2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਸਾਮ ਦੀ ਭਾਜਪਾ ਸਰਕਾਰ ਦਾ ਵੱਡਾ ਫ਼ੈਸਲਾ

Assam: No govt jobs for those with more than two kids

ਗੁਹਾਟੀ : ਅਸਾਮ 'ਚ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹੋਣਗੇ, ਉਨ੍ਹਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਸਾਮ ਸਰਕਾਰ ਦੀ ਕੈਬਨਿਟ ਨੇ ਇਹ ਫ਼ੈਸਲਾ ਲਿਆ ਹੈ। ਸਰਬਾਨੰਦ ਸੋਨੋਵਾਰ ਸਰਕਾਰ ਦੀ ਕੈਬਨਿਟ ਨੇ ਸੋਮਵਾਰ ਦੇਰ ਸ਼ਾਮ ਫ਼ੈਸਲਾ ਕੀਤਾ ਕਿ 1 ਜਨਵਰੀ 2021 ਤੋਂ ਬਾਅਦ ਦੋ ਤੋਂ ਵੱਧ ਬੱਚੇ ਵਾਲੇ ਲੋਕਾਂ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ।

ਅਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੇ ਜਨਸੰਪਰਕ ਵਿਭਾਗ ਵਲੋਂ ਇਸ ਬਾਰੇ ਇਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ 1 ਜਨਵਰੀ 2021 ਤੋਂ ਬਾਅਦ ਦੋ ਤੋਂ ਵੱਧ ਬੱਚਿਆਂ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੇਗੀ। ਅਸਾਮ ਸਰਕਾਰ ਦੇ ਮੌਜੂਦਾ ਮੁਲਾਜ਼ਮਾਂ 'ਤੇ ਇਹ ਆਦੇਸ਼ ਲਾਗੂ ਨਹੀਂ ਹੋਵੇਗਾ। ਨੌਕਰੀ ਲਈ ਨਵੇਂ ਸਿਰੇ ਤੋਂ ਆਵੇਦਨ ਕਰਨ ਵਾਲੇ ਲੋਕ ਇਸ ਨਵੇਂ ਨਿਯਮ ਦੇ ਦਾਇਰੇ 'ਚ ਆਉਣਗੇ।

ਅਸਾਮ ਕੈਬਨਿਟ ਦੀ ਬੈਠਕ 'ਚ ਨਵੀਂ ਭੂਮੀ ਨੀਤੀ ਨੂੰ ਵੀ ਮਨਜੂਰੀ ਦਿੱਤੀ ਗਈ ਹੈ। ਇਸ ਆਦੇਸ਼ ਮੁਤਾਬਕ ਅਸਾਮ ਦੇ ਮੂਲ ਵਾਸੀ, ਜੋ ਭੂਮੀਹੀਨ ਹਨ, ਉਨ੍ਹਾਂ ਨੂੰ 3 ਬੀਘੇ ਖੇਤੀ ਭੂਮੀ ਅਤੇ ਮਕਾਨ ਲਈ ਅੱਧਾ ਬੀਘਾ ਜ਼ਮੀਨ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਮਿਲੀ ਜ਼ਮੀਨ ਨੂੰ ਲਾਭਾਰਥੀ 15 ਸਾਲ ਤਕ ਨਹੀਂ ਵੇਚ ਸਕੇਗਾ। ਬੈਠਕ 'ਚ ਬਸਾਂ ਦਾ ਕਿਰਾਇਆ ਵੀ 25 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਆਬਾਦੀ 'ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੀ ਮੰਗ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਕਰ ਚੁੱਕੇ ਹਨ। ਇਸ ਸਾਲ ਲਾਲ ਕਿਲੇ ਤੋਂ ਆਪਣੇ ਭਾਸ਼ਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਬਾਦੀ 'ਤੇ ਗੱਲ ਕੀਤੀ ਸੀ ਅਤੇ ਛੋਟੇ ਪਰਵਾਰ ਨੂੰ ਵਧੀਆ ਦੱਸਿਆ ਸੀ। ਰਾਮਦੇਵ ਨੇ ਵੀ ਇਸੇ ਤਰ੍ਹਾਂ ਦੀ ਮੰਗ ਕੀਤੀ ਸੀ।