ਚੋਣ ਸਰਵੇਖਣਾਂ ਮਗਰੋਂ ਫਿਰ ਸਵਾਲਾਂ ਦੇ ਘੇਰੇ 'ਚ ਵੋਟਿੰਗ ਮਸ਼ੀਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਿਣਤੀ ਦੀ ਕਵਾਇਦ ਵਿਚ ਕਈ ਸਮੱਸਿਆਵਾਂ : ਨਾਇਡੂ

Voting Machine

ਨਵੀਂ ਦਿੱਲੀ : ਐਗਜ਼ਿਟ ਪੋਲ ਦੇ ਅੰਕੜਿਆਂ ਵਿਚ ਭਾਜਪਾ ਇਕ ਵਾਰ ਫਿਰ ਕੇਂਦਰ ਵਿਚ ਸੱਤਾ 'ਤੇ ਕਾਬਜ਼ ਹੁੰਦੀ ਵਿਖਾਈ ਦੇ ਰਹੀ ਹੈ। ਉਧਰ, ਵਿਰੋਧੀ ਧਿਰ ਇਨ੍ਹਾਂ ਅੰਕੜਿਆਂ ਨੂੰ ਮੁੱਢੋਂ ਰੱਦ ਕਰ ਰਹੀ ਹੈ। ਨਤੀਜਿਆਂ ਤੋਂ ਪਹਿਲਾਂ ਗ਼ੈਰ-ਭਾਜਪਾ ਸਰਕਾਰ ਬਣਾਉਣ ਦੀ ਕਵਾਇਦ ਵਿਚ ਲੱਗੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਹੁਣ ਵੋਟਿੰਗ ਮਸ਼ੀਨਾਂ 'ਤੇ ਸਵਾਲ ਚੁਕਣੇ ਸ਼ੁਰੂ ਕਰ ਦਿਤੇ ਹਨ। 

ਨਾਇਡੂ ਨੇ ਕਿਹਾ ਕਿ ਗਿਣਤੀ ਕਵਾਇਦ ਵਿਚ ਕਈ ਸਮੱਸਿਆਵਾਂ ਹਨ। ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਰੱਦ ਕਰਦਿਆਂ ਨਾਇਡੂ ਨੇ ਕਿਹਾ, 'ਮੈਨੂੰ ਇਕ ਹਜ਼ਾਰ ਫ਼ੀ ਸਦੀ ਭਰੋਸਾ ਹੈ ਕਿ ਟੀਡੀਪੀ ਹੀ ਚੋਣਾਂ ਜਿੱਤੇਗੀ।' ਈਵੀਐਮ 'ਤੇ ਉਨ੍ਹਾਂ ਸਵਾਲ ਚੁਕਦਿਆਂ ਕਿਹਾ ਕਿ ਗਿਣਤੀ ਕਵਾਇਦ ਵਿਚ ਕਈ ਸਮੱਸਿਆਵਾਂ ਹਨ। ਚੋਣ ਕਮਿਸ਼ਨ ਨੂੰ ਉਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਕਦਮ ਚੁਕਣਾ ਚਾਹੀਦਾ ਹੈ। ਈਵੀਐਮ ਦੇ ਸਬੰਧ ਵਿਚ ਕਈ ਅਫ਼ਵਾਹਾਂ ਹਨ ਜਿਵੇਂ ਪ੍ਰਿੰਟਰਾਂ ਵਿਚ ਹੇਰਫੇਰ ਕੀਤੀ ਜਾ ਸਕਦੀ ਹੈ ਅਤੇ ਕੰਟਰੋਲ ਪੈਨਲ ਨੂੰ ਬਦਲਿਆ ਜਾ ਸਕਦਾ ਹੈ। 

ਕਰਨਾਟਕ ਦੇ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਵੀ ਐਗਜ਼ਿਟ ਪੋਲ 'ਤੇ ਸਵਾਲ ਚੁੱਕੇ ਹਨ। ਕੁਮਾਰਸਵਾਮੀ ਦਾ ਕਹਿਣਾ ਹੈ ਕਿ ਐਗਜ਼ਿਟ ਪੋਲ ਜ਼ਰੀਏ ਭਾਜਪਾ ਛੋਟੀਆਂ ਪਾਰਟੀਆਂ ਨੂੰ 23 ਮਈ ਦੇ ਨਤੀਜਿਆਂ ਤੋਂ ਪਹਿਲਾਂ ਹੀ ਲੁਭਾ ਰਹੀ ਹੈ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਗਜ਼ਿਟ ਪੋਲ ਨੂੰ ਅਟਕਲਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਉਸ ਨੂੰ ਅਜਿਹੇ ਸਰਵੇਖਣਾਂ 'ਤੇ ਭਰੋਸਾ ਨਹੀਂ ਕਿਉਂਕਿ ਇਸ ਰਣਨੀਤੀ ਦੀ ਵਰਤੋਂ ਈਵੀਐਮ ਵਿਚ ਗੜਬੜ ਕਰਨ ਲਈ ਕੀਤੀ ਜਾਂਦੀ ਹੈ। 

ਜ਼ਿਕਰਯੋਗ ਹੈ ਕਿ ਆਖ਼ਰੀ ਦੌਰ ਦੇ ਮਤਦਾਨ ਅਤੇ ਨਤੀਜਿਆਂ ਤੋਂ ਪਹਿਲਾਂ ਹੀ ਟੀਡੀਪੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਵਿਰੋਧੀ ਖ਼ੇਮੇ ਦੀ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਲੱਭਣ ਵਿਚ ਲੱਗ ਗਏ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਕਈ ਆਗੂਆਂ ਨਾਲ ਮੁਲਾਕਾਤ ਕੀਤੀ। ਬਸਪਾ ਮੁਖੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨਾਲ ਨਾਇਡੂ ਦੀ ਮੁਲਾਕਾਤ ਵਿਰੋਧੀ ਧਿਰ ਨੂੰ ਲਾਮਬੰਦ ਕਰਨ ਪੱਖੋਂ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। (ਏਜੰਸੀ)

ਕੀ ਅਸਲੀ ਖੇਡ ਈਵੀਐਮ ਹੈ? : ਆਪ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਚੋਣ ਸਰਵੇਖਣਾਂ ਦੀ ਸਚਾਈ 'ਤੇ ਸਵਾਲ ਚੁੱਕੇ ਹਨ। ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪੂਰੀ ਕਵਾਇਦ 'ਤੇ ਸਵਾਲ ਚੁਕਦਿਆਂ ਕਿਹਾ, 'ਕੀ ਅਸਲੀ ਖੇਡ ਈਵੀਐਮ ਹੈ? ਕੀ ਪੈਸੇ ਦੇ ਕੇ ਐਗਜ਼ਿਟ ਪੋਲ ਕਰਾਇਆ ਗਿਆ? ਯੂਪੀ, ਬਿਹਾਰ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਦਿੱਲੀ, ਬੰਗਾਲ ਹਰ ਜਗ੍ਹਾ ਭਾਜਪਾ ਦੀ ਜਿੱਤ ਹੋ ਰਹੀ ਹੈ, ਇਹ ਕੌਣ ਯਕੀਨ ਕਰੇਗਾ? ਸਾਰੀਆਂ ਪਾਰਟੀਆਂ ਚੋਣਾਂ ਰੱਦ ਕਰਾਉਣ ਦੀ ਮੰਗ ਕਰਨ।' ਦਿੱਲੀ ਕਾਂਗਰਸ ਦੇ ਸੀਨੀਅਰ ਆਗੂ ਜੇ ਪੀ ਅਗਰਵਾਲ ਨੇ ਕਿਹਾ ਕਿ ਐਗਜ਼ਿਟ ਪੋਲ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਭਾਜਪਾ ਬਹੁਤੀਆਂ ਸੀਟਾਂ 'ਤੇ ਜਿੱਤੇਗੀ ਜਦਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਉਹ ਵਿਧਾਨ ਸਭਾ ਚੋਣਾਂ ਹਾਰੀ ਹੈ। 

ਵਿਰੋਧੀ ਧਿਰਾਂ ਵਲੋਂ ਡੂੰਘੀ ਸਾਜ਼ਸ਼ ਦਾ ਖ਼ਦਸ਼ਾ :
ਯੂਪੀ ਦੀਆਂ ਵਿਰੋਧੀ ਧਿਰਾਂ ਨੇ ਚੋਣ ਸਰਵੇਖਣਾਂ ਪਿੱਛੇ ਡੂੰਘੀ ਸਾਜ਼ਸ਼ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਚੋਣ ਸਰਵੇ ਪੂਰੀ ਤਰ੍ਹਾਂ 'ਮੈਨੇਜਡ' ਹਨ ਅਤੇ ਇਹ ਵੋਟਾਂ ਦੀ ਗਿਣਤੀ ਕਰਨ ਵਾਲੇ ਮੁਲਾਜ਼ਮਾਂ 'ਤੇ ਗੜਬੜ ਲਈ ਦਬਾਅ ਪਾਉਣ ਅਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਹੱਥਕੰਡਾ ਹੈ। ਜਾਲੌਨ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਵੀਰਪਾਲ ਸਿੰਘ ਯਾਦਵ ਨੇ ਕਿਹਾ ਕਿ ਮੁਲਾਜ਼ਮਾਂ ਉਤੇ ਗੜਬੜ ਕਰਨ ਲਈ ਮਾਨਸਿਕ ਦਬਾਅ ਪਾਉਣ ਦੇ ਮਕਸਦ ਨਾਲ ਝੂਠਾ ਐਗਜ਼ਿਟ ਪੋਲ ਵਿਖਾਇਆ ਗਿਆ ਹੈ। ਇਸੇ ਜ਼ਿਲ੍ਹੇ ਦੇ ਬਸਪਾ ਮੁਖੀ ਹੀਰਾਲਾਲ ਚੌਧਰੀ ਦਾ ਕਹਿਣਾ ਹੈ ਕਿ ਈਵੀਐਮ ਵਿਚ ਗੜਬੜ ਨੂੰ ਲੁਕਾਉਣ ਲਈ ਭਾਜਪਾ ਨੇ ਮੀਡੀਆ ਨੂੰ ਦਬਾਅ ਵਿਚ ਲੈ ਕੇ ਗ਼ਲਤ ਐਗਜ਼ਿਟ ਪੋਲ ਵਿਖਾਇਆ ਹੈ। ਕਾਂਗਰਸ ਆਗੂ ਸ਼ਿਆਮ ਸੁੰਦਰ ਚੌਧਰੀ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਵਿਚ ਵੀ ਭਾਜਪਾ ਦੀ ਸਰਕਾਰ ਹੈ, ਇਸ ਲਈ ਉਹ ਅਫ਼ਸਰਾਂ 'ਤੇ ਦਬਾਅ ਪਾ ਸਕਦੇ ਹਨ। ਐਗਜ਼ਿਟ ਪੋਲ ਗ਼ਲਤ ਹੈ।