ਹਰ ਵਾਰ ਸਹੀ ਸਾਬਤ ਨਹੀਂ ਹੋਏ ਹਨ ਐਗਜ਼ਿਟ ਪੋਲ ਦੇ ਅੰਕੜੇ
ਪੂਰੇ ਦੇਸ਼ 'ਚ ਐਗਜ਼ਿਟ ਪੋਲ ਦੀ ਚਰਚਾ ਸ਼ੁਰੂ ਹੋਈ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਐਤਵਾਰ ਸ਼ਾਮ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆਏ, ਜਿਸ 'ਚ ਐਨਡੀਏ ਪੂਰਨ ਬਹੁਮਤ ਨਾਲ ਸਰਕਾਰ ਬਣਾਉਂਦੀ ਵਿਖਾਈ ਦੇ ਰਹੀ ਹੈ। ਐਤਵਾਰ ਸ਼ਾਮ 6 ਵਜੇ ਜਦੋਂ ਵੋਟਿੰਗ ਪ੍ਰਕਿਰਿਆ ਖ਼ਤਮ ਹੋਈ, ਉਸ ਤੋਂ ਬਾਅਦ ਪੂਰੇ ਦੇਸ਼ 'ਚ ਐਗਜ਼ਿਟ ਪੋਲ ਦੀ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ ਕੋਈ ਇਨ੍ਹਾਂ ਅਕੰੜਿਆਂ 'ਤੇ ਭਰੋਸਾ ਜਤਾ ਰਿਹਾ ਹੈ ਤਾਂ ਕੋਈ ਇਨ੍ਹਾਂ ਅੰਕੜਿਆਂ ਨੂੰ ਪੂਰੀ ਤਰ੍ਹਾਂ ਨਕਾਰ ਰਿਹਾ ਹੈ। ਇਹ ਸੱਚ ਹੈ ਕਿ ਐਗਜ਼ਿਟ ਪੋਲ ਦੇ ਅੰਕੜੇ ਹਮੇਸ਼ਾ ਸਹੀ ਸਾਬਤ ਨਹੀਂ ਹੋਏ ਹਨ। ਕਈ ਵਾਰ ਐਗਜ਼ਿਟ ਪੋਲ ਦੇ ਅੰਕੜਿਆਂ 'ਚ ਭਾਰੀ ਉਲਟ ਫੇਰ ਵੇਖਣ ਨੂੰ ਮਿਲ ਚੁੱਕੀ ਹੈ। ਤੁਹਾਨੂੰ ਦੱਸਦੇ ਹਾਂ ਕਿ ਹੁਣ ਤਕ ਕਿਹੜੇ ਐਗਜ਼ਿਟ ਪੋਲ ਗ਼ਲਤ ਸਾਬਤ ਹੋਏ ਹਨ।
2007 ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ :
ਸਾਲ 2007 ਦੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਐਗਜ਼ਿਟ ਪੋਲਾਂ 'ਚੋਂ ਕਿਸੇ ਨੇ ਵੀ ਨਹੀਂ ਕਿਹਾ ਸੀ ਕਿ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ ਪਰ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਚੋਣਾਂ 'ਚ 16 ਸਾਲ ਬਾਅਦ ਕਿਸੇ ਪਾਰਟੀ ਨੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਸੀ। 403 ਵਿਧਾਨ ਸਭਾ ਸੀਟਾਂ ਵਾਲੇ ਯੂਪੀ 'ਚ ਬਹੁਮਤ ਲਈ 202 ਸੀਟਾਂ ਚਾਹੀਦੀਆਂ ਹੁੰਦੀਆਂ ਹਨ। ਇਨ੍ਹਾਂ ਚੋਣਾਂ 'ਚ ਬਸਪਾ ਨੇ ਆਪਣੇ ਦਮ 'ਤੇ 206 ਸੀਟਾਂ ਜਿੱਤੀਆਂ ਸਨ।
2015 ਦਿੱਲੀ ਵਿਧਾਨ ਸਭਾ ਚੋਣਾਂ :
ਸਾਲ 2015 ਦੇ ਦਿੱਲੀ ਵਿਧਾਨ ਸਭਾ ਚੋਣ ਨਤੀਜਿਆਂ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਚੋਣਾਂ ਦੇ ਐਗਜ਼ਿਟ ਪੋਲ 'ਚ ਕਿਸੇ ਨੇ ਵੀ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਸਾਲ 2012 'ਚ ਹੋਂਦ ਵਿਚ ਆਉਣ ਵਾਲੀ ਆਮ ਆਦਮੀ ਪਾਰਟੀ ਤਿੰਨ ਸਾਲ ਬਾਅਦ 2015 'ਚ ਰਾਜਧਾਨੀ ਦਿੱਲੀ 'ਚ ਇਕ ਤਿਹਾਈ ਤੋਂ ਵੀ ਵੱਧ ਸੀਟਾਂ ਨਾਲ ਸਰਕਾਰ ਬਣਾਏਗੀ। 70 ਵਿਧਾਨ ਸਭਾ ਸੀਟਾਂ ਵਾਲੇ ਇਸ ਸੂਬੇ 'ਚ ਆਮ ਆਦਮੀ ਪਾਰਟੀ ਨੇ 67 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਨੂੰ ਸਿਰਫ਼ 3 ਸੀਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ 'ਚ 15 ਸਾਲ ਤੋਂ ਲਗਾਤਾਰ ਸੱਤਾ 'ਚ ਰਹੀ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ।
2015 ਬਿਹਾਰ ਵਿਧਾਨ ਸਭਾ ਚੋਣਾਂ :
ਸਾਲ 2015 ਦੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 'ਚ ਜੇਡੀਯੂ ਅਤੇ ਆਰਜੇਡੀ ਦੇ ਗਠਜੋੜ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਕਿਸੇ ਨੇ ਵੀ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਇਨ੍ਹਾਂ ਚੋਣਾਂ 'ਚ ਜੇਡੀਯੂ ਅਤੇ ਆਰਜੇਡੀ ਮਿਲ ਕੇ ਸਰਕਾਰ ਬਣਾਉਣਗੀਆਂ। ਇਨ੍ਹਾਂ ਚੋਣਾਂ 'ਚ ਵਿਧਾਨ ਸਭਾ ਦੀਆਂ 243 ਸੀਟਾਂ 'ਚੋਂ ਜੇਡੀਯੂ, ਆਰਜੇਡੀ ਅਤੇ ਕਾਂਗਰਸ ਮਹਾਗਠਜੋੜ ਨੂੰ 178 ਸੀਟਾਂ 'ਤੇ ਜਿੱਤ ਮਿਲੀ ਸੀ। ਚੋਣਾਂ 'ਚ ਆਰਜੇਡੀ ਨੂੰ 80, ਜੇਡੀਯੂ ਨੂੰ 71 ਅਤੇ ਕਾਂਗਰਸ ਨੂੰ 27 ਸੀਟਾਂ ਮਿਲੀਆਂ ਸਨ। ਉੱਥੇ ਹੀ ਭਾਜਪਾ ਨੂੰ ਸਿਰਫ਼ 58 ਸੀਟਾਂ ਮਿਲੀਆਂ ਸਨ।
2016 ਤਾਮਿਲਨਾਡੂ ਵਿਧਾਨ ਸਭਾ ਚੋਣਾਂ :
ਸਾਲ 2016 ਦੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲਾਂ 'ਚ ਕਿਹਾ ਗਿਆ ਸੀ ਕਿ ਇਸ ਵਾਰ ਸੱਤਾ ਵਿਰੋਧੀ ਲਹਿਰ ਹੋਣ ਕਾਰਨ ਜੈਲਲਿਤਾ ਦੀ ਪਾਰਟੀ ਏਆਈਏਡੀਐਮਕੇ ਸੱਤਾ 'ਚ ਨਹੀਂ ਆਵੇਗੀ। ਇਨ੍ਹਾਂ ਐਗਜ਼ਿਟ ਪੋਲਾਂ 'ਚ ਡੀਐਮਕੇ ਅਤੇ ਕਾਂਗਰਸ ਗਠਜੋੜ ਦੀ ਜਿੱਤ ਦੀ ਭਵਿੱਖਵਾਣੀ ਕੀਤੀ ਗਈ ਸੀ। ਫਾਈਨਲ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਚੋਣਾਂ 'ਚ 234 ਵਿਧਾਨ ਸਭਾ ਸੀਟਾਂ 'ਚੋਂ ਏਆਈਏਡੀਐਮਕੇ ਨੇ 114 ਸੀਟਾਂ ਜਿੱਤ ਕੇ ਇਕ ਵਾਰ ਫਿਰ ਸਰਕਾਰ ਬਣਾਈ। ਉਦੋਂ ਡੀਐਮਕੇ ਨੂੰ 88 ਅਤੇ ਕਾਂਗਰਸ ਨੂੰ ਸਿਰਫ਼ 8 ਸੀਟਾਂ ਮਿਲੀਆਂ ਸਨ।
2014 ਲੋਕ ਸਭਾ ਚੋਣਾਂ :
ਸਾਲ 2014 'ਚ ਐਨਡੀਏ ਨੇ 336 ਸੀਟਾਂ ਜਿੱਤੀਆਂ ਸਨ। ਉਦੋਂ ਐਗਜ਼ਿਟ ਪੋਲ 'ਚ ਸਿਰਫ਼ ਟੁਡੇ ਚਾਣਕਿਆ ਨੇ ਐਨਡੀਏ ਦਾ ਅੰਕੜਾ 300 ਤੋਂ ਪਾਰ ਜਾਣ ਦਾ ਅਨੁਮਾਨ ਲਗਾਇਆ ਸੀ। ਬਾਕੀ ਸਾਰੀ ਐਗਜ਼ਿਟ ਪੋਲ ਏਜੰਸੀਆਂ ਦਾ ਅੰਦਾਜ਼ਾ ਗਲਤ ਸਾਬਤ ਹੋਇਆ ਸੀ।