ਸਿਸੋਦੀਆ, 'ਆਪ' ਵਿਧਾਇਕ ਸਾਲ 2014 ਦੇ ਪ੍ਰਦਰਸ਼ਨ ਮਾਮਲੇ ਵਿਚ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਅਦਾਲਤ ਨੇ ਸਾਲ 2014 ਵਿਚ ਤਿਹਾੜ ਜੇਲ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਮਾਮਲੇ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ..........

Manish Sisodia

ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਸਾਲ 2014 ਵਿਚ ਤਿਹਾੜ ਜੇਲ ਦੇ ਬਾਹਰ ਪ੍ਰਦਰਸ਼ਨ ਕਰਨ ਦੇ ਮਾਮਲੇ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਆਪ ਵਿਧਾਇਕ ਅਮਾਨਤੁਲਾਹ ਅਤੇ ਸੰਜੀਵ ਝਾਅ ਤੇ ਹੋਰਾਂ ਨੂੰ ਸਨਿਚਰਵਾਰ ਨੂੰ ਦੋਸ਼ਮੁਕਤ ਕਰ ਦਿਤਾ। ਜੱਜ ਸਮਰ ਵਿਸ਼ਾਲ ਨੇ ਮੁਲਜ਼ਮਾਂ ਨੂੰ ਰਾਹਤ ਦਿੰਦਿਆਂ ਕਿਹਾ ਕਿ ਮੁਲਜ਼ਮਾਂ ਵਿਰੁਧ ਦੋਸ਼ਪੱਤਰ ਦਾਖ਼ਲ ਕਰਨ ਵਿਚ ਬਿਨਾਂ ਕਿਸੇ ਵਾਜਬ ਕਾਰਨ ਚਾਰ ਸਾਲ ਦੀ ਦੇਰੀ ਹੋਈ। ਅਦਾਲਤ ਨੇ ਆਪ ਆਗੂਆਂ ਦੇ ਵਕੀਲ ਮੁਹੰਮਦ ਇਰਾਸ਼ਾਦ ਦੀਆਂ ਇਨ੍ਹਾਂ ਦਲੀਲਾਂ 'ਤੇ ਗ਼ੌਰ ਕੀਤਾ ਕਿ ਅਜਿਹਾ ਕੋਈ ਦੋਸ਼ ਨਹੀਂ ਹੈ ਕਿ ਮੁਲਜ਼ਮਾਂ ਵਿਚੋਂ ਕੋਈ ਵੀ ਮਾਮਲੇ ਵਿਚ ਫ਼ਰਾਰ ਹੋਇਆ ਜਾਂ ਲੁਕਿਆ।

ਨਾਲ ਹੀ ਅਦਾਲਤ ਨੇ ਕਿਹਾ ਕਿ ਪੁਲਿਸ ਰੀਕਾਰਡ ਮੁਤਾਬਕ ਘਟਨਾ ਦੇ ਕੁੱਝ ਹੀ ਦਿਨਾਂ ਅੰਦਰ ਮੁਢਲੀ ਜਾਂਚ ਪੂਰੀ ਹੋ ਗਈ ਸੀ। ਇਹ ਮਾਮਲਾ ਤਦ ਦਾ ਹੈ ਜਦ ਭਾਜਪਾ ਆਗੂ ਨਿਤਿਨ ਗਡਕਰੀ ਦੁਆਰਾ ਦਾਖ਼ਲ ਮਾਣਹਾਨੀ ਦੇ ਮਾਮਲੇ ਵਿਚ ਜ਼ਮਾਨਤ ਬਾਂਡ ਭਰਨ ਤੋਂ ਇਨਕਾਰ ਕਰਨ 'ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਸੀ ਜਿਸ ਮਗਰੋਂ ਆਪ ਵਿਧਾਇਕਾਂ, ਕਾਰਕੁਨਾਂ ਸਮੇਤ ਹੋਰ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ। ਇਸ ਮਾਮਲੇ ਵਿਚ ਆਪ ਵਿਧਾਇਕਾਂ ਅਤੇ ਕਾਰਕੁਨਾਂ ਸਮੇਤ 59 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ। ਜੇਲ ਦੇ ਬਾਹਰ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋਈ ਸੀ।  (ਏਜੰਸੀ)