ਐਗਜ਼ਿਟ ਪੋਲ 'ਚ ਐਨਡੀਏ ਨੂੰ 300+ ਅਤੇ ਯੂਪੀਏ ਨੂੰ 150 ਤੋਂ ਘੱਟ ਸੀਟਾਂ ਮਿਲਣ ਦੀ ਭਵਿੱਖਵਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਗਜ਼ਿਟ ਪੋਲ ਦੇ ਰੁਝਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਦਾਅਵਿਆਂ ਨੂੰ ਸਹੀ ਸਾਬਤ ਕਰਦੇ ਨਜ਼ਰ ਆ ਰਹੇ

Lok Sabha Election 2019

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦੇ ਐਗਜ਼ਿਟ ਪੋਲ ਰੁਝਾਨਾਂ 'ਚ ਐਨਡੀਏ ਨੂੰ ਪੂਰਨ ਬਹੁਮਤ ਮਿਲਦਾ ਵਿਖਾਈ ਦੇ ਰਿਹਾ ਹੈ। ਉੱਥੇ ਹੀ ਯੂਪੀਏ 150 ਤੋਂ ਘੱਟ ਸੀਟਾਂ 'ਤੇ ਸਿਮਟਦੀ ਵਿਖਾਈ ਦੇ ਰਹੀ ਹੈ। ਐਗਜ਼ਿਟ ਪੋਲ ਦੇ ਰੁਝਾਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਦਾਅਵਿਆਂ ਨੂੰ ਸਹੀ ਸਾਬਤ ਕਰਦੇ ਨਜ਼ਰ ਆ ਰਹੇ ਹਨ। ਲੋਕ ਸਭਾ ਚੋਣਾਂ ਦੇ ਸਤਵੇਂ ਗੇੜ ਦੀ ਵੋਟਿੰਗ 'ਚ 60 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਪਿਛਲੇ ਲਗਭਗ ਡੇਢ ਮਹੀਨੇ ਤੋਂ ਚਲੀ ਆ ਰਹੀ ਚੋਣ ਪ੍ਰਕਿਰਿਆ ਖ਼ਤਮ ਹੋ ਗਈ। ਵੋਟਿੰਗ ਖ਼ਤਮ ਹੁੰਦੇ ਹੀ ਐਗਜ਼ਿਟ ਪੋਲ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਚੋਣ ਨਤੀਜੇ 23 ਮਈ ਨੂੰ ਆਉਣਗੇ।

C-Voter, ਰਿਪਬਲਿਕਨ ਅਤੇ ਜਨ ਕੀ ਬਾਤ ਮੁਤਾਬਕ ਲੋਕ ਸਭਾ ਚੋਣਾਂ 2019 'ਚ ਐਨਡੀਏ ਨੂੰ 287, ਯੂਪੀਏ ਨੂੰ 128 ਅਤੇ ਹੋਰਾਂ ਨੂੰ 87 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ।

ਟਾਈਮਜ਼ ਨਾਓ ਅਤੇ ਵੀਐਮਆਰ ਦੇ ਸਰਵੇ ਮੁਤਾਬਕ ਐਨਡੀਏ ਨੂੰ ਪੂਰਨ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਇਸ ਸਰਵੇ 'ਚ 306 ਸੀਟਾਂ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰੁਝਾਨਾਂ 'ਚ ਹੋਰਾਂ ਨੂੰ 104 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।

ਨਿਊਜ਼ ਐਕਸ ਨੇਤਾ ਦੇ ਸਰਵੇ ਮੁਤਾਬਕ ਐਨਡੀਏ ਨੂੰ 242, ਕਾਂਗਰਸ ਨੂੰ 164 ਅਤੇ ਹੋਰਾਂ ਨੂੰ 136 ਸੀਟਾਂ ਮਿਲਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ 2014 ਲੋਕ ਸਭਾ ਚੋਣਾਂ 'ਚ ਭਾਜਪਾ ਪੂਰਨ ਬਹੁਮਤ ਨਾਲ ਸੱਤਾ 'ਚ ਆਈ ਸੀ। 2014 'ਚ ਕੁਲ 543 ਸੀਟਾਂ ਲਈ ਹੋਈਆਂ ਚੋਣਾਂ 'ਚ ਭਾਜਪਾ ਨੇ 282 ਸੀਟਾਂ ਜਿੱਤੀਆਂ ਸਨ। ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐਨਡੀਏ) ਨੂੰ 336 ਸੀਟਾਂ ਮਿਲੀਆਂ ਸਨ। ਉਥੇ ਯੂਪੀਏ ਨੂੰ 60 ਸੀਟਾਂ ਮਿਲੀਆਂ ਸਨ।

ਪੰਜਾਬ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਦਾ ਅਨੁਮਾਨ : ਟਾਈਮਜ਼ ਨਾਓ ਅਤੇ ਵੀਐਮਆਰ ਦੇ ਸਰਵੇ ਮੁਤਾਬਕ ਪੰਜਾਬ ਦੀਆਂ ਲੋਕ ਸਭਾ ਸੀਟਾਂ 'ਚੋਂ 10 'ਤੇ ਯੂਪੀਏ ਸਰਕਾਰ ਅਤੇ 3 'ਤੇ ਐਨਡੀਏ ਸਰਕਾਰ ਦੀ ਜਿੱਤ ਦੀ ਸੰਭਾਵਨਾ ਹੈ।

ਇੰਡੀਆ ਟੁਡੇ ਅਤੇ ਮਾਈ ਐਕਸਿਸ ਸਰਵੇ ਮੁਤਾਬਕ ਪੰਜਾਬ 'ਚ 8 ਸੀਟਾਂ ਯੂਪੀਏ, 4 ਸੀਟਾਂ ਐਨਡੀਏ ਅਤੇ 1 ਹੋਰ ਦੇ ਖ਼ਾਤੇ 'ਚ ਜਾਣ ਦੇ ਆਸਾਰ ਹਨ।

ਉੱਤਰ ਪ੍ਰਦੇਸ਼ 'ਚ ਮਹਾਗਠਜੋੜ ਅੱਗੇ : ਸੀ ਵੋਟਰ ਦੇ ਐਗਜ਼ਿਟ ਪੋਲ ਨੇ ਐਨਡੀਏ ਨੂੰ 90 ਸੀਟਾਂ 'ਚੋਂ 38, ਮਹਾਗਠਜੋੜ ਨੂੰ 40 ਅਤੇ ਕਾਂਗਰਸ ਨੂੰ 2 ਸੀਟਾਂ ਦਿੱਤੀਆਂ ਹਨ। ਨੀਲਸਨ ਅਤੇ ਏਬੀਪੀ ਦੇ ਐਗਜ਼ਿਟ ਪੋਲ 'ਚ ਐਨਡੀਏ ਨੂੰ 22, ਮਹਾਗਠਜੋੜ ਨੂੰ 56 ਅਤੇ ਕਾਂਗਰਸ ਨੂੰ 2 ਸੀਟਾਂ ਮਿਲ ਰਹੀਆਂ ਹਨ। ਟਾਈਮਜ਼ ਨਾਓ 'ਚ ਐਨਡੀਏ ਨੂੰ 58, ਮਹਾਗਠਜੋੜ ਨੂੰ 20 ਅਤੇ ਕਾਂਗਰਸ ਨੂੰ 2 ਸੀਟਾਂ ਮਿਲ ਰਹੀਆਂ ਹਨ।