ਉਤਰਾਖੰਡ : ਬੱਸ ਡੂੰਘੀ ਖੱਡ 'ਚ ਡਿੱਗੀ, 16 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਵਿਚ ਇਕ ਬੱਸ ਦੇ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ ਲਗਭਗ 16 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ............

Accident Place

ਦੇਹਰਾਦੂਨ : ਉਤਰਾਖੰਡ ਵਿਚ ਇਕ ਬੱਸ ਦੇ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ ਲਗਭਗ 16 ਜਣਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਸੂਰਿਆਧਰ ਨੇੜੇ ਉਤਰਾਖੰਡ ਕਾਰਪੋਰੇਸ਼ਨ ਦੀ ਬੱਸ ਰਿਸ਼ੀਕੇਸ਼-ਗੰਗੋਤਰੀ ਹਾਈਵੇਅ ਤੋਂ ਫ਼ਿਸਲ ਕੇ ਲਗਭਗ 250 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਜਾਣਕਾਰੀ ਅਨੁਸਾਰ ਘਟਨਾ ਸਮੇਂ ਬੱਸ ਵਿਚ 25 ਯਾਤਰੀ ਸਵਾਰ ਸਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਅਧਿਕਾਰੀ ਅਤੇ ਪੁਲਿਸ ਮੁਲਾਜ਼ਮ ਮੌਕੇ 'ਤੇ ਪੁੱਜੇ। ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਏਮਜ਼ ਪਹੁੰਚਾਉਣ ਲਈ ਸੂਬਾ ਸਰਕਾਰ ਨੇ ਮੌਕੇ 'ਤੇ ਹੈਲੀਕਾਪਟਰ ਭੇਜਣ ਦੇ ਨਿਰਦੇਸ਼ ਦਿਤੇ।

ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਭਟਵਾੜੀ ਤੋਂ ਹਰਿਦੁਆਰ ਜਾ ਰਹੀ ਇਸ ਬੱਸ ਵਿਚ ਕੁਲ 30 ਯਾਤਰੀ ਸਵਾਰ ਸਨ। ਸੂਬੇ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਦੁਖ ਦਾ ਪ੍ਰਗਟਾਵਾ ਕਰਦਿਆਂ ਅਧਿਕਾਰੀ ਨੂੰ ਨਿਦਰੇਸ਼ ਦਿਤੇ ਕਿ ਜ਼ਖ਼ਮੀਆਂ ਦੇ ਇਲਾਜ ਵਿਚ ਕੋਈ ਢਿੱਲ ਨਾ ਵਰਤੀ ਜਾਵੇ।

ਜ਼ਿਕਰਯੋਗ ਹੈ ਕਿ ਜੁਲਾਈ ਦੇ ਸ਼ੁਰੂ ਵਿਚ ਉਤਰਾਖੰਡ ਦੇ ਪੌੜੀ ਗੜਵਾਲ ਵਿਚ ਇਕ ਬੱਸ 200 ਮੀਟਰ ਖੱਡ ਵਿਚ ਡਿੱਗ ਗਈ ਸੀ ਜਿਸ ਕਾਰਨ 48 ਯਾਤਰੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ 45 ਯਾਤਰੀਆਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਸੀ ਜਦਕਿ ਤਿੰਨ ਯਾਤਰੀਆਂ ਨੇ ਇਲਾਜ ਦੌਰਾਨ ਦਮ ਤੌੜ ਦਿਤਾ ਸੀ। 28 ਸੀਟਰ ਇਸ ਬੱਸ ਵਿਚ ਕੁਲ 50 ਯਾਤਰੀ ਸਵਾਰ ਸਨ। (ਪੀ.ਟੀ.ਆਈ.)