ਸੀਬੀਆਈ ਮਾਮਲਾ : ਭ੍ਰਿਸ਼ਟਾਚਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਡੀਐਸਪੀ ਤੋਂ ਬਾਅਦ ਅਸਥਾਨਾ ਵੀ ਪਹੁੰਚੇ HC

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਜਾਂਚ ਏਜੰਸੀ ਦੇ ਹੀ...

Asthana arrives HC after DSP arrested in graft case

ਨਵੀਂ ਦਿੱਲੀ (ਭਾਸ਼ਾ) : ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ  ਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਜਾਂਚ ਏਜੰਸੀ ਦੇ ਹੀ ਡੀਐਸਪੀ ਦਿਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿਵੇਂਦਰ ਕੁਮਾਰ ਨੇ ਇਸ ਗ੍ਰਿਫ਼ਤਾਰੀ ਦੇ ਖ਼ਿਲਾਫ਼ ਦਿੱਲੀ ਹਾਈਕੋਰਟ ਦਾ ਦਰਵਾਜਾ ਖੜਕਾਇਆ ਜਿਸ ‘ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਸੀਬੀਆਈ ਨੇ ਕੋਰਟ ਦੇ ਸਾਹਮਣੇ ਸਾਰੇ ਸਬੂਤ ਰੱਖਦੇ ਹੋਏ ਦਿਵੇਂਦਰ ਦੀ ਹਿਰਾਸਤ ਮੰਗੀ।

ਦੂਜੇ ਪਾਸੇ ਮਾਮਲੇ ਵਿਚ ਦੋਸ਼ ਦੇ ਘੇਰੇ ‘ਚ ਫਸੇ ਰਾਕੇਸ਼ ਅਸਥਾਨਾ ਨੇ ਵੀ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਅਪਣੀ ਅਰਜ਼ੀ ਵਿਚ ਅਸਥਾਨਾ ਨੇ ਖ਼ੁਦ ਦੇ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਰੋਧਕ ਕਾਰਵਾਈ ਨਾ ਕੀਤੀ ਜਾਵੇ। ਪੂਰੇ ਘਟਨਾਕਰਮ ਤੋਂ ਬਾਅਦ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ਵਿਚ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।

ਧਿਆਨ ਯੋਗ ਹੈ ਕਿ ਸੋਮਵਾਰ ਨੂੰ ਸੀਬੀਆਈ ਨੇ ਅਪਣੇ ਹੀ ਦਫਤਰ ਵਿਚ ਛਾਪੇਮਾਰੀ ਕਰ ਕੇ ਦਿਵੇਂਦਰ ਕੁਮਾਰ  ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਗ੍ਰਿਫ਼ਤਾਰੀ ਦੇ ਖਿਲਾਫ ਦਿਵੇਂਦਰ ਨੇ ਹਾਈਕੋਰਟ ਵਿਚ ਅਪਣੀ ਅਰਜ਼ੀ ਦਿਤੀ ਹੈ। ਸੀਬੀਆਈ ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਦੱਸਿਆ ਸੀ ਕਿ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ, ਏਜੰਸੀ ਦੇ ਅਧਿਕਾਰੀ ਦਿਵੇਂਦਰ ਕੁਮਾਰ, ਰਿਸ਼ਵਤ ਦੇਣ ਵਿਚ ਭੂਮਿਕਾ ਨਿਭਾਉਣ ਵਾਲੇ ਕਾਮਦੇਵ ਪ੍ਰਸਾਦ ਅਤੇ ਉਸ ਦੇ ਭਰਾ ਸੋਮੇਸ਼ ਦੇ ਖ਼ਿਲਾਫ਼ 15 ਅਕਤੂਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ।

ਮਾਮਲੇ ਵਿਚ ਖ਼ੁਫ਼ੀਆ ਸੰਗਠਨ ਰਾਅ ਦੇ ਵਿਸ਼ੇਸ਼ ਨਿਰਦੇਸ਼ਕ ਸਾਮੰਤ ਕੁਮਾਰ  ਗੋਇਲ ਦਾ ਨਾਮ ਵੀ ਦਰਜ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਮੁਲਜ਼ਮ ਨਹੀਂ ਬਣਾਇਆ ਗਿਆ ਹੈ। ਸੀਬੀਆਈ ਨੇ ਅਸਥਾਨਾ ਅਤੇ ਕਈ ਹੋਰਾਂ ਦੇ ਖ਼ਿਲਾਫ਼ ਕਥਿਤ ਤੌਰ ‘ਤੇ ਮਾਸ ਨਿਰਯਾਤਕ ਮੋਇਨ ਕੁਰੈਸ਼ੀ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਐਤਵਾਰ ਨੂੰ ਐਫਆਈਆਰ ਦਰਜ ਕੀਤੀ ਸੀ। ਦੱਸ ਦਈਏ ਕਿ ਕੁਰੈਸ਼ੀ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।

ਸੀਬੀਆਈ ਦਾ ਇਲਜ਼ਾਮ ਹੈ ਕਿ ਦਸੰਬਰ 2017 ਅਤੇ ਅਕਤੂਬਰ 2018 ਦੇ ਵਿਚ ਘੱਟ ਤੋਂ ਘੱਟ ਪੰਜ ਵਾਰ ਰਿਸ਼ਵਤ ਦਿਤੀ ਗਈ। ਸ਼ਨੀਵਾਰ ਨੂੰ ਇਸ ਸਿਲਸਿਲੇ ਵਿਚ ਦਿਵੇਂਦਰ ਦੇ ਦਿੱਲੀ ਸਥਿਤ ਘਰ ‘ਤੇ ਛਾਪੇਮਾਰੀ ਵੀ ਕੀਤੀ ਗਈ। ਇਹ ਮੁਕੱਦਮੇ ਸਤੀਸ਼ ਸਾਨਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤੇ ਗਏ ਹਨ। ਸਾਨਾ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਨਾਲ ਸਬੰਧਤ ਮਾਮਲੇ ਵਿਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ।