'ਤਨਖ਼ਾਹ ਨਾ ਮਿਲੀ ਤਾਂ ਮਾਂ ਦੇ ਗਹਿਣੇ ਵੇਚਣੇ ਪੈਣਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਟ ਏਅਰਵੇਜ਼ ਦੇ ਪਾਇਲਟਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਭੂ ਨੂੰ ਲਿਖੀ ਚਿੱਠੀ

Jet Airways pilots write to Suresh Prabhu about salary dues

ਨਵੀਂ ਦਿੱਲੀ : ਜੈਟ ਏਅਰਵੇਜ਼ ਨੂੰ ਇਨੀਂ ਦਿਨੀਂ ਭਾਰੀ ਆਰਥਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਅਰਲਾਈਨਜ਼ ਦੇ ਪਾਇਲਟਾਂ ਨੂੰ ਪਿਛਲੇ 4 ਮਹੀਨਿਆਂ ਦੀ ਤਨਖਾਹ ਨਹੀਂ ਮਿਲੀ ਹੈ। ਅਜਿਹੇ 'ਚ ਪਾਇਲਟਾਂ ਨੇ ਸਰਕਾਰ ਤੋਂ ਮਦਦ ਮੰਗੀ ਹੈ। ਪਾਇਲਟਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ ਅਤੇ ਉਹ ਭਾਰੀ ਤਣਾਅ 'ਚ ਕੰਮ ਕਰ ਰਹੇ ਹਨ। ਕੁਝ ਪਾਇਲਟਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਘਰ ਦਾ ਖ਼ਰਚਾ ਚਲਾਉਣ ਲਈ ਮਾਂ ਦੇ ਗਹਿਣੇ ਤਕ ਵੇਚਣੇ ਪੈ ਰਹੇ ਹਨ। ਕੁਝ ਨੇ ਆਪਣੇ ਵਿਆਹ ਦੀਆਂ ਤਰੀਕਾਂ ਅੱਗੇ ਵਧਾ ਦਿੱਤੀਆਂ ਹਨ।

ਬੋਇੰਗ 777 ਦੇ ਕਮਾਂਡਰ ਕੈਪਟਨ ਕਰਨ ਚੋਪੜਾ, ਜੋ ਪਾਇਲਟ ਯੂਨੀਅਨ ਦੇ ਮੁਖੀ ਹਨ, ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਭੂ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਤਣਾਅ ਦੇ ਦੌਰ 'ਚ ਸੁਰੱਖਿਆ ਨਾਲ ਸਮਝੌਤਾ ਹੋਣ ਦੀ ਸੰਭਾਵਨਾ ਹੈ ਅਤੇ ਜਿਹੜੇ ਪ੍ਰੋਫ਼ੈਸ਼ਨ 'ਚ ਸੱਭ ਤੋਂ ਵੱਧ ਸਾਵਧਾਨੀ ਅਤੇ ਸੁਰੱਖਿਆ ਚਾਹੀਦੀ ਹੈ, ਉੱਥੇ ਅਜਿਹਾ ਨਹੀਂ ਹੋਣਾ ਚਾਹੀਦਾ। ਇਕ ਹੋਰ ਪਾਇਲਟ ਕੈਪਟਨ ਆਸੀਮ ਵਾਲਿਆਨੀ ਦੇ ਦੱਸਿਆ, "ਸਾਰੇ 1100 ਮੈਂਬਰਾਂ ਨੇ ਫ਼ੈਸਲਾ ਕੀਤਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 1 ਅਪ੍ਰੈਲ ਤੋਂ ਜਹਾਜ਼ ਉਡਾਉਣਾ ਬੰਦ ਕਰ ਦੇਣਗੇ। ਸਾਨੂੰ ਸਾਡੀ ਤਨਖਾਹ ਅਤੇ ਕਲੀਅਰ ਰੋਡ ਮੈਪ ਚਾਹੀਦਾ ਹੈ।" 

260 ਪਾਈਲਟਾਂ ਨੇ ਸਪਾਈਸ ਜੈਟ 'ਚ ਨੌਕਰੀ ਲਈ ਅਰਜ਼ੀ ਦਿੱਤੀ : ਜੈਟ ਏਅਰਵੇਜ਼ ਦੀ ਮਾੜੀ ਹਾਲਤ ਤੋਂ ਪ੍ਰੇਸ਼ਾਨ 260 ਪਾਇਲਟਾਂ ਨੇ ਸਪਾਈਸ ਜੈਟ ਏਅਰਲਾਈਨਜ਼ 'ਚ ਨੌਕਰੀ ਲਈ ਅਰਜ਼ੀ ਦਿੱਤੀ ਹੈ। ਸਪਾਈਸ ਜੈਟ 'ਚ ਬੁੱਧਵਾਰ ਨੂੰ ਨੌਕਰੀ ਲਈ ਓਪਨ ਇੰਟਰਵਿਊ ਸੈਸ਼ਨ ਆਯੋਜਿਤ ਕੀਤਾ ਸੀ। ਇਸ ਇੰਟਰਵਿਊ 'ਚ ਜੈਟ ਦੇ 250 ਪਾਇਲਟ ਸ਼ਾਮਲ ਹਨ। ਇਨ੍ਹਾਂ 'ਚ 150 ਸੀਨੀਅਰ ਕਮਾਂਡਰ ਸ਼ਾਮਲ ਹਨ। ਦੋਵੇਂ ਏਅਰਲਾਈਜਨਜ਼ਾਂ ਬੋਇੰਗ ਕੰਪਨੀ ਦੇ ਜਹਾਜ਼ ਸੰਚਾਲਤ ਕਰਦੀਆਂ ਹਨ। ਇਸ ਲਈ ਜੈਟ ਦੇ ਪਾਇਲਟਾਂ ਲਈ ਸਪਾਈਸ ਜੈਟ 'ਚ ਕੰਮ ਕਰਨਾ ਆਸਾਨ ਹੈ। ਸਪਾਈਸ ਜੈਟ 'ਚ ਫਿਲਹਾਲ 1900 ਪਾਇਲਟ ਹਨ। ਜੇ ਇਕੱਠੇ 260 ਪਾਇਲਟਾਂ ਨੇ ਨੌਕਰੀ ਛੱਡ ਦਿੱਤੀ ਤਾਂ ਜੈਟ ਏਅਰਵੇਜ਼ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਜਾਵੇਗੀ।