ਫ਼ੌਜ ‘ਚ ਭਰਤੀ ਕਰਵਾਉਣ ਦੇ ਨਾਂ ਤੋਂ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਪੁਲਿਸ ਨੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਨਸਪੈਕਟਰ ਅਵਤਾਰ ਸਿੰਘ ਅਤੇ ਥਾਣਾ ਛਾਉਣੀ ਦੇ ਇੰਨਸਪੈਕਟਰ ਜਸਬੀਰ ਸਿੰਘ...

Army

ਫਿਰੋਜ਼ਪੁਰ (ਸਸਸ) : ਜ਼ਿਲ੍ਹਾ ਪੁਲਿਸ ਨੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਨਸਪੈਕਟਰ ਅਵਤਾਰ ਸਿੰਘ ਅਤੇ ਥਾਣਾ ਛਾਉਣੀ ਦੇ ਇੰਨਸਪੈਕਟਰ ਜਸਬੀਰ ਸਿੰਘ ਦੀ ਅਗਵਾਈ ਵਿਚ ਫ਼ੌਜ ‘ਚ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਠੱਗੀ ਕਰਨ ਵਾਲੇ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਫਾਰਚੂਨ ਗੱਡੀ ਦੇ ਡੈਸ਼ਬੋਰਡ ਤੋਂ ਦੇਸਾ ਸਿੰਘ ਦੇ ਅਸਲੀ ਸਰਟੀਫਿਕੇਟ ਮੈਟ੍ਰਿਕ ਅਤੇ ਐਡਮਿਟ ਕਾਰਡ ਬਰਾਮਦ ਹੋਏ ਹਨ।

ਇਹ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਇੰਨਵੈਸਟੀਗੇਸ਼ਨ ਬਲਜੀਤ ਸਿੰਘ ਸਿੱਧੂ ਅਤੇ ਜਸਪਾਲ ਸਿੰਘ ਡੀ.ਐੱਸ.ਪੀ. ਨੇ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇੰਨਸਪੈਕਟਰ ਜਸਬੀਰ ਸਿੰਘ ਐੱਸ.ਐੱਚ.ਓ. ਥਾਣਾ ਛਾਉਣੀ ਨੂੰ ਮਿਲਟਰੀ ਇੰਟੈਲੀਜੈਂਸ ਫਿਰੋਜ਼ਪੁਰ ਤੋਂ ਇਹ ਸੂਚਨਾ ਮਿਲੀ ਸੀ ਕਿ ਹਰਮਨਦੀਪ ਸਿੰਘ ਪੁੱਤਰ ਰਾਜਦੀਪ ਸਿੰਘ ਨਿਵਾਸੀ ਗਲੋਟੀ, ਸੁਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਹਰਿਆਲੋ, ਜ਼ਿਲ੍ਹਾ ਸੰਗਰੂਰ,

ਗੁਰਮੇਲ ਸਿੰਘ ਉਰਫ਼ ਮੇਲੀ ਨਿਵਾਸੀ ਬਖੇਰਾ, ਕੁਲਵਿੰਦਰ ਸਿੰਘ ਪੁੱਤਰ ਪ੍ਰੀਤਪਾਲ ਸਿੰਘ ਨਿਵਾਸੀ ਪਿੰਡ ਛਾਜਲੀ ਨੇ ਪਿੰਡ ਲਹਿਰਾਗਾਗਾ ਵਿਚ ਫ਼ਿਜ਼ੀਕਲ ਫਿਟਨੈੱਸ ਅਕੈਡਮੀ ਖੋਲੀ ਹੋਈ ਹੈ, ਜੋ ਕਿ ਲੋਕਾਂ ਨੂੰ ਫ਼ੌਜ ਵਿਚ ਭਰਤੀ ਕਰਵਾਉਣ ਦੇ ਬਦਲੇ ਪੈਸੇ ਵਸੂਲ ਕਰਦੇ ਹਨ। ਉਹ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਫ਼ੌਜ ਦੇ ਸੀਨੀਅਰ ਅਫ਼ਸਰਾਂ ਦੇ ਨਾਲ ਗੱਲਬਾਤ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਗਿਰੋਹ ਭੋਲੇ-ਭਾਲੇ ਲੋਕਾਂ ਤੋਂ ਉਨ੍ਹਾਂ ਦੇ ਫ਼ੌਜ ਵਿਚ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਪੈਸੇ ਵਸੂਲ ਕਰਦਾ ਹਨ।

ਉਨ੍ਹਾਂ ਨੇ ਦੱਸਿਆ ਕਿ ਦੇਸਾ ਸਿੰਘ ਪੁੱਤਰ ਰਾਜ ਸਿੰਘ ਨਿਵਾਸੀ ਗਾਗਨਕੇ ਥਾਣਾ ਸਦਰ ਫਾਜ਼ਿਲਕਾ ਦੇ ਬਿਆਨਾਂ ‘ਤੇ ਫਿਰੋਜ਼ਪੁਰ ਛਾਉਣੀ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਸੀ ਉਨ੍ਹਾਂ ਨੇ ਦੱਸਿਆ ਕਿ ਥਾਣਾ ਫਿਰੋਜ਼ਪੁਰ ਛਾਉਣੀ ਅਤੇ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਹਰਮਨਪ੍ਰੀਤ ਸਿੰਘ ਦੀਪੂ ਅਤੇ ਸੁਰਿੰਦਰ ਸਿੰਘ ਨੂੰ ਫਾਰਚੂਨ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੇ ਗਿਰੋਹ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੇ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ।