ਭਾਰਤ ਅਤੇ ਰੂਸ ਦੇ ਰਿਸ਼ਤੇ ਹੁਣ ਨਵੇਂ ਮੁਕਾਮ 'ਤੇ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਗਤੀ ਮਿਲੇਗੀ : ਪੁਤਿਨ

Narendra Modi Shaking hands Vladmir Putin

ਸੋਚੀ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਪਹਿਲੀ ਗ਼ੈਰ-ਰਸਮੀ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਰਣਨੀਤਕ ਭਾਈਵਾਲੀ ਹੁਣ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਦੇ ਪੱਧਰ 'ਤੇ ਪਹੁੰਚ ਗਈ ਹੈ। ਕਾਲੇ ਸਾਗਰ ਦੇ ਕੰਢੇ ਵਸੇ ਇਸ ਸ਼ਹਿਰ ਵਿਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਲੰਮੇ ਵਕਤ ਤੋਂ ਮਿੱਤਰ ਹਨ। ਉਨ੍ਹਾਂ ਸੋਚੀ ਵਿਚ ਪਹਿਲੀ ਗ਼ੈਰਰਸਮੀ ਬੈਠਕ ਲਈ ਉਨ੍ਹਾਂ ਨੂੰ ਸੱਦਾ ਦੇਣ 'ਤੇ ਰਾਸ਼ਟਰਪਤੀ ਦਾ ਧਨਵਾਦ ਕੀਤਾ।

ਮੋਦੀ ਨੇ 2001 ਵਿਚ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਰੂਸ ਦੇ ਅਪਣੇ ਪਹਿਲੇ ਦੌਰੇ ਨੂੰ ਯਾਦ ਕੀਤਾ ਅਤੇ ਕਿਹਾ ਕਿ ਪੁਤਿਨ ਪਹਿਲੇ ਵਿਸ਼ਵ ਨੇਤਾ ਹਨ ਜਿਨ੍ਹਾਂ ਨਾਲ ਉਨ੍ਹਾਂ ਗੁਜਰਾਤ ਦਾ ਮੁੱਖ ਮੰਤਰੀ ਬਣਨ ਮਗਰੋਂ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਵਾਜਪਾਈ ਅਤੇ ਪੁਤਿਨ ਦੁਆਰਾ ਬੀਜੇ ਗਏ ਰਣਨੀਤਕ ਭਾਈਵਾਲੀ ਦੇ ਬੀਜ ਹੁਣ ਦੋਹਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਵਿਚ ਤਬਦੀਲ ਹੋ ਗਏ ਹਨ। ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ ਵਿਚ ਪੱਕੀ ਮੈਂਬਰੀ ਦਿਵਾਉਣ ਵਿਚ ਭਾਰਤ ਦੀ ਮਦਦ ਕਰਨ ਲਈ ਰੂਸ ਦਾ ਧਨਵਾਦ ਕੀਤਾ।

ਮੋਦੀ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ ਅਟੁੱਟ ਦੋਸਤੀ ਹੈ। ਉਨ੍ਹਾਂ ਕਿਹਾ, 'ਅਪਣੇ ਦੁਵੱਲੇ ਸਬੰਧਾਂ ਵਿਚ ਸਿਖਰ ਸੰਮੇਲਨ ਦਾ ਨਵਾਂ ਪਹਿਲੂ ਜੋੜਿਆ ਹੈ ਜੋ ਮੈਨੂੰ ਲਗਦਾ ਹੈ ਕਿ ਮਹਾਨ ਮੌਕਾ ਹੈ ਅਤੇ ਵਿਸ਼ਵਾਸ ਪੈਦਾ ਕਰਦਾ ਹੈ।' ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਰਾਜਨੀਤਕ ਕਰੀਅਰ ਵਿਚ ਵੀ ਰੂਸ ਅਤੇ ਪੁਤਿਨ ਕਾਫ਼ੀ ਅਹਿਮੀਅਤ ਰਖਦੇ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਅੰਤਰਰਾਸ਼ਟਰੀ ਸਬੰਧਾਂ ਦੀ ਸ਼ੁਰੂਆਤ ਰੂਸ ਤੋਂ ਹੋਈ ਜਦ ਉਹ ਪੁਤਿਨ ਨੂੰ ਮਿਲੇ ਸਨ। ਪ੍ਰਧਾਨ ਮੰਤਰੀ ਨੇ ਕਿਹਾ, '18 ਸਾਲਾਂ ਮਗਰੋਂ ਮੈਨੂੰ ਕਈ ਮੁੱਦਿਆਂ 'ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੈਂ ਪਹਿਲਾਂ ਵੀ ਭਾਰਤ ਅਤੇ ਰੂਸ ਸਬੰਧਾਂ ਨੂੰ ਨਵੇਂ ਮੁਕਾਮ 'ਤੇ ਲਿਜਾਣ ਦੇ ਯਤਨ ਕੀਤੇ ਹਨ।' 

ਮੋਦੀ ਨੇ ਪੁਤਿਨ ਨੂੰ ਕਿਹਾ ਕਿ ਸਾਲ 2000 ਤੋਂ ਜਦ ਤੁਸੀਂ ਕਾਰਜਭਾਰ ਸੰਭਾਲਿਆ ਹੈ, ਤਦ ਤੋਂ ਦੋਹਾਂ ਦੇਸ਼ਾਂ ਦੇ ਸਬੰਧ ਇਤਿਹਾਸਕ ਰਹੇ ਹਨ। ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਗਤੀ ਦੇਵੇਗੀ। ਉਨ੍ਹਾਂ ਕਿਹਾ, 'ਸਾਡੇ ਰਖਿਆ ਮੰਤਰਾਲੇ ਨੇ ਕਰੀਬੀ ਸੰਪਰਕ ਅਤੇ ਸਹਿਯੋਗ ਕਾਇਮ ਕੀਤਾ ਹੋਇਆ ਹੈ। ਪਿਛਲੇ ਸਾਲ ਆਪਸੀ ਵਪਾਰ ਵਿਚ ਕਾਫ਼ੀ ਕਮੀ ਹੋਈ ਹੈ। ਦੋਹਾਂ ਆਗੂਆਂ ਨੇ ਅਤਿਵਾਦ, ਈਰਾਨ ਨਾਲ ਪਰਮਾਣੂ ਸਮਝੌਤੇ, ਸੀਰੀਆ ਅਤੇ ਅਫ਼ਗ਼ਾਨਿਸਤਾਨ ਦੇ ਹਾਲਾਤ, ਸ਼ਘਾਈ ਸਹਿਯੋਗ ਸੰਗਠਨ ਅਤੇ ਬ੍ਰਿਕਸ ਸੰਮੇਲਨ ਬਾਰੇ ਗੱਲਬਾਤ ਕੀਤੀ।  (ਏਜੰਸੀ)s