ਘਰਾਂ ਨੂੰ ਪਰਤ ਰਹੇ ਲੋਕਾਂ ਦਾ ਜ਼ਹਿਰੀਲੇ ਸੱਪਾਂ ਵਲੋਂ 'ਸਵਾਗਤ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲਾ ਵਿਚ ਹੜ੍ਹਾਂ ਦਾ ਪਾਣੀ ਘੱਟ ਜਾਣ ਮਗਰੋਂ ਅਪਣੇ ਘਰਾਂ ਨੂੰ ਪਰਤ ਰਹੇ ਲੋਕਾਂ ਦਾ 'ਸਵਾਗਤ' ਜ਼ਹਿਰੀਲੇ ਸੱਪ ਕਰ ਰਹੇ ਹਨ................

Poisonous Snake

ਕੋਚੀ : ਕੇਰਲਾ ਵਿਚ ਹੜ੍ਹਾਂ ਦਾ ਪਾਣੀ ਘੱਟ ਜਾਣ ਮਗਰੋਂ ਅਪਣੇ ਘਰਾਂ ਨੂੰ ਪਰਤ ਰਹੇ ਲੋਕਾਂ ਦਾ 'ਸਵਾਗਤ' ਜ਼ਹਿਰੀਲੇ ਸੱਪ ਕਰ ਰਹੇ ਹਨ ਕੋਬਰਾ ਤੇ ਰੱਸਲ ਵਾਇਪਰ ਸੱਪ ਲੋਕਾਂ ਦੇ ਗੁਸਲਖ਼ਾਨਿਆਂ, ਕੱਪਬੋਰਡਾਂ ਅਤੇ ਵਾਸ਼ਬੇਸਿਨਾਂ ਵਿਚ ਮਿਲ ਰਹੇ ਹਨ। ਸੂਬੇ ਦੇ ਕਈ ਹਿੱਸਿਆਂ ਵਿਚੋਂ ਲੋਕਾਂ ਨੂੰ ਸੱਪਾਂ ਦੁਆਰਾ ਡੱਸੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਧਿਕਾਰੀਆਂ ਨੇ ਜੰਗਲਾਤ ਵਿਭਾਗ ਕੋਲੋਂ ਸੱਪਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਸੱਪ ਫੜਨ ਦੇ ਮਾਹਰਾਂ ਦੀ ਵੀ ਮੰਗ ਵਧ ਗਈ ਹੈ।

ਇਥੋਂ ਦੇ ਨਿਜੀ ਹਸਪਤਾਲ ਵਿਚ 15 ਅਗੱਸਤ ਤੋਂ 20 ਅਗੱਸਤ ਤਕ ਸੱਪਾਂ ਦੁਆਰਾ ਡੱਸੇ ਜਾਣ ਦੇ 53 ਮਾਮਲੇ ਆਏ। ਡਾਕਟਰਾਂ ਦਾ ਕਹਿਣਾ ਹੈ ਕਿ ਕੋਬਰਾ, ਰੱਸਲ ਵਾਈਪਰ ਜਿਹੇ ਬੇਹੱਦ ਜ਼ਹਿਰੀਲੇ ਸੱਪ ਜੰਗਲਾਂ ਤੋਂ ਸੁੰਨਸਾਨ ਤੇ ਪਾਣੀ ਨਾਲ ਭਰੇ ਹੋਏ ਘਰਾਂ ਵਿਚ, ਹੜ੍ਹਾਂ ਦੇ ਪਾਣੀ ਵਿਚ ਰੁੜ੍ਹ ਕੇ ਵੜ ਗਏ। ਅਧਿਕਾਰੀਆਂ ਮੁਤਾਬਕ ਜਿਥੇ ਪਾਣੀ ਘੱਟ ਗਿਆ ਹੈ, ਉਥੇ ਲੋਕ ਅਪਣੇ ਘਰਾਂ ਵਿਚ ਪਰਤ ਰਹੇ ਹਨ ਪਰ ਘਰਾਂ ਵਿਚ ਸੱਪ ਵੇਖ ਕੇ ਭੈਭੀਤ ਹਨ।

ਇਹ ਸੱਪ ਕਪੜਿਆਂ ਵਿਚ, ਦਰਵਾਜ਼ਿਆਂ ਲਾਗੇ, ਜੁੱਤੀਆਂ ਵਿਚ, ਵਾਸ਼ਿੰਗ ਮਸ਼ੀਨਾਂ ਅਤੇ ਫ਼ਰਿੱਜਾਂ ਵਿਚ ਵੀ ਮਿਲ ਰਹੇ ਹਨ। ਸੱਪ ਫੜਨ ਦੇ ਮਾਹਰ ਸੁਰੇਸ਼ ਨੇ ਲੋਕਾਂ ਨੂੰ ਸਾਵਧਾਨੀ ਨਾਲ ਘਰਾਂ ਦੀਆਂ ਚੀਜ਼ਾਂ ਇਧਰ-ਉਧਰ ਰੱਖਣ ਲਈ ਕਿਹਾ ਹੈ। ਉਸ ਨੇ ਲੋਕਾਂ ਨੂੰ ਕਾਰਾਂ, ਦੋਪਹੀਆ ਵਾਹਨਾਂ ਅਤੇ ਹੋਰ ਵਾਹਨਾਂ ਦੀ ਚੰਗੀ ਤਰ੍ਹਾਂ ਘੋਖ ਕਰਨ ਲਈ ਕਿਹਾ ਹੈ। (ਪੀਟੀਆਈ)