ਲੋਕ ਸਭਾ ਚੋਣਾਂ ਖ਼ਤਮ ਹੁੰਦਿਆਂ ਹੀ ਟੀਵੀ ਸੈੱਟ ਤੋਂ ਗ਼ਾਇਬ ਹੋਇਆ 'ਨਮੋ ਟੀਵੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਠੀਕ ਪਹਿਲਾਂ 26 ਮਾਰਚ ਨੂੰ ਲਾਂਚ ਹੋਇਆ ਵਿਵਾਦਤ ਨਮੋ ਟੀਵੀ ਹੁਣ ਟੀਵੀ ਸੈੱਟ ਤੋਂ ਗ਼ਾਇਬ ਹੋ ਚੁੱਕਿਆ ਹੈ।

NaMo TV

ਨਵੀਂ ਦਿੱਲੀ: ਲੋਕ ਸਭਾ ਚੋਣਾਂ ਸ਼ੁਰੂ ਹੋਣ ਤੋਂ ਠੀਕ ਪਹਿਲਾਂ 26 ਮਾਰਚ ਨੂੰ ਲਾਂਚ ਹੋਇਆ ਵਿਵਾਦਤ ਨਮੋ ਟੀਵੀ ਹੁਣ ਟੀਵੀ ਸੈੱਟ ਤੋਂ ਗ਼ਾਇਬ ਹੋ ਚੁੱਕਿਆ ਹੈ। ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਇਹ ਚੈਨਲ 17 ਮਈ ਨੂੰ ਉਦੋਂ ਬੰਦ ਹੋ ਗਿਆ ਜਦੋਂ ਲੋਕ ਸਭਾ ਚੋਣਾਂ ਦੇ ਸਾਰੇ ਪੜਾਵਾਂ ਲਈ ਪ੍ਰਚਾਰ ਬੰਦ ਹੋਇਆ ਸੀ। ਸੂਤਰਾਂ ਮੁਤਾਬਕ ਕੁੱਝ ਭਾਜਪਾ ਨੇਤਾਵਾਂ ਦਾ ਹੀ ਕਹਿਣਾ ਹੈ ਕਿ 'ਨਮੋ ਟੀਵੀ' ਲੋਕ ਸਭਾ ਚੋਣਾਂ ਲਈ ਭਾਜਪਾ ਦੇ ਚੋਣ ਪ੍ਰਚਾਰ ਦਾ ਹਿੱਸਾ ਸੀ।

ਚੋਣਾਂ ਖ਼ਤਮ ਹੋਣ ਤੋਂ ਬਾਅਦ ਹੁਣ ਉਸ ਦੀ ਕੋਈ ਲੋੜ ਨਹੀਂ ਸੀ। ਇਸ ਕਰਕੇ ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਉਸ ਨੂੰ 17 ਮਈ ਨੂੰ ਬੰਦ ਕਰ ਦਿੱਤਾ ਗਿਆ। ਦੱਸ ਦਈਏ ਕਿ ਟਾਟਾ ਸਕਾਈ, ਵੀਡੀਓਕਾਨ ਅਤੇ ਡਿਸ਼ ਟੀਵੀ ਵਰਗੇ ਡੀਟੀਐਚ ਅਪਰੇਟਰ ਨਮੋ ਟੀਵੀ ਨੂੰ ਮੁਫ਼ਤ ਵਿਚ ਦਿਖਾ ਰਹੇ ਸਨ। ਉਥੇ ਹੀ ਵਿਰੋਧੀਆਂ ਨੇ ਇਸ ਨੂੰ ਪ੍ਰੋਪੇਗੰਡਾ ਮਸ਼ੀਨ ਦੱਸਦੇ ਹੋਏ ਇਸ ਦੀ ਆਲੋਚਨਾ ਕੀਤੀ ਸੀ। ਚੋਣ ਕਮਿਸ਼ਨ ਵਿਚ ਕਈ ਸ਼ਿਕਾਇਤਾਂ ਮਗਰੋਂ ਵੀ ਇਸ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਦਰਅਸਲ 'ਨਮੋ ਐਪ' ਦੇ ਮਾਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ ਅਤੇ ਭਾਜਪਾ ਵਲੋਂ ਕਿਹਾ ਗਿਆ ਕਿ ਨਮੋ ਟੀਵੀ ਉਸੇ ਦਾ ਹਿੱਸਾ ਹੈ। ਉਥੇ ਹੀ ਨਮੋ ਟੀਵੀ ਵਲੋਂ ਐਨਐਸਐਸ-6 ਸੈਟੇਲਾਈਟ ਦੀ ਵਰਤੋਂ ਕਰਨ 'ਤੇ ਭਾਰਤੀ ਪ੍ਰਸਾਰਣ ਕਾਨੂੰਨ ਨੂੰ ਲੈ ਕੇ ਵੀ ਸਵਾਲ ਉਠਿਆ ਸੀ। ਜਨਤਕ ਰੂਪ ਨਾਲ ਮੌਜੂਦ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦੇ ਪ੍ਰਚਾਰ ਲਈ ਵਰਤੋਂ ਕੀਤਾ ਜਾ ਰਿਹਾ ਚੈਨਲ ਬਿਨਾਂ ਕਿਸੇ ਲਾਇਸੈਂਸ ਦੇ ਸੈਟੇਲਾਈਟ ਦੀ ਵਰਤੋਂ ਅਪਣੇ ਸਿਗਨਲ ਨੂੰ ਭੇਜਣ ਅਤੇ ਪ੍ਰਾਪਤ ਕਰਨ ਲਈ ਕਰ ਰਿਹਾ ਸੀ।

ਜ਼ਿਕਰਯੋਗ ਹੈ ਕਿ ਜਦੋਂ ਤੋਂ ਨਮੋ ਟੀਵੀ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਇਹ ਵਿਵਾਦਾਂ ਵਿਚ ਰਿਹਾ ਸੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਚੋਣ ਪ੍ਰਚਾਰ ਦੀ ਮਿਆਦ ਖ਼ਤਮ ਹੋਣ ਦੇ ਬਾਅਦ ਵੀ ਇਸ 'ਨਮੋ ਟੀਵੀ' 'ਤੇ 'ਚੋਣਾਂ ਨਾਲ ਸਬੰਧਿਤ ਖ਼ਬਰਾਂ' ਪ੍ਰਸਾਰਿਤ ਕਰਨ ਲਈ ਭਾਜਪਾ ਨੂੰ ਨੋਟਿਸ ਭੇਜਿਆ ਸੀ ਪਰ ਪਾਰਟੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਨਾ ਕੀਤੇ ਜਾਣ ਦੀ ਗੱਲ ਆਖੀ ਸੀ। ਜਨਪ੍ਰਤੀਨਿਧੀ ਕਾਨੂੰਨ ਦੀ ਧਾਰਾ 126 ਦੇ ਤਹਿਤ ਚੋਣ ਪ੍ਰਚਾਰ ਬੰਦ ਰਹਿਣ ਦੌਰਾਨ ਨਿਯਮਾਂ ਦਾ ਉਲੰਘਣ ਕਰਨਾ ਇਕ ਸਜ਼ਯੋਗ ਅਪਰਾਧ ਹੈ।