ਰਾਖਵੇਂਕਰਨ ਦੇ ਮੁੱਦੇ 'ਤੇ ਮੋਦੀ ਕਰ ਰਹੇ ਹਨ ਦੇਸ਼ ਨੂੰ ਗੁੰਮਰਾਹ: ਮਾਇਆਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਰਾਖਵੇਂਕਰਨ ਦੇ ਮੁੱਦੇ ‘ਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਹਨ।

Mayawati

ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਰਾਖਵੇਂਕਰਨ ਦੇ ਮੁੱਦੇ ‘ਤੇ ਦੇਸ਼ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਹਨ। ਮਾਇਆਵਤੀ ਨੇ ਬੁੱਧਵਾਰ ਨੂੰ ਇਸ ਦੇ ਸਬੰਧ ਵਿਚ ਇਕ ਟਵੀਟ ਕੀਤਾ ਹੈ। ਉਹਨਾਂ ਨੇ ਟਵੀਟ 'ਤੇ  ਲਿਖਿਆ ਕਿ ਪੀਐਮ ਮੋਦੀ ਵੱਲੋਂ ਰਾਖਵੇਂਕਰਨ ‘ਤੇ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਾਰੀ ਹੈ ਕਿ ਇਸ ਨੂੰ ਖਤਮ ਨਹੀਂ ਕੀਤਾ ਜਾਵੇਗਾ।

ਮਾਇਆਵਤੀ ਨੇ ਕਿਹਾ ਕਿ ਅਸਲ ਵਿਚ ਇਹ ਮੋਦੀ ਦੀ ਇਕ ਹੋਰ ਗੱਪ ਹੈ ਕਿਉਂਕਿ ਕਾਂਗਰਸ ਦੀ ਤਰ੍ਹਾਂ ਇਨ੍ਹਾਂ ਦੇ ਸ਼ਾਸਨਕਾਲ ਵਿਚ ਵੀ ਐਸਸੀ/ ਐਸਟੀ/ਓਬੀਸੀ ਰਾਖਵੇਂਕਰਨ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਦਿੱਤਾ ਗਿਆ ਹੈ। ਮਾਇਆਵਤੀ ਨੇ ਸਵਾਲ ਕੀਤਾ ਕਿ ਇਸ ਤੋਂ ਇਲਾਵਾ ਦਲਿਤਾਂ, ਆਦਿਵਾਸੀਆਂ ਅਤੇ ਓਬੀਸੀ ਵਰਗਾਂ ਲਈ ਸਰਕਾਰੀ ਨੌਕਰੀਆਂ ਵਿਚ ਰਾਖਵੀਆਂ ਲੱਖਾਂ ਅਸਾਮੀਆਂ ਨੂੰ ਨਾ ਭਰ ਕੇ, ਲੋਕਾਂ ਦਾ ਹੱਕ ਮਾਰਨ ਦਾ ਕੰਮ ਭਾਜਪਾ ਦੀ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ? ਉਹਨਾਂ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਇਸ ਦਾ ਹਿਸਾਬ ਦੇਣ।

ਬਸਪਾ ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਨੂੰ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਸੀ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਨਰੇਂਦਰ ਮੋਦੀ ਯੂਪੀ ਵਿਚ ਘੁੰਮ ਕੇ ਕਹਿ ਰਹੇ ਹਨ ਕਿ ਯੂਪੀ ਨੇ ਉਹਨਾਂ ਨੂੰ ਦੇਸ਼ ਦਾ ਪੀਐਮ ਬਣਾਇਆ ਹੈ ਜੋ ਕਿ ਸਹੀ ਹੈ ਪਰ ਉਹਨਾਂ ਨੇ ਯੂਪੀ ਦੀ 22 ਕਰੋੜ ਜਨਤਾ ਨਾਲ ਵਿਸ਼ਵਾਸ਼ ਘਾਤ ਕਿਉਂ ਕੀਤਾ ਹੈ? ਮਾਇਆਵਤੀ ਨੇ ਕਿਹਾ ਕਿ ਜੇਕਰ ਯੂਪੀ ਮੋਦੀ ਨੂੰ ਪੀਐਮ ਬਣਾ ਸਕਦਾ ਹੈ ਤਾਂ ਉਹ ਉਹਨਾਂ ਨੂੰ ਉਸੇ ਕੁਰਸੀ ਤੋਂ ਉਤਾਰ ਵੀ ਸਕਦਾ ਹੈ ਜਿਸਦੀ ਪੂਰੀ ਤਿਆਰੀ ਦੇਖਣ ਨੂੰ ਮਿਲ ਰਹੀ ਹੈ।