ਲੋਕ ਸਭਾ ਚੋਣਾਂ : ਤੀਜੇ ਗੇੜ 'ਚ 65 ਫ਼ੀ ਸਦੀ ਹੋਇਆ ਮਤਦਾਨ
ਤੀਜੇ ਗੇੜ ਦੌਰਾਨ ਵੀ ਕਈ ਥਾਈਂ ਵੋਟਿੰਗ ਮਸ਼ੀਨਾਂ 'ਚ ਗੜਬੜ : ਕਈ ਮਤਦਾਨ ਕੇਂਦਰਾਂ ਦੇ ਬਾਹਰ ਲਗੀਆਂ ਲੰਮੀਆਂ ਕਤਾਰਾਂ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਤੀਜੇ ਗੇੜ ਵਿਚ 15 ਸੂਬਿਆਂ ਦੀਆਂ 116 ਸੀਟਾਂ 'ਤੇ 63.24 ਫ਼ੀ ਸਦੀ ਵੋਟਾਂ ਪਈਆਂ। ਪਿਛਲੀ ਵਾਰ ਇਨ੍ਹਾਂ ਸੀਟਾਂ 'ਤੇ 68.08 ਫ਼ੀ ਸਦੀ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਨੇ ਦਸਿਆ ਕਿ ਗੁਜਰਾਤ ਵਿਚ 60.21 ਫ਼ੀ ਸਦੀ, ਆਸਾਮ ਵਿਚ 78.29, ਬਿਹਾਰ ਵਿਚ 59.97, ਯੂਪੀ ਵਿਚ 57.74, ਪਛਮੀ ਬੰਗਾਲ ਵਿਚ 79.36, ਛੱਤੀਸਗੜ੍ਹ ਵਿਚ 65.91 ਫ਼ੀ ਸਦੀ, ਜੰਮੂ ਤੇ ਕਸ਼ਮੀਰ ਵਿਚ 12.86 ਫ਼ੀ ਸਦੀ ਵੋਟਾਂ ਪਈਆਂ। ਪਹਿਲੇ ਦੌਰ ਵਿਚ 69.45 ਫ਼ੀ ਸਦੀ ਜਦਕਿ ਦੂਜੇ ਦੌਰ ਵਿਚ 69.43 ਫ਼ੀ ਸਦੀ ਵੋਟਾਂ ਪਈਆਂ ਸਨ।
ਬੰਗਾਲ ਵਿਚ ਲਗਾਤਾਰ ਤੀਜੇ ਗੇੜ ਦੌਰਾਨ ਹਿੰਸਕ ਘਟਨਾਵਾਂ ਵਾਪਰੀਆਂ। ਮੁਰਸ਼ੀਦਾਬਾਦ ਵਿਚ ਮਤਦਾਨ ਕੇਂਦਰ 'ਤੇ ਤ੍ਰਿਣਮੂਲ ਅਤੇ ਕਾਂਗਰਸ ਕਾਰਕੁਨ ਭਿੜ ਗਏ। ਇਥੇ ਹੀ ਇਕ ਹੋਰ ਬੂਥ ਲਾਗੇ ਅਗਿਆਤ ਲੋਕਾਂ ਨੇ ਬੰਬ ਸੁੱਟ ਦਿਤਾ। ਹਿੰਸਾ ਦੇ ਬਾਵਜੂਦ ਰਾਜ ਵਿਚ ਸੱਭ ਤੋਂ ਵੱਧ 79 ਫ਼ੀ ਸਦੀ ਵੋਟਾਂ ਪਈਆਂ। ਲੋਕ ਸਭਾ ਚੋਣਾਂ ਦੇ ਤੀਜੇ ਅਤੇ ਸੱਭ ਤੋਂ ਵੱਡੇ ਗੇੜ ਲਈ ਗੁਜਰਾਤ ਅਤੇ ਕੇਰਲਾ ਸਮੇਤ ਦੇਸ਼ ਭਰ ਵਿਚ 116 ਸੀਟਾਂ 'ਤੇ ਵੋਟਾਂ ਪਈਆਂ। ਮਤਦਾਨ ਦੌਰਾਨ ਕਈ ਬੂਥਾਂ 'ਤੇ ਵੋਟਿੰਗ ਮਸ਼ੀਨਾਂ ਦੀ ਖ਼ਰਾਬੀ ਦੀਆਂ ਸ਼ਿਕਾਇਤਾਂ ਆਈਆਂ ਹਨ।
ਦੁਪਹਿਰ ਤਕ ਭਾਰੀ ਗਿਣਤੀ ਵਿਚ ਮਤਦਾਤਾ ਅਪਣਾ ਵੋਟ ਪਾਉਣ ਲਈ ਬੂਥਾਂ 'ਤੇ ਕਤਾਰਾਂ ਵਿਚ ਖਲੋਤੇ ਸਨ। ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਮੁਖੀ ਰਾਹੁਲ ਗਾਂਧੀ ਅਤੇ ਕਈ ਕੇਂਦਰੀ ਮੰਤਰੀ ਇਸ ਗੇੜ ਤਹਿਤ ਮੈਦਾਨ ਵਿਚ ਹਨ। ਇਸ ਦੌਰ ਵਿਚ ਆਸਾਮ, ਬਿਹਾਰ, ਛੱਤੀਸਗੜ੍ਹ, ਜੰਮੂ ਤੇ ਕਸ਼ਮੀਰ, ਕਰਨਾਟਕਾ, ਮਹਾਰਾਸ਼ਟਰ, ਉੜੀਸਾ, ਯੂਪੀ ਅਤੇ ਪਛਮੀ ਬੰਗਾਲ ਦੇ ਕੁੱਝ ਲੋਕ ਸਭਾ ਹਲਕੇ ਸ਼ਾਮਲ ਸਨ ਜਦਕਿ ਗੁਜਰਾਤ, ਕੇਰਲਾ, ਦਾਦਰਾ ਅਤੇ ਨਗਰ ਹਵੇਲੀ, ਗੋਆ ਤੇ ਦਮਨ ਤੇ ਦਿਉ ਦੇ ਸਾਰੇ ਸੰਸਦੀ ਹਲਕਿਆਂ ਵਿਚ ਇਕ ਪੜਾਅ ਵਿਚ ਵੋਟਾਂ ਪਈਆਂ।
ਗੁਜਰਾਤ (26) ਅਤੇ ਕੇਰਲਾ (20) ਤੋਂ ਇਲਾਵਾ ਆਸਾਮ ਵਿਚ ਚਾਰ, ਬਿਹਾਰ ਦੀਆਂ ਪੰਜ, ਛੱਤੀਸਗੜ੍ਹ ਦੀਆਂ ਸੱਤ, ਕਰਨਾਟਕ ਅਤੇ ਮਹਾਰਸ਼ਟਰ ਦੀਆਂ ਕ੍ਰਮਵਾਰ 14-14, ਉੜੀਸਾ ਦੀਆਂ ਛੇ, ਯੂਪੀ ਦੀਆਂ 10, ਪਛਮੀ ਬੰਗਾਲ ਦੀਆਂ ਪੰਜ, ਗੋਆ ਦੀਆਂ ਦੋ ਸੀਟਾਂ ਅਤੇ ਦਾਦਰ ਤੇ ਨਗਰ ਹਵੇਲੀ, ਦਮਨ ਤੇ ਦੀਵ ਅਤੇ ਤ੍ਰਿਪੁਰਾ ਦੀ ਇਕ ਇਕ ਸੀਟ 'ਤੇ ਵੋਟਾਂ ਪਈਆਂ। ਤ੍ਰਿਪੁਰਾ ਪੂਰਬ ਸੀਟ ਲਈ ਵੀ ਵੋਟਾਂ ਪਈਆਂ ਜਿਥੇ ਪਹਿਲਾਂ ਵੋਟਿੰਗ 18 ਅਪ੍ਰੈਲ ਨੂੰ ਹੋਣੀ ਸੀ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿਚ ਅਨੰਤਨਾਗ ਲੋਕ ਸਭਾ ਸੀਟ ਦੇ ਇਕ ਹਿੱਸੇ ਵਿਚ ਵੀ ਵੋਟਾਂ ਪਈਆਂ ਜਿਥੇ ਤਿੰਨ ਗੇੜਾਂ ਵਿਚ ਚੋਣ ਹੋ ਰਹੀ ਹੈ।
ਉੜੀਸਾ, ਗੁਜਰਾਤ ਅਤੇ ਗੋਆ ਦੀਆਂ ਕੁੱਝ ਵਿਧਾਨ ਸਭਾ ਸੀਟਾਂ 'ਤੇ ਵੀ ਵੋਟਾਂ ਪਈਆਂ। ਗਰਮੀ ਅਚਾਨਕ ਵਧ ਜਾਣ ਦੇ ਬਾਵਜੂਦ ਯੂਪੀ ਵਿਚ ਦੁਪਹਿਰ ਤਕ 35 ਫ਼ੀ ਸਦੀ ਵੋਟਰਾਂ ਨੇ ਅਪਣੇ ਅਧਿਕਾਰ ਦੀ ਵਰਤੋਂ ਕੀਤੀ। ਤੀਜੇ ਦੌਰ ਵਿਚ ਲਗਭਗ 18.56 ਕਰੋੜ ਵੋਟਰ ਹਨ। ਦੇਸ਼ ਦੇ ਕਈ ਬੂਥਾਂ 'ਤੇ ਲੰਮੀਆਂ ਕਤਾਰਾਂ ਵੇਖੀਆਂ ਗਈਆਂ ਹਾਲਾਂਕਿ ਜੰਮੂ ਕਸ਼ਮੀਰ ਵਿਚ ਮਤਦਾਨ ਨੇ ਬਹੁਤਾ ਜ਼ੋਰ ਨਹੀਂ ਫੜਿਆ। ਕੇਰਲਾ ਦੇ ਮਤਦਾਨ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਵੇਖੀਆਂ ਗਈਆਂ ਜਿਨ੍ਹਾਂ ਵਿਚ ਭਾਰੀ ਗਿਣਤੀ ਵਿਚ ਔਰਤਾਂ, ਸੀਨੀਅਰ ਨਾਗਰਿਕ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੇ ਵੋਟ ਪਾਈ। ਹਾਈ ਪ੍ਰੋਫ਼ਾਈਲ ਵਾਇਨਾਡ ਸੀਟ 'ਤੇ ਵੀ ਵੋਟਾਂ ਪਈਆਂ ਜਿਥੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੈਦਾਨ ਵਿਚ ਹਨ।
ਮਸ਼ੀਨਾਂ 'ਚ ਖ਼ਰਾਬੀ, ਵੋਟਰ ਹੋਏ ਖੱਜਲ-ਖੁਆਰ :
ਵੱਖ-ਵੱਖ ਥਾਵਾਂ ਤੋਂ ਈਵੀਐਮ ਵਿਚ ਤਕਨੀਕੀ ਖ਼ਰਾਬੀ ਦੀਆਂ ਦੀ ਸ਼ਿਕਾਇਤਾਂ ਆਈਆਂ ਪਰ ਗੜਬੜ ਠੀਕ ਹੋਣ ਦੇ ਬਾਅਦ ਵੀ ਵੋਟਾਂ ਪੈਂਦੀਆਂ ਰਹੀਆਂ। ਕਰਨਾਟਕ ਦੇ 14 ਲੋਕ ਸਭਾ ਖੇਤਰਾਂ ਵਿਚ ਸਵੇਰੇ 11 ਵਜੇ ਤਕ 20.65 ਫ਼ੀ ਸਦੀ ਮਤਦਾਨ ਹੋਇਆ ਸੀ। ਗੁਜਰਾਤ ਵਿਚ 26 ਲੋਕ ਸਭਾ ਸੀਟਾਂ 'ਤੇ ਦੁਪਹਿਰ ਤਕ ਲਗਭਗ 25 ਫ਼ੀ ਸਦੀ ਮਤਦਾਨ ਹੋਇਆ। ਚੋਣ ਅਧਿਕਾਰੀ ਨੇ ਕਿਹਾ ਕਿ ਕੁੱਝ ਬੂਥਾਂ 'ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਤਕਨੀਕੀ ਖ਼ਰਾਬੀ ਦੀਆਂ ਸ਼ਿਕਾਇਤਾਂ ਸਨ। ਕਈ ਥਾਈਂ ਮਸ਼ੀਨਾਂ ਨੂੰ ਬਦਲ ਦਿਤਾ ਗਿਆ। ਛੱਤੀਸਗੜ੍ਹ ਵਿਚ ਸੱਤ ਸੀਟਾਂ 'ਤੇ ਦੁਪਹਿਰ ਤਕ 30 ਫ਼ੀ ਸਦੀ ਮਤਦਾਨ ਹੋਇਆ। ਈਵੀਐਮ ਖ਼ਰਾਬ ਹੋਣ ਕਾਰਨ ਬਿਹਾਰ ਦੇ ਖਗੜੀਆ ਦੇ ਦੋ ਮਤਦਾਨ ਕੇਂਦਰਾਂ ਅਤੇ ਝੰਝਾਪਰਪੁਰ ਦੇ ਤਿੰਨ ਬੂਥਾਂ 'ਤੇ ਮਤਦਾਨ ਰੁਕਿਆ ਰਿਹਾ। (ਏਜੰਸੀ)
ਮਤਦਾਨ ਦੌਰਾਨ ਮਹਿਲਾ ਵੋਟਰ ਦੀ ਮੌਤ :
ਰਾਏਗੜ੍ਹ : ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ਵਿਚ ਮਤਦਾਨ ਦੌਰਾਨ ਮਹਿਲਾ ਵੋਟਰ ਦੀ ਮੌਤ ਹੋ ਗਈ। ਜ਼ਿਲ੍ਹੇ ਦੇ ਚੋਣ ਅਧਿਕਾਰੀ ਨੇ ਦਸਿਆ ਕਿ ਰਾਏਗੜ੍ਹ ਜ਼ਿਲ੍ਹਾ ਮੁੱਖ ਦਫ਼ਤਰ ਵਿਚ ਅੱਜ ਸਵੇਰੇ ਤੀਜੇ ਗੇੜ ਦੇ ਮਤਦਾਨ ਦੌਰਾਨ ਆਦਿਵਾਸੀ ਮਹਿਲਾ ਵੋਟਰ ਦੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ 46 ਸਾਲਾ ਅੰਜੇਲਾ ਟੋਪੋ ਸਵੇਰੇ ਵੋਟ ਪਾਉਣ ਲਈ ਪੁਲਿਸ ਲਾਈਨ ਦੇ ਮਤਦਾਨ ਕੇਂਦਰ ਵਿਚ ਖਲੋਤੀ ਸੀ। ਇਸ ਦੌਰਾਨ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪਈ। ਉਨ੍ਹਾਂ ਦਸਿਆ ਕਿ ਔਰਤ ਨੂੰ ਤੁਰਤ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਰ ਵਾਲਿਆਂ ਮੁਤਾਬਕ ਉਹ ਬੀਮਾਰ ਸੀ। ਔਰਤ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮ ਦੀ ਪਤਨੀ ਸੀ।