ਜਲੰਧਰ ‘ਚ ਫ਼ਰਜ਼ੀ ਮਾਰਕੇ ਵਾਲੀਆਂ ਦਵਾਈਆਂ ਦੀ ਵਿਕਰੀ ਦਾ ਪਰਦਾਫਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰੱਗ ਕੰਟਰੋਲ ਟੀਮ ਨੇ ਜਲੰਧਰ ਦੀ ਦਿਲਖੁਸ਼ ਮਾਰਕੀਟ ਵਿਚ ਇਕ ਮੈਡੀਕਲ ਸਟੋਰ ਉਤੇ ਛਾਪਾ ਮਾਰ ਕੇ...

Misbranded drugs seized in Jalandhar and Phagwara

ਚੰਡੀਗੜ੍ਹ (ਸਸਸ) : ਡਰੱਗ ਕੰਟਰੋਲ ਟੀਮ ਨੇ ਜਲੰਧਰ ਦੀ ਦਿਲਖੁਸ਼ ਮਾਰਕੀਟ ਵਿਚ ਇਕ ਮੈਡੀਕਲ ਸਟੋਰ ਉਤੇ ਛਾਪਾ ਮਾਰ ਕੇ ਫ਼ਰਜ਼ੀ ਮਾਰਕੇ ਵਾਲੀਆਂ ਦਵਾਈਆਂ ਵਿਕਣ ਦਾ ਪਰਦਾਫਾਸ਼ ਕੀਤਾ ਹੈ। ਇਸ ਛਾਪੇ ਦੌਰਾਨ ਦਵਾਈ ਦੀਆਂ ਅਜਿਹੀਆਂ 78 ਸ਼ੀਸ਼ੀਆਂ ਬਰਾਮਦ ਹੋਈਆਂ। ਖੁਰਾਕ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਸ. ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਸ਼ੱਕ ਹੈ ਕਿ ਇਹ ਦਵਾਈਆਂ ਨਕਲੀ ਹਨ।

ਇਕ ਪੈਕਿੰਗ ਉਤੇ ਨਿਯਮਾਂ ਮੁਤਾਬਕ ਦਵਾਈ ਬਣਾਉਣ ਵਾਲੀ ਕੰਪਨੀ ਦਾ ਨਾਮ ਦਰਜ ਸੀ, ਜਦੋਂ ਕਿ ਦੂਜੀ ਪੈਕਿੰਗ ਉਤੇ ਇਹ ਨਾਮ ਨਹੀਂ ਸੀ। ਇਕ ਹੋਰ ਵਿਰੋਧਾਭਾਸੀ ਤੱਥ ਇਹ ਵੀ ਸਾਹਮਣੇ ਆਇਆ ਕਿ ਇਕ ਦਵਾਈ ਉਤੇ 'ਸ਼ਡਿਊਲ ਐਚ' ਲਿਖਿਆ ਹੋਇਆ ਸੀ, ਜਿਸ ਨੂੰ ਸਿਰਫ਼ ਡਾਕਟਰ ਦੀ ਸਿਫ਼ਾਰਸ਼ ਉਤੇ ਹੀ ਵੇਚਿਆ ਜਾ ਸਕਦਾ ਹੈ, ਜਦੋਂ ਕਿ ਦੂਜੀ ਉਤੇ ਇਹ ਸ਼ਰਤ ਦਰਜ ਨਹੀਂ ਸੀ।

ਸ. ਪੰਨੂ ਨੇ ਦੱਸਿਆ ਕਿ ਸ਼ੱਕ ਹੈ ਕਿ ਇਹ ਮਾਮਲਾ ਸਿਰਫ਼ ਵੱਡੀਆਂ ਕੰਪਨੀਆਂ ਦੇ ਜਾਅਲੀ ਮਾਰਕੇ ਲਾ ਕੇ ਦਵਾਈਆਂ ਵੇਚਣ ਦਾ ਨਹੀਂ ਹੈ, ਸਗੋਂ ਇਹ ਦਵਾਈ ਨਕਲੀ ਵੀ ਹੋ ਸਕਦੀ ਹੈ। ਚਾਰ ਨਮੂਨੇ ਲੈ ਕੇ ਅਗਲੇਰੀ ਜਾਂਚ ਲਈ ਭੇਜੇ ਗਏ ਹਨ ਅਤੇ ਦਵਾਈਆਂ ਦਾ ਇਹ ਸਟਾਕ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਜਾਂਚ ਨੂੰ ਜਾਰੀ ਰੱਖਦਿਆਂ, ਫਗਵਾੜਾ ਦੇ ਮੈਡੀਕਲ ਸਟੋਰਾਂ ਦੀ ਵੀ ਜਾਂਚ ਕੀਤੀ ਗਈ

ਅਤੇ ਨੰਗਲ ਮਾਝਾ ਦੇ ਇਕ ਮੈਡੀਕਲ ਸਟੋਰ ਤੋਂ ਇਸੇ ਜਾਅਲੀ ਮਾਰਕੇ ਵਾਲੇ ਵਰਿਕਲੋਰ ਸਿਰਪ ਦੀਆਂ 12 ਸ਼ੀਸ਼ੀਆਂ ਜ਼ਬਤ ਕੀਤੀਆਂ ਗਈਆਂ ਹਨ। ਸ੍ਰੀ ਪੰਨੂੰ ਨੇ ਕਿਹਾ ਕਿ ਇਸ ਮੁੱਦੇ ਸਬੰਧੀ ਤੁਰਤ ਕਾਰਵਾਈ ਕਰਦਿਆਂ ਕਮਿਸ਼ਨਰੇਟ ਵਲੋਂ ਸੀ ਐਂਡ ਐਫ ( ਕੈਰਿੰਗ ਅਤੇ ਫਾਰਵਰਡਿੰਗ) ਲੈਵਲ 'ਤੇ ਡਰੱਗ ਦੀ ਸਪਲਾਈ ਬਾਰੇ ਫੌਰੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਮੁੱਢਲੀਆਂ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਸੂਬੇ ਵਿਚਲੇ ਵੱਖ-ਵੱਖ ਮੈਡੀਕਲ ਸਟੋਰਾਂ ਨੂੰ 4300 ਸ਼ੀਸ਼ੀਆਂ ਭੇਜੀਆਂ ਗਈਆਂ ਹਨ

ਜਿਹਨਾਂ ਵਿਚੋਂ ਹੁਣ ਤੱਕ 800 ਸ਼ੀਸ਼ੀਆਂ ਜ਼ਬਤ ਕਰ ਲਈਆਂ ਗਈਆਂ ਹਨ। ਉਨ੍ਹਾਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਆਪਣੇ ਅਧੀਨ ਖੇਤਰਾਂ ਵਿਚ ਅਜਿਹੀਆਂ ਦਵਾਈਆਂ ਦੀ ਵਿਕਰੀ ਉਤੇ ਨਜ਼ਰ ਰੱਖਣ ਦਾ ਆਦੇਸ਼ ਦਿਤਾ। ਉਨ੍ਹਾਂ ਕਿਹਾ ਕਿ ਨਸ਼ੇ ਲਈ ਵਰਤੀਆਂ ਜਾਂਦੀਆਂ ਦਵਾਈਆਂ ਨੂੰ ਸਟੋਰ ਕਰਨ ਉਤੇ ਨਜ਼ਰ ਰੱਖਣ ਦੇ ਨਾਲ ਨਾਲ 'ਡਰੱਗਜ਼ ਤੇ ਕੌਸਮੈਟਿਕਸ ਐਕਟ' ਦੀ ਪਾਲਣਾ ਯਕੀਨੀ ਬਣਾਉਣ ਲਈ ਡਰੱਗ ਕੰਟਰੋਲ ਵਿੰਗ, ਮੈਡੀਕਲ ਸਟੋਰਾਂ ਉਤੇ ਬਾਕਾਇਦਾ ਜਾਂਚ ਕਰ ਰਿਹਾ ਹੈ।

Related Stories