾਰਚ ਵਿੱਚ ਸ਼ਾਮਲ ਨਾ ਹੋਣ ਅਤੇ ਆਪਣੀਆਂ ਕਲਾਸਾਂ ਅਟੈਂਡ ਕਰਨ। ਵੀਸੀ ਨੇ ਕਿਹਾ ਸੀ ਕਿ ਇਮਤਿਹਾਨ ਨੇੜੇ ਹਨ ਇਸ ਲਈ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਹੈ। ਵੀਸੀ ਨੇ JNU ਦੀ ਵੈੱਬਸਾਈਟ 'ਤੇ ਇੱਕ ਵੀਡੀਓ ਸੰਦੇਸ਼ ਜ਼ਰੀਏ ਕਿਹਾ, "ਜੇਕਰ ਅਸੀਂ ਹੁਣ ਵੀ ਹੜਤਾਲ 'ਤੇ ਅੜੇ ਰਹੇ ਤਾਂ ਇਸ ਨਾਲ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ 'ਤੇ ਅਸਰ ਪਵੇਗਾ।''

"ਕੱਲ ਤੋਂ ਇੱਕ ਨਵਾਂ ਹਫਤਾ ਸ਼ੁਰੂ ਹੋਵੇਗਾ ਅਤੇ ਮੈਂ ਵਿਦਿਆਰਥੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਕਲਾਸਾਂ ਵਿੱਚ ਵਾਪਿਸ ਆਓ ਅਤੇ ਆਪਣੇ ਕੰਮ ਨੂੰ ਅੱਗੇ ਵਧਾਓ। 12 ਦਸੰਬਰ ਤੋਂ ਸਮੈਸਟਰ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ ਅਤੇ ਜੇਕਰ ਤੁਸੀਂ ਕਲਾਸਾਂ ਵਿੱਚ ਵਾਪਿਸ ਨਹੀਂ ਜਾਓਗੇ ਤਾਂ ਇਸ ਨਾਲ ਭਵਿੱਖ ਦੇ ਟੀਚੇ ਪ੍ਰਭਾਵਿਤ ਹੋਣਗੇ।'' ਇਸ 'ਤੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵੀਸੀ ਨੂੰ ਵੀਡੀਓ ਸੰਦੇਸ਼ ਦੀ ਥਾਂ ਵਿਦਿਆਰਥੀਆਂ ਨੂੰ ਸਿੱਧਾ ਬੁਲਾ ਕੇ ਆਹਮਣੇ-ਸਾਹਮਣੇ ਗੱਲਬਾਤ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 20 ਦਿਨਾਂ ਤੋਂ JNU ਦੇ ਐਡਮਿਨ ਬਲਾਕ ਦੇ ਕੋਲ ਧਰਨੇ 'ਤੇ ਬੈਠੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।