ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਔਰਤ ਨੇ ਸ਼ਹੀਦਾਂ ਦੇ ਪਰਵਾਰ ਨੂੰ ਦਿਤੇ 6 ਲੱਖ
ਅਜਮੇਰ ਵਿਚ ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਬਜ਼ੁਰਗ ਔਰਤ ਦੇਵਕੀ ਸ਼ਰਮਾ ਨੇ ਜੀਵਨ ਭਰ ਜਮਾਂ ਕੀਤੀ ਰਾਸ਼ੀ ਪੁਲਵਾਮਾ...
ਅਜਮੇਰ : ਅਜਮੇਰ ਵਿਚ ਮੰਦਰ ਦੇ ਬਾਹਰ ਭੀਖ ਮੰਗਣ ਵਾਲੀ ਬਜ਼ੁਰਗ ਔਰਤ ਦੇਵਕੀ ਸ਼ਰਮਾ ਨੇ ਜੀਵਨ ਭਰ ਜਮਾਂ ਕੀਤੀ ਰਾਸ਼ੀ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਵਾਰਾਂ ਨੂੰ ਸਮਰਪਿਤ ਕਰ ਦਿਤੀ। ਦਰਅਸਲ, ਅਜਿਹਾ ਦੇਵਕੀ ਦੀ ਇੱਛਾ ਉਤੇ ਹੋਇਆ ਹੈ ਜਿਨ੍ਹਾਂ ਦੀ ਮੌਤ ਲਗਭੱਗ 6 ਮਹੀਨਾ ਪਹਿਲਾਂ ਹੋ ਚੁੱਕੀ ਹੈ। ਅਜਮੇਰ ਦੇ ਬਜਰੰਗ ਗੜ੍ਹ ਸਥਿਤ ਮਾਤਾ ਮੰਦਰ ਉਤੇ ਪਿਛਲੇ 7 ਸਾਲਾਂ ਤੋਂ ਦੇਵਕੀ ਸ਼ਰਮਾ ਭੀਖ ਮੰਗ ਕੇ ਗੁਜ਼ਾਰਾ ਕਰਦੀ ਸੀ।
ਮੌਤ ਤੋਂ ਪਹਿਲਾਂ ਇਸ ਮਹਿਲਾ ਨੇ ਲੋਕਾਂ ਵਲੋਂ ਦਿਤੀ ਗਈ ਭੀਖ ਨਾਲ 6,61,600 ਰੁਪਏ ਜਮਾਂ ਕੀਤੇ ਸਨ, ਜੋ ਬਜਰੰਗ ਗੜ੍ਹ ਚੁਰਾਹਾ ਸਥਿਤ ਬੈਂਕ ਆਫ਼ ਬੜੌਦਾ ਦੇ ਅਕਾਊਂਟ ਵਿਚ ਜਮਾਂ ਸਨ ਪਰ ਇਸ ਮਹਿਲਾ ਨੇ ਅਪਣੇ ਜੀਵਨਕਾਲ ਵਿਚ ਹੀ ਜੈ ਅੰਬੇ ਮਾਤਾ ਮੰਦਰ ਦੇ ਟਰਸਟੀਆਂ ਨੂੰ ਇਹ ਕਿਹਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਇਸ ਰਾਸ਼ੀ ਨੂੰ ਕਿਸੇ ਨੇਕ ਕੰਮ ਵਿਚ ਖਰਚ ਕੀਤਾ ਜਾਵੇ।
ਮੰਦਰ ਟਰੱਸਟੀ ਸੰਦੀਪ ਦੇ ਮੁਤਾਬਕ, ਦੇਵਕੀ ਸ਼ਰਮਾ ਦੀ ਆਖ਼ਰੀ ਇੱਛਾ ਨੂੰ ਹੁਣ ਜਾ ਕੇ ਪੂਰਾ ਕੀਤਾ ਗਿਆ ਜਦੋਂ ਇਹ ਰਾਸ਼ੀ ਅਜਮੇਰ ਕਲੈਕਟਰ ਵਿਸ਼ਵ ਮੋਹਨ ਸ਼ਰਮਾ ਨੂੰ ਇਕ ਬੈਂਕ ਡਰਾਫ਼ਟ ਦੇ ਮਾਧਿਅਮ ਰਾਹੀਂ ਸੌਂਪੀ ਗਈ। ਮਹਿਲਾ ਨੇ ਅਪਣੇ ਜੀਵਨ ਕਾਲ ਵਿਚ ਹੀ ਉਨ੍ਹਾਂ ਨੂੰ ਇਸ ਰਾਸ਼ੀ ਦਾ ਟਰੱਸਟੀ ਬਣਾ ਦਿਤਾ ਸੀ ਅਤੇ ਅੱਜ ਇਹ ਪੂਰੀ ਰਾਸ਼ੀ ਮੁੱਖ ਮੰਤਰੀ ਸਹਾਇਤਾ ਕੋਸ਼ ਲਈ ਸਮਰਪਿਤ ਕੀਤੀ ਗਈ ਹੈ।
ਇਸ ਔਰਤ ਦੀ ਆਖ਼ਰੀ ਇੱਛਾ ਦੇ ਸਮਾਨ ਇਸ ਰਾਸ਼ੀ ਦੀ ਵਰਤੋ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਰਾਜਸਥਾਨ ਦੇ ਸ਼ਹੀਦਾਂ ਦੇ ਪਰਵਾਰ ਨੂੰ ਆਰਥਿਕ ਸਹਾਇਤਾ ਵਜੋਂ ਪ੍ਰਦਾਨ ਕੀਤਾ ਜਾਵੇਗਾ। ਦੇਵਕੀ ਭੀਖ ਤੋਂ ਜਮਾਂ ਹੋਏ ਪੈਸਿਆਂ ਨੂੰ ਘਰ ਵਿਚ ਹੀ ਰੱਖਦੀ ਸੀ। ਕੁੱਝ ਸਮਾਂ ਪਹਿਲਾਂ ਦੇਵਕੀ ਦਾ ਦੇਹਾਂਤ ਹੋ ਗਿਆ। ਜਦੋਂ ਉਸ ਦੇ ਬਿਸਤਰਿਆਂ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਡੇਢ ਲੱਖ ਰੁਪਏ ਅਤੇ ਨਿਕਲੇ। ਇਸ ਰਾਸ਼ੀ ਨੂੰ ਵੀ ਕਮੇਟੀ ਨੇ ਬੈਂਕ ਵਿਚ ਜਮਾਂ ਕਰਵਾ ਦਿਤਾ।
ਦੇਵਕੀ ਦੀ ਇੱਛਾ ਸੀ ਕਿ ਇਸ ਰਾਸ਼ੀ ਦੀ ਵਰਤੋ ਚੰਗੇ ਕੰਮ ਲਈ ਕੀਤੀ ਜਾਵੇ। ਇਸ ਦੌਰਾਨ ਪੁਲਵਾਮਾ ਦੀ ਘਟਨਾ ਤੋਂ ਬਾਅਦ ਰਾਸ਼ੀ ਨੂੰ ਸ਼ਹੀਦ ਪਰਵਾਰ ਨੂੰ ਦਿਤੇ ਜਾਣ ਉਤੇ ਸਹਿਮਤੀ ਜਤਾਈ।