ਟਰੰਪ ਦਾ ਭਾਰਤ ਦੌਰਾ ਅੱਜ ਤੋਂ, ਸੁਰੱਖਿਆ ਦੇ ਲਾਮਿਸਾਲ ਪ੍ਰਬੰਧ
ਅਹਿਮਦਾਬਾਦ 'ਚ ਰੋਡ ਸ਼ੋਅ ਦੌਰਾਨ 10 ਹਜ਼ਾਰ ਪੁਲਿਸ ਮੁਲਾਜ਼ਮ ਤੈਨਾਤ ਰਹਿਣਗੇ
22 ਕਿਲੋਮੀਟਰ ਲੰਮਾ ਹੋਵੇਗਾ ਰੋਡ ਸ਼ੋਅ, 25 ਆਈਪੀਐਸ ਅਧਿਕਾਰੀ ਕਰਨਗੇ ਦੇਖ-ਰੇਖ
ਅਮਰੀਕੀ ਤੇ ਭਾਰਤੀ ਸੁਰੱਖਿਆ ਏਜੰਸੀਆਂ ਦੇ ਸੈਂਕੜੇ ਅਧਿਕਾਰੀ ਤੈਨਾਤ
ਅਹਿਮਦਾਬਾਦ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਦੋ ਦਿਨਾ ਭਾਰਤ ਦੌਰੇ ਨੂੰ ਵੇਖਦਿਆਂ ਅਹਿਮਾਦਬਾਦ ਵਿਚ ਸੁਰੱਖਿਆ ਦੇ ਜ਼ਬਰਦਸਤ ਪ੍ਰਬੰਧ ਕੀਤੇ ਗਏ ਹਨ ਅਤੇ ਗੁਜਰਾਤ ਦੇ ਵੱਖ ਵੱਖ ਹਿੱਸਿਆਂ ਤੋਂ 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਸ਼ਹਿਰ ਵਿਚ ਅਹਿਮ ਥਾਵਾਂ 'ਤੇ ਤੈਨਾਤ ਕੀਤਾ ਗਿਆ ਹੈ।
ਅਮਰੀਕਾ ਦੀ ਸੀਕ੍ਰੇਟ ਸਰਵਿਸ ਦੇ ਅਧਿਕਾਰੀ ਅਤੇ ਭਾਰਤ ਦੇ ਕੌਮੀ ਸੁਰੱਖਿਆ ਗਾਰਡ ਤੇ ਵਿਸ਼ੇਸ਼ ਸੁਰੱਖਿਆ ਸਮੂਹ ਵੀ ਅਮਰੀਕੀ ਰਾਸ਼ਟਪਰਤੀ ਦੀ ਯਾਤਰਾ ਦੀ ਸੁਰੱਖਿਆ ਵਿਚ ਤੈਨਾਤ ਰਹਿਣਗੇ। ਸੀਕ੍ਰੇਟ ਸਰਵਿਸ ਦੇ ਏਜੰਟ ਅਮਰੀਕੀ ਸੁਰੱਖਿਆ ਮੁਲਾਜ਼ਮਾਂ ਨਾਲ ਪਿਛਲੇ ਇਕ ਹਫ਼ਤੇ ਦੌਰਾਨ ਘੱਟੋ ਘੱਟ ਚਾਰ ਜਹਾਜ਼ਾਂ ਵਿਚ ਅਪਣੇ ਉਪਕਰਨਾਂ ਤੇ ਵਾਹਨਾਂ ਨਾਲ ਪਹੁੰਚੇ ਹੋਏ ਹਨ।
ਟਰੰਪ ਤੇ ਮੋਦੀ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 22 ਕਿਲੋਮੀਟਰ ਦੇ ਰੋਡ ਸ਼ੋਅ ਵਿਚ ਹਿੱਸਾ ਲੈਣਗੇ ਤੇ ਫਿਰ ਸ਼ਹਿਰ ਦੇ ਮੋਟੇਰਾ ਇਲਾਕੇ ਵਿਚ ਨਵੇਂ ਬਣੇ ਸਰਦਾਰ ਪਟੇਲ ਸਟੇਡੀਅਮ ਵਿਚ 'ਨਮਸਤੇ ਟਰੰਪ' ਪ੍ਰੋਗਰਾਮ ਵਿਚ ਜਾਣਗੇ ਜਿਥੇ ਇਕ ਲੱਖ ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਰਸਤੇ ਵਿਚ ਕਿਸੇ ਵੀ ਸ਼ੱਕੀ ਡਰੋਨ ਨੂੰ ਤਬਾਹ ਕਰਨ ਲਈ ਡਰੋਨ ਵਿਰੋਧੀ ਤਕਨੀਕ ਦੀ ਵਰਤੋਂ ਕਰੇਗੀ।
ਰੋਡ ਸ਼ੋਅ ਦੇ ਰਸਤੇ 'ਤੇ ਐਨਐਸਜੀ ਦੀ ਸਨਾਈਪਰ ਵਿਰੋਧੀ ਟੀਮ ਵੀ ਤੈਨਾਤ ਰਹੇਗੀ। ਰੋਡ ਸ਼ੋਅ ਹਵਾਈ ਅੱਡੇ ਤੋਂ ਸ਼ੁਰੂ ਹੋ ਕੇ ਇੰਦਰਾ ਪੁਲ ਤੋਂ ਲੰਘਦਿਆਂ ਮੋਟੇਰਾ ਸਟੇਡੀਅਮ ਤਕ ਚੱਲੇਗਾ। ਬੰਬ ਵਿਰੋਧੀ ਦਸਤੇ ਨੇ ਆਧੁਨਿਕ ਹਥਿਆਰਾਂ ਨਾਲ ਪੂਰੇ ਰਸਤੇ ਦੀ ਕਈ ਵਾਰ ਜਾਂਚ ਕੀਤੀ ਹੈ।
ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਵੀ 100 ਤੋਂ ਵੱਧ ਵਾਹਨਾਂ ਦੀ ਮਦਦ ਨਾਲ ਰੋਡ ਸ਼ੋਅ ਦੇ ਪੂਰੇ ਰਸਤੇ 'ਤੇ ਅਭਿਆਸ ਕੀਤਾ ਹੈ। ਪੁਲਿਸ ਮੁਲਾਜ਼ਮਾਂ ਦੀ ਅਗਵਾਈ 25 ਆਈਪੀਐਸ ਅਧਿਕਾਰੀ ਕਰਨਗੇ। ਉਨ੍ਹਾਂ ਨਾਲ ਰੈਪਿਡ ਐਕਸ਼ਨ ਫ਼ੋਰਸ, ਰਾਜ ਰਿਜ਼ਰਵ ਬਲ, ਚੇਤਕ ਕਮਾਂਡੋ ਅਤੇ ਅਤਿਵਾਦੀ ਵਿਰੋਧੀ ਫ਼ੋਰਸ ਵੀ ਅਹਿਮ ਥਾਵਾਂ 'ਤੇ ਤੈਨਾਤ ਰਹਿਣਗੇ।