ਮੋਦੀ ਨੇ ਬਣਾ ਦਿਤੈ 'ਬੇਰਹਿਮ ਨਵਾਂ ਭਾਰਤ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਅਲਵਰ ਵਿਚ ਨੌਜਵਾਨ ਅਕਬਰ ਖ਼ਾਨ ਉਰਫ਼ ਰਕਬਰ ਦੀ ਕਥਿਤ ਤੌਰ 'ਤੇ ਭੀੜ ਵਲੋਂ ਕੁੱਟ-ਕੁੱਟ ਕੇ ਹਤਿਆ ਦੇ ਮਾਮਲੇ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ.............

Rahul Gandhi

ਨਵੀਂ ਦਿੱਲੀ : ਰਾਜਸਥਾਨ ਦੇ ਅਲਵਰ ਵਿਚ ਨੌਜਵਾਨ ਅਕਬਰ ਖ਼ਾਨ ਉਰਫ਼ ਰਕਬਰ ਦੀ ਕਥਿਤ ਤੌਰ 'ਤੇ ਭੀੜ ਵਲੋਂ ਕੁੱਟ-ਕੁੱਟ ਕੇ ਹਤਿਆ ਦੇ ਮਾਮਲੇ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਖ਼ਬਰ ਨੂੰ ਸਾਂਝੀ ਕਰਦੇ ਹੋਏ ਰਾਜਸਥਾਨ ਪੁਲਿਸ ਉੱਤੇ ਸਵਾਲ ਚੁੱਕੇ ਅਤੇ ਪ੍ਰਧਾਨ ਮੰਤਰੀ ਮੋਦੀ ਉਤੇ ਤਿੱਖਾ ਹਮਲਾ ਬੋਲਿਆ ਹੈ। ਵਿਰੋਧੀ ਧਿਰ ਨੇ ਸੋਮਵਾਰ ਨੂੰ ਸੰਸਦ ਵਿਚ ਵੀ ਅਲਵਰ ਮਾਮਲਾ ਚੁਕਿਆ ਅਤੇ ਕੇਂਦਰ ਉੱਤੇ ਨਿਸ਼ਾਨਾ ਲਾਇਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ''ਅਲਵਰ ਵਿਚ ਪੁਲਿਸ ਵਾਲਿਆਂ ਨੇ ਭੀੜ ਵਲੋਂ ਕਤਲ ਦੇ ਸ਼ਿਕਾਰ ਅਕਬਰ ਖ਼ਾਨ ਨੂੰ ਸਿਰਫ਼ 6 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹਸਪਤਾਲ ਪਹੁੰਚਾਉਣ

ਵਿਚ 3 ਘੰਟੇ ਲਾਏ, ਜਦਕਿ ਪੀੜਤ ਮਰਨ ਕਿਨਾਰੇ ਸੀ। ਕਿਉਂ?'' ਉਨ੍ਹਾਂ ਇਕ ਵਿਅੰਗਮਈ ਤਰੀਕੇ ਨਾਲ ਇਸ ਮਾਮਲੇ ਤੇ ਗੁੱਸਾ ਪ੍ਰਗਟਾਉਂਦੇ ਹੋਏ ਕਿਹਾ ਕਿ 'ਰਸਤੇ ਵਿਚ ਕੀ ਉਨ੍ਹਾਂ ਨੇ ਟੀ-ਬ੍ਰੇਕ ਵੀ ਲਿਆ???' ਉਨ੍ਹਾਂ ਅੱਗੇ ਲਿਖਿਆ ਕਿ ਇਹ ਮੋਦੀ ਦਾ 'ਬੇਰਹਿਮ ਨਵਾਂ ਭਾਰਤ' ਹੈ, ਜਿਥੇ ਮਨੁੱਖਤਾ ਦੀ ਥਾਂ ਨਫ਼ਰਤ ਨੇ ਲੈ ਲਈ ਹੈ ਅਤੇ ਲੋਕਾਂ ਨੂੰ ਏਨੀ ਬੁਰੀ ਤਰ੍ਹਾਂ ਪੈਰਾਂ ਹੇਠ ਕੁਚਲਿਆ ਜਾ ਰਿਹਾ ਹੈ, ਮਰਨ ਲਈ ਛਡਿਆ ਜਾ ਰਿਹਾ ਹੈ। ਦੂਜੇ ਪਾਸੇ ਰਾਹੁਲ ਗਾਂਧੀ ਦੀ ਇਸ ਟਿਪਣੀ ਲਈ ਉਨ੍ਹਾਂ 'ਤੇ ਨਿਸ਼ਾਨਾ ਲਾਉਂਦਿਆਂ ਭਾਜਪਾ ਆਗੂ ਪੀਯੂਸ਼ ਗੋਇਲ ਨੇ ਉਨ੍ਹਾਂ ਨੂੰ 'ਨਫ਼ਰਤ ਦਾ ਸੌਦਾਗਰ' ਦਸਿਆ

ਅਤੇ ਉਨ੍ਹਾਂ 'ਤੇ ਚੋਣ ਫ਼ਾਇਦੇ ਲਈ ਸਮਾਜ ਨੂੰ ਵੰਡਣ ਦਾ ਦੋਸ਼ ਲਾਇਆ। ਉਨ੍ਹਾਂ ਅਪਣੇ ਟਵੀਟ 'ਚ ਕਿਹਾ, ''ਕੋਈ ਵੀ ਅਪਰਾਧ ਹੋਣ 'ਤੇ ਹਰ ਵਾਰੀ ਖ਼ੁਸ਼ੀ ਨਾਲ ਟੱਪਣਾ ਛੱਡ ਦਿਉ ਸ੍ਰੀਮਾਨ ਰਾਹੁਲ ਗਾਂਧੀ। ਸੂਬੇ ਨੇ ਪਹਿਲਾਂ ਹੀ ਸਖ਼ਤ ਅਤੇ ਤੁਰਤ ਕਾਰਵਾਈ ਦਾ ਭਰੋਸਾ ਦਿਤਾ ਹੈ। ਤੁਸੀ ਚੋਣ ਫ਼ਾਇਦੇ ਲਈ ਹਰ ਸੰਭਵ ਤਰੀਕੇ ਨਾਲ ਸਮਾਜ ਨੂੰ ਵੰਡਦੇ ਹੋ ਅਤੇ ਫਿਰ ਮਗਰਮੱਛ ਦੇ ਹੰਝੂ ਵਹਾਉਂਦੇ ਹੋ। ਬਹੁਤ ਹੋ ਗਿਆ। ਤੁਸੀਂ ਨਫ਼ਰਤ ਦੇ ਸੌਦਾਗਰ ਹੋ।'' ਕਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਰਾਹੁਲ ਗਾਂਧੀ 'ਤੇ 'ਗਿਰਝ ਸਿਆਸਤ' ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਕੋਈ ਵੀ ਅਜਿਹੀ ਘਟਨਾ ਨਹੀਂ ਹੁੰਦੀ

ਜਦੋਂ ਉਹ ਚੋਣ ਫ਼ਾਇਦੇ ਲਈ ਸਮਾਜਕ ਬੰਧਨ ਨੂੰ 'ਤੋੜਨ' ਦੀ ਕੋਸ਼ਿਸ਼ ਨਹੀਂ ਕਰਦੇ। ਲੋਕ ਸਭਾ ਵਿਚ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨੇ ਵੀ ਅਲਵਰ ਭੀੜ ਵਲੋਂ ਕਤਲ ਮਾਮਲੇ ਨੂੰ ਲੈ ਕੇ ਮੋਦੀ ਸਰਕਾਰ ਉਤੇ ਗੰਭੀਰ ਇਲਜ਼ਾਮ ਲਗਾਏ ਹਨ। ਖੜਗੇ ਨੇ ਕਿਹਾ ਕਿ ਸਰਕਾਰ ਦੇਸ਼ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਵਿਚ ਹਾਲਾਤ ਚੰਗੇ ਬਣਨ।

ਮੁਸਲਮਾਨ ਆਗੂ ਅਸਾਦੁਦੀਨ ਓਵੈਸੀ ਨੇ ਵੀ ਰਾਜਸਥਾਨ ਪੁਲਿਸ ਉੱਤੇ ਹਮਲਾ ਬੋਲਦੇ ਹੋਏ ਉਸ ਦੇ ਹਿੰਸਕ ਗਊ ਰਕਸ਼ਕਾਂ ਨਾਲ ਗਠਜੋੜ ਦਾ ਇਲਜ਼ਾਮ ਲਾਇਆ ਹੈ। ਅਲਵਰ ਕਾਂਡ 'ਤੇ ਓਵੈਸੀ ਨੇ ਕਿਹਾ, ''ਰਾਜਸਥਾਨ ਪੁਲਿਸ ਦੀ ਕਰਤੂਤ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਹੋਈ, ਉਨ੍ਹਾਂ ਪਹਿਲੂ ਖਾਨ ਕਤਲ ਕੇਸ ਵਿਚ ਵੀ ਅਜਿਹਾ ਹੀ ਕੀਤਾ ਸੀ।'' ਉਨ੍ਹਾਂ ਕਿਹਾ ਕਿ ਰਾਜਸਥਾਨ ਪੁਲਿਸ ਗਊ ਰਕਸ਼ਕਾਂ ਦੀ ਹਮਾਇਤ ਕਰ ਰਹੀ ਹੈ। (ਏਜੰਸੀਆਂ)

Related Stories