ਤਾਮਿਲਨਾਡੂ  : ਹਿੰਦੂ ਨੇਤਾ ਦੇ ਕਤਲ ਦੇ ਮਾਮਲੇ 'ਚ ਐਨਆਈਏ  ਵੱਲੋਂ 7 ਥਾਵਾਂ 'ਤੇ ਛਾਪੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਤਾਬਕ ਇਹ ਲੋਕ ਆਈਐਸਆਈਐਸ ਮੋਡੀਊਲ ਅਤੇ ਹੋਰ ਅਤਿਵਾਦੀ ਸੰਗਠਨਾਂ ਤੋਂ ਪ੍ਰੇਰਿਤ ਹਨ ਅਤੇ ਉਹਨਾਂ ਨੇ ਹੀ ਕਤਲ ਦੀ ਸਾਜਸ਼ ਰਚੀ ਸੀ। 

National investigation agency

ਚੈਨੇਈ ( ਭਾਸ਼ਾ) : ਰਾਸ਼ਟਰੀ ਜਾਂਚ ਏਜੰਸੀ ਨੇ ਕੋਇਬੰਟੂਰ ਆਈਐਸ ਮਾਮਲੇ ਵਿਚ 7 ਥਾਵਾਂ 'ਤੇ ਛਾਪੇਮਾਰੀ ਦੌਰਾਨ ਵੱਡੀ ਗਿਣਤੀ ਵਿਚ ਨਕਦੀ, ਇਲੈਕਟ੍ਰਾਨਿਕ ਉਪਕਰਣ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਹਨ। ਐਨਆਈਏ ਮੁਤਾਬਕ ਇਸ ਮਾਮਲੇ ਵਿਚ ਗ੍ਰਿਫਤਾਰ 7 ਦੋਸ਼ੀਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ। ਚੈਨੇਈ ਅਤੇ ਕੋਇੰਬਟੂਰ ਵਿਚ ਤਿੰਨ-ਤਿੰਨ ਅਤੇ ਤ੍ਰਿਵੇਂਦਰਮ ਵਿਖੇ ਇਕ ਜਗ੍ਹਾ 'ਤੇ ਛਾਪਾ ਮਾਰਿਆ ਗਿਆ ਹੈ।

ਛਾਪੇਮਾਰੀ ਦੌਰਾਨ ਇਤਰਾਜ਼ਯੋਗ ਦਸਤਾਵੇਜ਼, ਮੋਬਾਈਲ ਫੋਨ ਮੈਮਰੀ ਕਾਰਡ, ਸੀਡੀ, ਧਾਰਮਿਕ ਪੁਸਤਕਾਂ ਅਤੇ ਭਾਸ਼ਣ ਦੀਆਂ ਕੁਝ ਕਾਪੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਹਿੰਦੂ ਮਕਕਲ ਕੱਚੀ ਦੇ ਮੁਖੀ ਅਰਜੁਨ ਸੰਪਤ ਅਤੇ ਹਿੰਦੂ ਮੁਨਾਨੀ ਦੇ ਨੇਤਾ ਮੁੰਕਾਬਿਕਾ ਮਾਨੀ ਸਮੇਤ ਹੋਰਨਾਂ ਲੋਕਾਂ ਦੇ ਕਤਲ ਦੀ ਸਾਜਸ਼ ਰਚਣ ਦੀ ਲੜੀ ਵਿਚ ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਸਤੰਬਰ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਇਸ ਤੋਂ ਬਾਅਦ ਦੋ ਹੋਰਨਾਂ ਲੋਕਾਂ ਨੂੰ ਉਹਨਾਂ ਨੂੰ ਆਸਰਾ ਦੇਣ ਅਤੇ ਉਹਨਾਂ ਦੇ ਲਈ ਵਾਹਨ ਦਾ ਪ੍ਰਬੰਧ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਇਹ ਲੋਕ ਆਈਐਸਆਈਐਸ ਮੋਡੀਊਲ ਅਤੇ ਹੋਰ ਅਤਿਵਾਦੀ ਸੰਗਠਨਾਂ ਤੋਂ ਪ੍ਰੇਰਿਤ ਹਨ ਅਤੇ ਉਹਨਾਂ ਨੇ ਹੀ ਕਤਲ ਦੀ ਸਾਜਸ਼ ਰਚੀ ਸੀ। ਇਸ ਮਾਮਲੇ ਨੂੰ ਬਾਅਦ ਵਿਚ ਰਾਸ਼ਟਰੀ ਜਾਂਚ ਏਜੰਸੀ ਨੂੰ ਸੌਂਪ ਦਿਤਾ ਗਿਆ।

ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚੋਂ ਤਿੰਨ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ। ਐਨਆਈਏ ਅਧਿਕਾਰੀਆਂ ਦੇ ਇਥੇ ਪਹੁੰਚਣ ਤੋਂ ਬਾਅਦ ਛਾਪੇਮਾਰੀ ਸ਼ੁਰੂ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਉਹਨਾਂ ਉਕਦਮ ਵਿਖੇ ਫੈਜ਼ਲ ਦੇ ਘਰ, ਚੰਦਰਨ ਸਟ੍ਰੀਟ 'ਤੇ ਆਸ਼ਿਕ ਦੇ ਘਰ ਅਤੇ ਕੁਨਿਆਮੁਥੁਰ ਵਿਖੇ ਅਨਵਰ ਦੇ ਘਰ ਦੀ ਤਲਾਸ਼ੀ ਲਈ।