ਪ੍ਰਚਾਰ ਮੰਤਰੀ ਨਹੀਂ, ਪ੍ਰਧਾਨ ਮੰਤਰੀ ਚਾਹੀਦੈ: ਅਖਿਲੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ ਸਰਹੱਦ 'ਤੇ ਸੱਭ ਤੋਂ ਵੱਧ ਸ਼ਹੀਦ ਕਰਵਾਏ ਫ਼ੌਜੀ

Akhilesh Yadav

ਹਰਦੋਈ : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਸਵੱਛ ਭਾਰਤ ਯੋਜਨਾ ਲਈ ਪੈਦਾ ਇਕੱਠਾ ਕਰਨ ਦਾ ਦੋਸ਼ ਲਗਾਉਂਦਿਆਂ ਬੁਧਵਾਰ ਨੂੰ ਕਿਹਾ ਕਿ ਦੇਸ਼ ਨੂੰ ਪ੍ਰਚਾਰ ਮੰਤਰੀ ਨਹੀਂ ਬਲਕਿ ਪ੍ਰਧਾਨ ਮੰਤਰੀ ਚਾਹੀਦਾ ਹੈ। ਉਤਰ ਪ੍ਰਦੇਸ਼ ਦੇ ਹਰਦੋਈ ਵਿਚ ਕਰਵਾਈ ਗਈ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨੇ ਸਵੱਛ ਭਾਰਤ ਤਹਿਤ ਝਾੜੂ ਲਗਾਉਣ ਲਈ ਪਤਾ ਨਹੀਂ ਕਿੰਨਾ ਪੈਸਾ ਇਕੱਠਾ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਤਰ ਪ੍ਰਦੇਸ਼ ਮੁੱਖ ਮੰਤਰੀ ਨੇ ਵੀ ਝਾੜੂ ਲਗਾਏ। ਹੁਣ ਦਸੋ ਕਿ ਕੂੜਾ ਖ਼ਤਮ ਹੋ ਗਿਆ? ਕਿਥੇ ਹੈ ਕੂੜਾ? ਭਾਜਪਾ ਦੇ ਦਿਮਾਗ਼ ਵਿਚ ਹੈ ਕੂੜਾ।

ਉਨ੍ਹਾਂ ਕਿਹਾ ਕਿ ਭਾਜਪਾ ਦੀ ਗੱਲ ਬਾਥਰੂਮ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਉਥੇ ਹੀ ਖ਼ਤਮ ਹੋ ਜਾਂਦੀ ਹੈ। ਉਨ੍ਰਾਂ ਕਿਹਾ, 'ਭਾਜਪਾ ਕਹਿੰਦੀ ਹੈ ਕਿ ਗਠਜੋੜ ਦੇਸ਼ ਨੂੰ ਮਜ਼ਬੂਤ ਪ੍ਰਧਾਨ ਮੰਤਰੀ ਨਹੀਂ ਦੇ ਸਕਦਾ। ਅਸੀਂ ਭਰੋਸਾ ਦੁਆਉਣਾ ਚਾਹੁੰਦੇ ਹਾਂ ਕਿ ਜਦ-ਜਦ ਵੀ ਲੋੜ ਪਈ ਹੈ, ਦੇਸ਼ ਨੂੰ ਗਠਜੋੜ ਨੇ ਮਜ਼ਬੂਤ ਅਤੇ ਸ਼ਾਨਦਾਰ ਪ੍ਰਧਾਨ ਮੰਤਰੀ ਦਿਤੇ ਹਨ। ਦੇਸ਼ ਨੂੰ ਪ੍ਰਚਾਰ ਮੰਤਰੀ ਨਹੀਂ ਬਲਕਿ ਪ੍ਰਧਾਨ ਮੰਤਰੀ ਚਾਹੀਦਾ ਹੈ।' ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿਚ ਸਰਹੱਦਾਂ ਅਸੁਰੱਖਿਅਤ ਹੋਈਆਂ ਹਨ। ਇਕ ਦੇ ਬਦਲੇ ਦੁਸ਼ਮਨ ਫ਼ੌਜੀਆਂ ਦੇ 10 ਸਿਰ ਲਿਆਉਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਏ ਮੋਦੀ ਨੇ ਸਰਹੱਦ 'ਤੇ ਸੱਭ ਤੋਂ ਜ਼ਿਆਦਾ ਜਵਾਨਾਂ ਨੂੰ ਸ਼ਹੀਦ ਕਰਵਾ ਦਿਤਾ।

ਭਾਜਪਾ ਅਤੇ ਕਾਂਗਰਸ ਦੋਹਾਂ 'ਤੇ ਸ਼ਬਦੀ ਹਮਲੇ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਇਕ ਪਾਰਟੀ ਕਹਿ ਰਹੀ ਹੈ ਯੋਜਨਾ ਕਮਿਸ਼ਨ ਖ਼ਰਾਬ ਹੈ ਅਤੇ ਦੂਜੀ ਪਾਰਟੀ ਕਹਿ ਰਹੀ ਹੈ ਕਿ ਨੀਤੀ ਕਮਿਸ਼ਨ ਖ਼ਰਾਬ ਹੈ ਪਰ ਉਹ ਕਹਿੰਦੇ ਹਨ ਕਿ ਲੋਕਾਂ ਨੂੰ ਪੜ੍ਹਾ-ਲਿਖਾ ਦਿਉ, ਗ਼ਰੀਬ ਅਪਣੇ ਘਰ ਵਿਚ ਬਾਥਰੂਮ ਖ਼ੁਦ ਹੀ ਬਣਾ ਲੈਣਗੇ। ਉਨ੍ਹਾਂ ਕਿਹਾ ਕਿ ਸਪਾ, ਬਸਪਾ ਅਤੇ ਰਾਲੋਦ ਵਿਚਾਲੇ ਹੋਇਆ ਗਠਜੋੜ ਦੇਸ਼ ਵਿਚ ਬਦਲਾਅ ਲਿਆਉਣ ਦਾ ਕੰਮ ਕਰ ਰਿਹਾ ਹੈ। ਇਹ ਗਠਜੋੜ ਗ਼ਰੀਬਾਂ ਅਤੇ ਪਿੰਡਾਂ ਵਿਚ ਰਹਿਣ ਵਾਲਿਆ ਦਾ ਹੈ। 

ਵਿਰੋਧੀਆਂ ਨੂੰ ਧਮਕਾਉਣ 'ਚ ਭਰੋਸਾ ਕਰਦੀ ਹੈ ਕਾਂਗਰਸ : ਕਾਨਪੁਰ ਵਿਚ ਇਕ ਚੋਣ ਰੈਲੀ ਦੌਰਾਨ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਾਂਗਰਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸਿਆਸੀ ਵਿਰੋਧੀਆਂ ਨੂੰ ਧਮਕਾਉਣ ਵਿਚ ਭਰੋਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋ ਉਨ੍ਹਾਂ ਦਾ ਕਾਂਗਰਸ ਨਾਲ ਗਠਜੋੜ ਸੀ ਤਾਂ ਉਨ੍ਹਾਂ ਵੇਖਿਆ ਕਿ ਕਾਂਗਰਸ ਦਾ ਹੰਕਾਰ ਕਾਫ਼ੀ ਵੱਡਾ ਹੈ। ਸਮਾਜਵਾਦੀ ਪਾਰਟੀ ਨੇ ਸਾਲ 2017 ਵਿਚ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਗਠਜੋੜ ਕੀਤਾ ਸੀ ਪਰ ਬਾਅਦ ਵਿਚ ਉਸ ਲੋਕ ਸਭਾ ਜ਼ਿਮਨੀ ਚੋਣ ਲਈ ਬਸਪਾ ਅਤੇ ਰਾਲੋਦ ਨਾਲ ਹੱਥ ਗਠਜੋੜ ਕਰ ਲਿਆ ਸੀ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਨੋਟਬੰਦੀ ਦਾ ਜਵਾਬ ਵੋਟਬੰਦੀ ਨਾਲ ਦੋਵੇ ਕਿਉਂਕਿ ਨੋਟਬੰਦੀ ਨੇ ਦੇਸ਼ ਦੇ ਅਰਥਚਾਰੇ ਨੂੰ ਬਰਬਾਦ ਕਰ ਦਿਤਾ ਹੈ।