ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲਾ : ਅਸੀਮਾਨੰਦ ਸਮੇਤ 4 ਮੁਲਜ਼ਮ ਬਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਲ 2007 'ਚ ਸਮਝੌਤਾ ਐਕਸਪ੍ਰੈਸ ਧਮਾਕੇ 'ਚ 68 ਮੁਸਾਫ਼ਰਾਂ ਦੀ ਹੋਈ ਸੀ ਮੌਤ

Samjhauta Express Blast

ਚੰਡੀਗੜ੍ਹ : ਹਰਿਆਣਾ ਦੀ ਪੰਚਕੂਲਾ ਸਥਿਤ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਸਾਲ 2007 ਦੇ ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ 'ਚ ਅਸੀਮਾਨੰਦ, ਕਮਲ ਚੌਹਾਨ, ਰਾਜਿੰਦਰ ਚੌਧਰੀ ਅਤੇ ਲੋਕੇਸ਼ ਸ਼ਰਮਾ ਨੂੰ ਬਰੀ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ 12 ਸਾਲ ਪਹਿਲਾਂ ਹੋਏ ਰੇਲ ਗੱਡੀ ਧਮਾਕੇ 'ਚ 68 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ। ਬੁਧਵਾਰ ਨੂੰ ਪੰਚਕੂਲਾ ਅਦਾਲਤ ਦਾ ਫ਼ੈਸਲਾ ਆਉਣ ਮਗਰੋਂ ਅਦਾਲਤ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ 'ਚ ਉਹ ਹੱਥ ਜੋੜ ਕੇ ਖੜੇ ਹਨ।

ਦੱਸ ਦੇਈਏ ਕਿ 18 ਫ਼ਰਵਰੀ 2007 ਨੂੰ ਹਰਿਆਣਾ ਦੇ ਪਾਣੀਪਤ 'ਚ ਦਿੱਲੀ ਤੋਂ ਲਾਹੌਰ ਜਾ ਰਹੀ ਸਮਝੌਤਾ ਐਕਸਪ੍ਰੈਸ 'ਚ ਧਮਾਕਾ ਹੋਇਆ ਸੀ। ਚਾਂਦਨੀ ਬਾਗ ਥਾਣੇ ਤਹਿਤ ਸਿਵਾਹ ਪਿੰਡ ਦੇ ਦੀਵਾਨਾ ਸਟੇਸ਼ਨ ਨੇੜੇ ਇਹ ਧਮਾਕਾ ਹੋਇਆ ਸੀ। ਧਮਾਕੇ 'ਚ 67 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਇਕ ਜ਼ਖ਼ਮੀ ਦੀ ਦਿੱਲੀ ਦੇ ਸਫ਼ਦਰਗੰਜ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। 23 ਲਾਸ਼ਾਂ ਦੀ ਪਛਾਣ ਨਹੀਂ ਹੋਈ ਸੀ।